'ਗ਼ੁਲਾਮਗਿਰੀ', 'ਭਾਰਤੀ ਲੋਕ ਨੀਚ ਕਿਵੇਂ ਬਣੇ' ਅਤੇ 'ਬਾਨਾਰਸਿ ਕੇ ਠੱਗ' ਦੇ ਲਿਖਾਰੀ, ਪ੍ਰੋ ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ
'ਭਾਰਤੀ ਲੋਕ ਨੀਚ ਕਿਵੇਂ ਬਣੇ', 'ਬਾਨਾਰਸਿ ਕੇ ਠੱਗ', 'ਗ਼ੁਲਾਮਗਿਰੀ', 'ਸੰਘਰਸ਼ ਜਾਰੀ ਹੈ', 'ਝੂਠ ਨਾ ਬੋਲ ਪਾਂਡੇ', 'ਖੌਲਦਾ ਮਹਾਸਾਗਰ', 'ਮੈਂ ਹਿੰਦੂ ਨਹੀਂ ਮਰੂੰਗਾ', 'ਧਰਮਯੁੱਧ' ਸਮੇਤ 30 ਕਿਤਾਬਾਂ ਦੇ ਉੱਘੇ ਲਿਖਾਰੀ, ਪ੍ਰੋ ਗੁਰਨਾਮ ਸਿੰਘ ਮੁਕਤਸਰ 71 ਸਾਲ ਦੀ ਉਮਰ ਵਿਚ ਚੜ੍ਹਾਈ ਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਪੰਜਾਬ ਦੇ ਜ਼ਿਲ੍ਹਾ ਮੁਕਤਸਰ 'ਚ ਪੈਂਦੇ ਪਿੰਡ ਧੂਰਕੋਟ ਰਣਸ਼ੀਂਹ ਵਿਖੇ ਕਰਤਾਰ ਸਿੰਘ ਰਾਗੀ ਦੇ ਘਰ 26 ਅਕਤੂਬਰ 1947 ਨੂੰ ਜਨਮੇ ਗੁਰਨਾਮ ਸਿੰਘ ਨੇ ਉੱਚ- ਵਿੱਦਿਆ ਹਾਸਲ ਕੀਤੀ ਅਤੇ ਦਲਿਤ ਭਾਈਚਾਰੇ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਆਪ ਨੇ ਪੰਜਾਬ ਦੇ ਵੱਖ- ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਨ ਸੇਵਾਵਾਂ ਨਿਭਾਈਆਂ ਅਤੇ ਸਦਾ ਹੀ ਸੰਘਰਸ਼ ਵਿੱਚ ਰਹੇ । ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਪ੍ਰੋ ਗੁਰਨਾਮ ਸਿੰਘ ਮੁਕਤਸਰ ਆਪਣੀ ਦਲੀਲ ਰਾਹੀਂ ਡੂੰਘਾ ਅਸਰ ਰੱਖਣ ਦੇ ਸਮਰੱਥ ਸਨ। ਉਹ ਸਦਾ ਜਾਤੀਵਾਦੀ, ਫਾਸ਼ੀਵਾਦੀ ਅਤੇ ਮਨੂੰਵਾਦੀ ਸੋਚ ਦਾ ਜ਼ੋਰਦਾਰ ਵਿਰੋਧ ਕਰਦੇ ਰਹੇ। ਪ੍ਰੋ ਗੁਰਨਾਮ ਸਿੰਘ ਮੁਕਤਸਰ ਦਾ ਵਿਛੋੜਾ ਪੀਡ਼ਤ ਧਿਰਾਂ ਲਈ ਵੱਡਾ ਘਾਟਾ ਹੈ। ਪ੍ਰੋਫ਼ੈਸਰ ਗੁਰਨਾਮ ਸਿੰਘ ਦੇ ਕਥਨ, ਟਿੱਪਣੀਆਂ ਅਤੇ ਖੋਜਕਾਰਜ ਹਮੇਸ਼ਾ ਹੀ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾਉਂਦੇ ਰਹਿਣਗੇ। ਪ੍ਰੋਫ਼ੈਸਰ ਗੁਰਨਾਮ ਸਿੰਘ ਮੁਕਤਸਰ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕੁਝ ਕਾਵਿ ਲਿਖਤਾਂ ਦੀ ਸਾਂਝ ਪਾ ਰਹੇ ਹਾਂ ;
1) ਤਸੀਂ ਸੋਚਦੇ ਹੋ ਕਿ ਮੈਂ ਹਾਰ ਜਾਊਂਗਾ
ਦੁਨਿਆਂ ਤੋਂ ਹੋ ਕੇ
ਬੇਜਾਰ ਜਾਊਂਗਾ।
ਸ਼ਾਇਦ ਤੁਸੀਂ ਮੇਰੀ ਮਿੱਟੀ ਨਹੀਂ ਪਛਾਣੀ
ਮੇਰੀ ਮਿੱਟੀ ਹੀ ਹੈ ਮੇਰੇ ਸੱਚ ਦੀ ਕਹਾਣੀ।
ਮੇਰੇ ਚੁੰਘੇ ਦੁੱਧ ਦਾ ਰਕਤ ਬੜਾ
ਨਿਰਮਲ ਜੇਹਾ ਹੈ
ਮੇਰੀਏ ਰਗਾਂ ਦਾ ਖੂਨ ਮੇਰੀ ਫਿਤਰਤ ਜੇਹਾ ਹੈ।
ਕਿਸੇ ਦਾ ਬੇਈਮਾਨ ਮਨ ਸਾਡਾ ਕੀ ਵਿਗਾੜੇਗਾ
ਆਪਣੀ ਖੁਦਗਰਜੀ ਦਾ ਢਾਲਾ ਵੀ ਕੀ ਉਤਾਰੇਗਾ।
ਮੇਰੇ ਸਮਾਜ ਦਾ ਦਰਦ ਬਹੁਤ ਗਹਿਰਾ ਹੈ
ਝੂਠੀ ਰਾਜਨੀਤੀ ਦਾ ਢੰਗ ਗੁੰਗਾ ਬੋਲਾ ਤੇ ਬਹਿਰਾ ਹੈ।
ਦੌੜੋਗੇ ਇਹ ਤਿੰਨ ਟੰਗੀ ਦੌੜ ਕਿੱਥੋਂ ਤੱਕ
ਇਸ ਜੀਵਨ ਨੂੰ ਕਰੋਗੇ ਚੌੜ
ਕਿੱਥੋਂ ਤੱੱਕ।
ਰੱਬ ਟਟੀਹਰੀ ਦੀਆਂ ਲੱਤਾਂ ਤੇ
ਨਹੀਂ ਖੜ੍ਹਾ
ਨਾ ਧਰਤੀ ਨੂੰ ਹੈ
ਮੀਣਿਆਂ ਮੌਲਿਆਂ ਦਾ ਸਦੈਵ ਆਸਰਾ।
ਭਰਮ ਦੇ ਢਿੱਡ ਵਿੱਚ ਜਦੋਂ ਖਾਬ ਪੱਤ ਬਣ ਜਾਵੇ
ਜਮੀਰਾਂ ਦਾ
ਕਿਰਦਾਰ ਵੀ ਅਸਲੋਂ ਬਦਲ ਜਾਵੇ।
ਤਖਤੋ ਤਾਜਾਂ ਦੀ ਚਮਕ ਵੀ ਮੁਲੰਮਾ ਹੁੰਦੀ ਹੈ
ਝੂਠ ਦੀ ਜਿਵੇਂ ਪੂਜਾ ਅਰਚਣਾ
ਹੁੰਦੀ ਹੈ।
ਕਿਤੇ ਮਿੱਟੀ ਸੋਨਾ ਬਣ ਜਾਵੇ
ਕਿਤੇ ਸੋਨਾ ਮਿੱਟੀ
ਆਦਮੀਂ ਦੀ ਖਸਲਤ ਕਿਤੇ ਅੱਛਾਈ ਤੇ ਕਿਤੇ ਬਦੀ ਨਾਲ
ਪਈ ਹੈ ਅੱਟੀ।
ਮੱਤ ਸੋਚਣਾ ਕਿ ਇਹ ਜਿਉਂਦਾ ਹਾਰ ਜਾਵਾਂਗਾ
ਜਦ ਵੀ ਜਾਵਾਂਗਾ
ਧਰਤੀ ਦਾ ਸੀਨਾ
ਠਾਰ ਕੇ ਜਾਵਾਂਗਾ।
2) ਰੋਕੋ ਨਾ ਵਹਿਣ
ਤੇ ਜੀਵਨ ਚਾਲ
ਅਜੇ ਤਾਂ ਫੱਟੀ
ਬੜੀ ਅਧੂਰੀ ਹੈ।
ਡੁੱਬ ਜਾਏ ਸੂਰਜ
ਛੁਪ ਜਾਣ ਤਾਰੇ
ਸੁੱਕ ਜਾਣ ਸਾਗਰ
ਕੀ ਮਜਬੂਰੀ ਹੈ।
ਕਦਮਾਂ ਦਾ ਚੱਲਣਾ
ਵਾਟਾਂ ਦਾ ਵਗਣਾ
ਬਾਗਾਂ ਦਾ ਖਿੜਨਾ
ਬੜਾ ਜਰੂਰੀ ਹੈ।
ਧਰਤੀ ਦਾ ਘੁੰਮਣ
ਹਰਿਆਲੀ ਦਾ ਮਹਿਕਣ
ਚਿੜੀਆਂ ਦਾ ਚਹਿਕਣ
ਜੁਗਨੂੰਆਂ ਦਾ ਟਹਿਕਣ
ਜਿਉਂ ਪੂਰਬ ਸੰਧੂਰੀ ਹੈ।
ਖਿੜਨਗੇ ਰੰਗ ਬੜੇ
ਬੂਹਿਆਂ ਤੇ ਜੋ ਆਣ ਖੜ੍ਹੇ
ਉਂਗਲਾਂ ਨੇ ਜੋ ਫੜੇ ਪੜ੍ਹੇ
ਜੁੱਤੀ ਕਸੂਰੀ ਇਹ ਪੈਰਾਂ ਨੂੰ ਪੂਰੀ ਹੈ।
ਹੱਥ ਫੜ ਰੱਖਣਾ
ਬਾਂਹ ਫੜ ਰੱਖਣਾ
ਸ਼ਬਦਾਂ ਦੇ ਤਾਰੇ ਤੇ
ਦੌੜਦੇ ਭੱਜਦੇ
ਝਨਾਂ ਫੜ ਰੱਖਣਾ
ਧਰਤੀ ਸਵਾਰਨਾ
ਖੁਸ਼ੀਆਂ ਖਿੰਡਾਰਨਾ
ਸੁੱਚੇ ਜੀਵਨ ਦੀ
ਏਹੋ ਮਗਰੂਰੀ ਹੈ।
ਤੇਰਾ ਇਹ ਸੁਪਨਾ
ਮੇਰਾ ਇਹ ਸੁਪਨਾ
ਇਸ ਧਰਤੀ ਦਾ ਸੁਪਨਾ
ਘਰ ਘਰ ਦਾ ਸੁਪਨਾ
ਤੇਰਾ ਮੇਰਾ ਸਭ ਦਾ
ਆਪਣਾ
ਇਹ ਖੌਲਦਾ ਸੁਪਨਾ
ਇਹ ਮੌਲਦਾ ਸੁਪਨਾ
ਨਾ ਟੁੱਟ ਨਾ ਦੂਰੀ ਹੈ
ਅਤਿ ਸੁੰਦਰ ਹੈ ਪੂਰੀ ਹੈ।
3)ਰੋਕ ਕੇ ਰੱਖੋ ਸੂਰਜ
ਕਿ ਰਾਤ ਨਾ ਹੋ ਜਾਏ
ਖੋਲ੍ਹ ਕੇ ਰੱਖੋ ਅੱਖਾਂ
ਕਿ ਰਾਵਣ ਦੀ ਮੌਤ ਤੇ
ਹਾਰ ਗਏ ਲੰਕਾ ਦੀ
ਬਾਤ ਨਾ ਹੋ ਜਾਏ।
ਅਨੇਕਾਂ ਆਏ ਭਵੀਖਣ
ਤੇ ਗੱਦਾਰਾਂ ਦੀ ਮੌਤ ਮਰ ਗਏ
ਸੋਨੇ ਚ ਮੜ੍ਹੀ ਪੁਰਖਿਆਂ ਦੀ ਲੰਕਾ
ਹਵਾਲੇ ਦੁਸ਼ਮਣ ਦੇ ਕਰ ਗਏ।
ਜੰਗਲ ਪਾਰ ਕਰਕੇ ਪੁੱਜੇ ਹਾਂ
ਸਿੰਘਾਸਣ ਦੇ ਆਸ ਪਾਸ
ਅਸਾਂ ਨੂੰ ਨਾ ਅਜਾਦੀ ਆਈ ਰਾਸ
ਨਾ ਗੁਲਾਮੀ ਆਈ ਰਾਸ।
ਯੋਧੇ ਤਾਂ ਪੈਦਾ ਹੋਏ ਹਰ ਯੁੱਗ ਵਿੱਚ
ਮਰਵਾ ਘੱਤੇ ਗੱਦਾਰਾਂ ਤੇ ਗੁਲਾਮਾਂ ਨੇ
ਜਦੋਂ ਵੀ ਸੂਰਮੇਂ ਵੜੇ ਜੰਗ ਦੇ ਮੈਦਾਨਾਂ ਵਿੱਚ
ਹੱਡੀਆਂ ਤੱਕ ਚੱਬ ਛੱਡੀਆਂ ਸ਼ਤਾਨਾਂ ਨੇ।
ਹਰ ਸਦੀ ਨੇ ਪੈਦਾ ਕੀਤੇ ਗੋਬਿੰਦ ਬੁੱਧ
ਨਾ ਦੁਸ਼ਮਣ ਮੁਕੇ ਨਾ ਰੁਕੇ ਕਦੀ ਯੁੱਧ।
ਲੋਕ ਜੋ ਹੋ ਗੲੇ ਬੇਗੈਰਤ ਮੱਤ ਹੀਣ
ਸ਼ਬਦ ਮਿਲੇ ਵੀ ਤਾਂ ਲੱਗੇ ਰਹੇ ਗੋਬਰ ਖਾਣ ਮੂਤਰ ਪੀਣ।
ਵਰ੍ਹਦਾ ਰਿਹਾ ਅਗਿਆਨਤਾ ਦਾ ਹਨ੍ਹੇਰਾ
ਨਾ ਮੁੱਕੀ ਕਾਲੀ ਰਾਤ ਨਾ ਪਰਤਿਆ ਸਵੇਰਾ।
ਬੇਚੈਨੀ ਰਹੇ ਜਿਨ੍ਹਾਂ ਨੂੰ ਨੀਂਦ ਨਾ ਆਈ
ਉਠਾਉਂਦੇ ਰਹੇ ਰਾਤ ਦਿਨ ਪਾਉਂਦੇ
ਦੁਹਾਈ
ਕਹਿਰ ਵਰਤਦੇ ਗੲੇ ਨਾ ਰੁਕੇ ਕਦੀ
ਮਚਲਿਆਂ ਤੇ ਸੁੱਤਿਆਂ ਨੂੰ ਨਾ ਜਾਗ ਆਈ।
ਬਦਲੇ ਹਨ ਵਕਤ ਧਰਤੀ ਨੇ ਲਈ
ਕਰਵਟ
ਦੁਸ਼ਮਣ ਵੀ ਆਦਮਬੋ ਕਰਦਾ ਆ ਰਿਹਾ ਸਰਪਟ
ਭੈਅ ਨਾਲ ਖਾਲੀ ਹਨ ਮੇਲੇ ਤੇ ਪਨਘਟ
ਬੇਖ਼ਬਰ ਹੋ ਸੁੱਤਿਉ ਉੱਠੋ ਖੜ੍ਹੋ ਝੱਟਪੱਟ।
ਵਰਤ ਗੲੇ ਸਮੇਂ ਨੇ ਮੁੜ ਨਹੀਂ
ਆਉਣਾ
ਫਿਰ ਕਿਸਨੇ ਸੁਣਨਾ ਕਿਸਨੂੰ ਸੁਣਾਉਣਾ
ਘਰੌਦਿਆਂ ਚ ਥੋਡੇ ਭੂਤਨੇ ਨੱਚਿਆ ਕਰਨਗੇ
ਬਣਕੇ ਰਹਿ ਜਾਉਗੇ ਮਹਿਜ਼ ਹੱਥਾਂ ਦਾ ਖਿਡੌਣਾ।
ਇਹ ਜੋਂ ਸੁਰਖੀਆਂ ਬਿੰਦੀਆਂ ਤੇ
ਸਾੜੀਆਂ ਚ ਸੱਜੀਆਂ
ਯੁਗਾਂ ਤੋਂ ਬਾਦ ਪਕਵਾਨ ਖਾਣ ਲੱਗੀਆਂ
ਕਾਜੂਆਂ ਪਿਸਤਿਆਂ ਅਖਰੋਟ ਬਦਾਮਾਂ ਨਾਲ ਰੱਜੀਆਂ
ਰੱਬ ਘਰਾਂ ਤੇ ਲੋਭੀਆਂ ਦੀ ਪੂਜਾ ਚ
ਰੁੱਝੀਆਂ
ਗਿਣਿਆ ਕਰਨਗੀਆਂ ਮਲੀਆਂ
ਹੋਈਆਂ ਹੱਡੀਆਂ।
ਬਦਲਿਆ ਹੈ ਬੰਦਾ ਬਦਲੇ ਨੇ ਤੌਰ
ਪਰ ਘਰਾਂ ਦੀਆਂ ਕਬਰਾਂ ਤੇ ਬੈਠੇ ਨੇ ਮਜੌਰ
ਮਨ ਦੀਆਂ ਸੁੰਨ ਮਸਾਣਾਂ ਚੋਂ ਜੇ ਗੁਆਚ ਗੲੇ ਜੌਹਰ
ਮੋਇਆਂ ਨੂੰ ਪੁੱਛਣਗੇ ਪਸ਼ੂ ਪੰਛੀ
ਜਨੌਰ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
singhnewscanada@gmail.com
604-825-1550