ਵਰਧਾ ਯੂਨੀਵਰਸਿਟੀ ਵਿਖੇ ਨਿੰਦਰ ਘੁਗਿਆਣਵੀ ਦੀ 'ਰੈਜੀਡੈਂਟ ਰਾਈਟਰ' ਚੇਅਰ 'ਤੇ ਹੋਈ ਨਿਯੁਕਤੀ
ਚੰਡੀਗੜ੍ਹ, 21 ਜਨਵਰੀ 2023 - ਮਹਾਂਰਾਸ਼ਟਰ ਦੇ ਵਰਧਾ ਵਿਖੇ ਸਥਾਪਿਤ ਮਹਾਤਮਾ ਗਾਂਧੀ ਅੰਤਰ-ਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਉਘੇ ਵਾਰਤਕਕਾਰ ਤੇ ਸ਼ਰੋਮਣੀ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਨੂੰ ਰੈਜੀਡੈਂਟ ਐਂਡ ਰਾਈਟਰ ਚੇਅਰ ਲਈ (ਵਿਜਟਿੰਗ ਪ੍ਰੋਫੈਸਰ) ਨਿਯੁਕਤ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਮਾਣ ਪਹਿਲੀ ਵਾਰ ਇਸ ਚੇਅਰ ਲਈ ਕਿਸੇ ਪੰਜਾਬੀ ਲੇਖਕ ਨੂੰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਸਿਟੀ ਦੇ ਰਜਿਸਟਰਾਰ ਡਾ ਨਵਾਬ ਕਾਦਰ ਖਾਨ ਨੇ ਦੱਸਿਆ ਕਿ ਨਿੰਦਰ ਘੁਗਿਆਣਵੀ ਯੂਨੀਵਰਸਿਟੀ ਰਹਿੰਦਿਆਂ ਸਾਹਿਤ ਤੇ ਕਲਾ ਬਾਰੇ ਦੋ ਕਿਤਾਬਾਂ ਲਿਖਣ ਦੇ ਨਾਲ ਨਾਲ ਹਿੰਦੀ ਸਾਹਿਤ ਵਿਭਾਗ, ਪੱਤਰਕਾਰਤਾ, ਕਲਾ ਤੇ ਸਭਿਆਚਾਰ ਅਤੇ ਪਰਵਾਸੀ ਸਾਹਿਤ ਵਿਭਾਗ ਦੇ ਵਿਦਿਆਰਥੀਆਂ ਲਈ ਲੈਕਚਰ ਵੀ ਦੇਣਗੇ ਤੇ ਯੂਨਿਵਰਸਿਟੀ ਵੱਲੋਂ ਉਨਾਂ ਦੀ ਆਤਮ ਕਥਾ ਹਿੰਦੀ ਪੁਸਤਕ 'ਮੈਂ ਸਾਂ ਜੱਜ ਦਾ ਅਰਦਲੀ' ਅਤੇ 'ਵੋ ਥਾ ਜੱਟ ਯਮਲਾ' ਦਾ ਮਰਾਠੀ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਜਾਏਗਾ।
ਇਹ ਵੀ ਪੜ੍ਹੋ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲ ਨੇ ਨਿੰਦਰ ਘੁਗਿਆਣਵੀ ਨੂੰ ਚੇਅਰ ਲਈ ਨਿਯੁਕਤੀ ਪੱਤਰ ਸੌਂਪਦਿਆਂ ਇਸ ਗੱਲ 'ਤੇ ਖੁਸ਼ੀ ਪਰਗਟਾਈ ਤੇ ਕਿਹਾ ਕਿ ਯੂਨੀਵਰਸਿਟੀ ਵਿਖੇ ਇਨਾਂ ਦੀ ਨਿਯੁਕਤੀ ਹੋਣ ਨਾਲ ਪੰਜਾਬੀ ਭਾਸ਼ਾ, ਤੇ ਕਲਾ ਨਾਲ ਸਬੰਧਿਤ ਸਰਗਰਮੀਆਂ ਦੀ ਸ਼ੁਰੂਆਤ ਹੋਵੇਗੀ, ਡਾ ਸ਼ੁਕਲਾ ਨੇ ਆਖਿਆ ਕਿ 47 ਸਾਲ ਦੀ ਉਮਰੇ 57 ਪੁਸਤਕਾਂ ਦੇ ਰਚਨਹਾਰੇ ਲੇਖਕ ਦੀਆਂ ਸਾਹਿਤਕ ਕਿਰਤਾਂ ਪ੍ਰਕਾਸ਼ਿਤ ਕਰਨਾ ਯੂਨਿਵਰਸਿਟੀ ਵਾਸਤੇ ਮਾਣ ਦੀ ਗੱਲ ਹੋਵੇਗੀ। ਵਰਨਣਯੋਗ ਹੈ ਕਿ ਸਮੇਂ ਸਮੇਂ ਇਸ ਚੇਅਰ ਉਤੇ ਹਿੰਦੀ ਦੇ 20 ਤੋਂ ਵਧ ਲੇਖਕ ਨਿਯੁਕਤ ਰਹੇ, ਜਿੰਨਾ ਵਿਚ ਉਘੇ ਨਾਟਕਕਾਰ ਪਦਮ ਵਿਭੂਸ਼ਣ ਹਬੀਬ ਤਨਵੀਰ ਵੀ ਸ਼ਾਮਿਲ ਸਨ।