ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਵਿਛੋੜਾ ਵੱਡਾ ਜ਼ਖ਼ਮ ਦੇ ਗਿਆ
ਮੈਨੂੰ ਨਹੀਂ ਸੀ ਪਤਾ ਉਹ ਪੱਕਾ ਭਾਊ ਹੈ, ਅੰਬਰਸਰੀਆ। 24 ਕੈਰਿਟ ਸ਼ੁੱਧ ਟਕਸਾਲੀ ਗਾਇਕ।
ਉਸ ਦੇ ਪਿਤਾ ਜੀ ਸਃ ਨੱਥਾ ਸਿੰਘ ਸ਼ਾਸਤਰੀ ਸੰਗੀਤ ਦੇ ਗੂੜ੍ਹ ਗਿਆਤਾ ਸਨ। ਉਹ ਆਪਣਾ ਜੀਵਨ ਨਿਰਬਾਹ ਕੀਰਤਨ ਸੇਵਾ ਤੇ ਸ਼ਾਸਤਰੀ ਸੰਗੀਤ ਸਿਖਾਉਣ ਰਾਹੀਂ ਕਰਦੇ ਸਨ। ਦਿੱਲੀ ਦੇ ਗੁਰਦੁਆਰਾ ਕਾਲਕਾ ਜੀ ਵਿੱਚ ਉਹ ਕੀਰਤਨ ਸੇਵਾ ਲੰਮਾ ਸਮਾਂ ਨਿਭਾਉਂਦੇ ਰਹੇ। ਇਸੇ ਕਾਰਨ ਭੁਪਿੰਦਰ ਨੂੰ ਹਿੰਦੂ ਕਾਲਿਜ ਦਿੱਲੀ ਵਿੱਚ ਪੜ੍ਹਨ ਦਾ ਇਤਫ਼ਾਕ ਹੋਇਆ।
ਉਹ ਆਕਾਸ਼ਵਾਣੀ ਨਵੀਂ ਦਿੱਲੀ ਅਤੇ ਦੂਰਦਰਸ਼ਨ ਦਿੱਲੀ ਲਈ ਵੀ ਗਾਉਂਦੇ ਰਹੇ ਜਿਥੋਂ ਉਨ੍ਹਾਂ ਨੂੰ ਫਿਲਮਾਂ ਦੇ ਸੰਗੀਤਕਾਰ ਮਦਨ ਮੋਹਨ ਨੇ ਸੁਣਿਆ ਤੇ ਬੰਬਈ ਬੁਲਾ ਲਿਆ। ਉਸ ਨੂੰ ਹਕੀਕਤ ਫ਼ਿਲਮ ਵਿੱਚ ਇੱਕ ਗੀਤ ਗਾਉਣ ਦਾ ਮੌਕਾ 1964 ਚ ਮਿਲਿਆ।
ਟੋਰੰਟੋ ਵੱਸਦੇ ਸੰਗੀਤ ਪਾਰਖੂ ਵੀਰ ਇਕਬਾਲ ਮਾਹਲ ਨੇ ਵੀ ਚਿੰਗਾਰੀ ਨਾਮ ਹੇਠ ਭੂਪਿੰਦਰ ਤੇ ਦਿਲਰਾਜ ਕੌਰ ਦੀ ਆਵਾਜ਼ ਵਿੱਚ ਐੱਲ ਪੀ ਰੀਕਾਰਡ ਕੀਤਾ। ਇਸ ਵਿੱਚ ਓਟਵਾ ਰਹਿੰਦੇ ਉਰਦੂ ਕਵੀ ਰੌਸ਼ਨ ਪੁਖ਼ਰਾਜ ਜੀ ਦੀਆਂ ਗ਼ਜ਼ਲਾਂ ਸਨ। ਇਹ ਰੀਕਾਰਡ ਬਹੁਤ ਘੱਟ ਵਿਕਿਆ ਪਰ ਸਗੀਤ ਦੀ ਉੱਚਤਮ ਪੇਸ਼ਕਾਰੀ ਹੈ। ਸੰਗੀਤ ਸ ਮਹਿੰਦਰ ਜੀ ਦਾ ਸੀ। ਭੁਪਿੰਦਰ ਜਦ ਕਦੇ ਕੈਨੇਡਾ ਜਾਂਦਾ ਤਾਂ ਟੋਰੰਟੋ ਚ ਬਹੁਤੀ ਵਾਰ ਇਕਬਾਲ ਮਾਹਲ ਕੋਲ ਠਹਿਰਦਾ। ਉਦਾਸ ਹੋਇਆ ਇਕਬਾਲ ਦੱਸਦਾ ਹੈ ਕਿ ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ ਅਸਲ ਵਿੱਚ ਭੁਪਿੰਦਰ ਸਿੰਘ ਨੇ ਹੀ ਗਾਇਆ ਸੀ, ਜਗਜੀਤ ਸਿੰਘ ਨੇ ਬਾਦ ਵਿੱਚ ਉਸ ਨੂੰ ਡੱਬ ਕੀਤਾ।
ਇਕਬਾਲ ਆਖਦਾ ਹੈ ਭੁਪਿੰਦਰ ਬੇਪ੍ਰਵਾਹ ਦਰਿਆ ਸੀ। ਪੈਸੇ ਦਾ ਗੁਲਾਮ ਨਹੀਂ ਸੀ ਬਹੁਤੇ ਵਪਾਰਕ ਗਵੱਈਆਂ ਵਾਂਗ।
ਬੰਬਲਾ ਦੇਸ਼ ਦੀ ਜੰਮੀ ਜਾਈ ਗਾਇਕਾ ਮਿਤਾਲੀ ਸਿੰਘ ਨਾਲ ਉਸ ਦੀ ਸ਼ਾਦੀ 1983 ਚ ਹੋਈ। ਉਸ ਦਾ ਪੁੱਤਰ ਨਿਹਾਲ ਸਿੰਘ ਵੀ ਚੰਗਾ ਸੰਗੀਤਕਾਰ ਦੱਸਦੇ ਨੇ।
ਮੇਰੀ ਵੀਹ ਪੱਚੀ ਕੁ ਸਾਲ ਪਹਿਲਾਂ ਉਸ ਵੱਡੇ ਵੀਰ ਨਾਲ ਸਾਰਥਕ ਮਿਊਜ਼ਿਕ ਵਾਲੇ ਸਃ ਭੁਪਿੰਦਰ ਸਿੰਘ ਰਾਹੀਂ ਭੁਪਿੰਦਰ ਸਿੰਘ ਨਾਲ ਮੁਲਾਕਾਤ ਹੋਈ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਸੰਗੀਤ ਦਰਬਾਰ ਵਿੱਚ।
ਮੈਂ ਹਿੰਦੀ ਚ ਗੱਲ ਕਰਨੀ ਚਾਹੀ, ਇਹ ਸਮਝ ਕੇ ਕਿ ਉਹ ਕੋਈ ਗੈਰ ਪੰਜਾਬੀ ਹੈ।
ਭੁਪਿੰਦਰ ਵੀਰ ਨੇ ਸ਼ੁੱਧ ਮਾਝੇ ਦੀ ਜ਼ਬਾਨ ਚ ਉੱਤਰ ਮੋੜਿਆ,
ਭਾਅ ਕੀ ਹੋ ਗਿਆ, ਮੇਰਾ ਪੰਜਾਬ ਮੇਰੇ ਨਾਲ ਹੁਣ ਹਿੰਦੀ ਚ ਗੱਲ ਕਰੂ?
ਮੈਂ ਛਿੱਥਾ ਪੈ ਗਿਆ। ਮੈਂ ਦੱਸਿਆ ਕਿ ਮੈਂ ਵੀ ਬਟਾਲੇ ਨੇੜਿਉਂ ਹਾਂ ਬਸੰਤਕੋਟ ਤੋਂ। ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ ਤੇ ਬੋਲਿਆ, ਭਾਅ ਸ਼ਿਵ ਕੁਮਾਰ ਦਾ ਗਿਰਾਈਂ? ਹੈਂ ਨਾ।
ਮੈਂ ਹਾਮੀ ਭਰੀ ਤਾਂ ਉਹ ਖਿੜ ਗਿਆ। ਭੁਪਿੰਦਰ ਸਿੰਘ ਗ਼ਜ਼ਲ ਗਾਇਕ ਜਗਜੀਤ ਸਿੰਘ ਤੋਂ ਵੀ ਪਹਿਲਾਂ ਬੰਬਈ ਵਿੱਚ ਸੰਘਰਸ਼ ਕਰ ਰਿਹਾ ਸੀ। ਉਹ ਭੂਪੇਂਦਰ ਦੇ ਨਾਮ ਨਾਲ ਮਸ਼ਹੂਰ ਹੋਇਆ।
ਗੱਲਾਂ ਗੱਲਾਂ ਚ ਉਸ ਦੱਸਿਆ ਕਿ ਉਹ ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦਾ ਚੋਣਵਾਂ ਗਾਇਨ ਰੀਕਾਰਡ ਕਰਵਾ ਰਿਹੈ, ਜੀਵਨ ਸਾਥਣ ਮਿਤਾਲੀ ਸਿੰਘ ਨਾਲ ਮਿਲ ਕੇ।
ਕੁਝ ਚਿਰ ਬਾਦ ਉਹ ਸੀ ਡੀ ਆ ਗਈ ਸੀ। ਹੁਣ ਯੂ ਟਿਊਬ ਚ ਲੱਭ ਜਾਂਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਦਾ ਜਵਾਨੀ ਵੇਲੇ ਨੇੜੂ ਵੀ ਸੀ। ਉਸ ਨਾਲ ਇਕਰਾਰ ਸੀ ਕਿ ਕਦੇ ਮੈਂ ਵੀ ਲੂਣਾ ਗਾਵਾਂਗਾ। ਗਾ ਕੇ ਇਕਰਾਰ ਪੂਰਾ ਕੀਤਾ ਹੈ, ਮੁਹੱਬਤ ਦਾ ਅਣਲਿਖਿਆ ਇਕਰਾਰਨਾਮਾ।
ਭੁਪਿੰਦਰ ਸਿੰਘ ਨੇ ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ ਕੇ ਗ਼ਜ਼ਲਾਂ ਗਾਈਆਂ।
ਉਸ ਦੀ ਆਵਾਜ਼ ਵਿੱਚ ਧਰਤੀ ਦੀ ਹੂਕ ਸੀ ਤੇ ਅੰਬਰ ਦੀ ਗੂੰਜ। ਉਹ ਮੁਕੰਮਲ ਗਾਇਕ ਸੀ ਪਰ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਵਾਲਾ। ਕਿਸੇ ਦੀ ਅਧੀਨਗੀ 82 ਸਾਲ ਦੀ ਉਮਰ ਤੀਕ ਪ੍ਰਵਾਨ ਨਹੀਂ ਕੀਤੀ। ਸਿਦਕ ਸਵਾਸਾਂ ਨਾਲ ਨਿਭਾਇਆ ਵੱਡੇ ਵੀਰ ਨੇ।
ਉਸ ਦੇ ਗਾਏ ਇਹ ਬੋਲ ਰੂਹ ਚ ਗੂੰਜ ਰਹੇ ਨੇ।
ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ
ਗਰ ਯਾਦ ਰਹੇ।
ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ
ਹੋ ਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ।
ਅੱਜ ਦਿਨ ਚੜ੍ਹਦੇ ਸਾਰ ਉਸ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਆਹ ਕੀ?
ਵੱਡੇ ਵੀਰ ਨਾਲ ਵੀਹ ਪੱਚੀ ਸਾਲ ਪਹਿਲਾਂ ਖਿਚਵਾਈ ਇਹ ਤਸਵੀਰ ਅੱਜ ਮੈਨੂੰ ਬਹੁਤ ਉਦਾਸ ਕਰ ਗਈ ਹੈ।
ਵੱਡੇ ਭਾਅ ਨੂੰ ਸਲਾਮ!
ਗੁਰਭਜਨ ਗਿੱਲ
19.7.2022