ਪੰਜਾਬ ਕਲਾ ਪਰਿਸ਼ਦ ਨੇ ਨਾਵਲਕਾਰ ਨਾਨਕ ਸਿੰਘ ਨੂੰ ਯਾਦ ਕੀਤਾ
ਚੰਡੀਗੜ੍ਹ, 4 ਜੁਲਾਈ 2021 - ਪੰਜਾਬ ਨਾਵਲਕਾਰੀ ਦੇ ਬਾਬਾ ਬੋਹੜ ਨਾਨਕ ਸਿੰਘ ਦਾ ਅਜ ਜਨਮ ਦਿਨ ਹੈ ਤੇ ਇਸ ਮੌਕੇ ਪੰਜਾਬ ਕਲਾ ਪਰਿਸ਼ਦ ਸ੍ਰ ਨਾਨਕ ਸਿੰਘ ਨੂੰ ਯਾਦ ਕਰਦੀ ਹੋਈ ਉਨਾ ਦੇ ਸਮੁੱਚੇ ਸੂਰੀ ਪਰਿਵਾਰ ਨੂੰ ਵਧਾਈ ਦਿੰਦੀ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ੍ਰ ਨਾਨਕ ਸਿੰਘ ਦੇ ਨਾਵਲ ਉਨਾ ਦੇ ਪ੍ਰੇਰਨਾ ਸਰੋਤ ਰਹੇ ਤੇ ਸ਼ਬਦਾਂ ਨਾਲ ਮੁਢਲੀ ਸਾਂਝ ਉਨਾ ਦੇ ਨਾਵਲਾਂ ਨੇ ਪਾਈ। ਡਾ ਪਾਤਰ ਨੇ ਕਿਹਾ ਕਿ ਸ੍ਰ ਨਾਨਕ ਸਿੰਘ ਅਜ ਵੀ ਪੜੇ ਜਾਂਦੇ ਹਨ ਤੇ ਪੜੇ ਜਾਂਦੇ ਰਹਿਣਗੇ। ਉਨਾ ਕਿਹਾ ਕਿ ਇਹੋ ਜਿਹੇ ਕਲਮਕਾਰ ਕਈ ਕਈ ਪੀੜੀਆਂ ਵਾਸਤੇ ਪਰੇਰਨਾ ਬਣਦੇ ਹਨ। ਸ੍ਰ ਨਾਨਕ ਸਿੰਘ ਪੰਜਾਬੀ ਨਾਵਲਕਾਰ ਦੇ ਤੌਰ ਉਤੇ ਜਗਤ ਪ੍ਰਸਿੱਧ ਹੋਏ।
ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਸ੍ਰ ਨਾਨਕ ਸਿੰਘ ਨੇ ਸਿਰਫ ਆਪ ਹੀ ਸਾਹਿੱਤ ਸਿਰਜਣਾ ਨਹੀਂ ਕੀਤੀ ਬਲਕਿ ਆਪਣਾ ਪਰਿਵਾਰ ਵੀ ਕਲਾ ਦੇ ਇਸ ਖੇਤਰ ਵਿਚ ਪਾਇਆ। ਉਨਾ ਦੇ ਪੁੱਤਰਾਂ ਤੇ ਪੋਤਿਆਂ ਸਮੇਤ ਨੂੰਹ ਨੇ ਵੀ ਕਈ ਕਈ ਕਿਤਾਬਾਂ ਸਾਹਿਤ ਜਗਤ ਨੂੰ ਭੇਟ ਕੀਤੀਆਂ। ਡਾ ਯੋਗਰਾਜ ਅਨੁਸਾਰ ਕਿ ਸ੍ਰ ਨਾਨਕ ਸਿੰਘ ਕਲਾ ਤੇ ਕਲਾ ਨੂੰ ਸਮਰਪਿਤ ਕਲਮਕਾਰ ਸਨ ਤੇ ਉਨਾ ਆਪਣਾ ਸਮੁਚਾ ਆਪਾ ਸਾਹਿਤ ਦੇ ਲੇਖੇ ਲਾਇਆ।
ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਨਾਨਕ ਸਿੰਘ ਦੇ ਨਾਵਲ ਕਿਤਾਬੀ ਰੂਪ ਵਿਚ ਤਾਂ ਅਣਗਿਣਤ ਪਾਠਕਾਂ ਦੇ ਹੱਥਾਂ ਵਿਚ ਗਏ ਸਗੋਂ ਨਾਲ ਨਾਲ ਉਨਾ ਦੇ ਨਾਵਲਾਂ ਉਤੇ ਲਘੂ ਫਿਲਮਾਂ ਵੀ ਬਣੀਆਂ ਤੇ ਰੇਡੀਓ ਰੂਪਾਂਤਰ ਵੀ ਹੋਏ ਤੇ ਲੱਖਾਂ ਲੋਕਾਂ ਵਲੋਂ ਦੇਖੇ ਸੁਣੇ ਗਏ। ਡਾ ਜੌਹਲ ਨੇ ਕਿਹਾ ਕਿ ਉਨਾ ਨੇ ਸਵੈ ਜੀਵਨੀ, ਯਾਦਾਂ, ਸਫਰਨਾਮਾ ਤੇ ਯਾਦਗਾਰੀ ਕਹਾਣੀਆਂ ਵੀ ਲਿਖੀਆਂ, ਜੋ ਪਾਠਕਾਂ ਕੋਲ ਲਾਇਬ੍ਰੇਰੀਆਂ ਵਿਚ ਸੁਰੱਖਿਅਤ ਹਨ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰ ਨਾਨਕ ਸਿੰਘ ਨੂੰ ਅਜ ਪੰਜਾਬ ਕਲਾ ਪਰਿਸ਼ਦ ਸ਼ਰਧਾਂਜਲੀ ਭੇਟ ਕਰਦੀ ਹੋਈ ਉਨਾ ਦੀ ਸਾਹਿਤਕ ਘਾਲਣਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ