ਪ੍ਰੋ. ਅਰਵਿੰਦ ਆਈ.ਆਈ.ਟੀ.ਮਦਰਾਸ ਵਿਖੇ ਮਾਹਿਰ ਵਜੋਂ ਸ਼ਾਮਿਲ
ਪਟਿਆਲਾ, 24 ਜਨਵਰੀ 2023 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਤਾਮਿਲਨਾਡੂ ਵਿਖੇ ਆਈ.ਆਈ.ਟੀ.ਮਦਰਾਸ (ਚੇਨਈ) ਵਿੱਚ ਹੋ ਰਹੀ ਕਾਨਫਰੰਸ ਵਿੱਚ ਮਾਹਿਰ ਵਜੋਂ ਸ਼ਿਰਕਤ ਕਰ ਰਹੇ ਹਨ। 23 ਤੋਂ 27 ਜਨਵਰੀ 2023 ਦੌਰਾਨ 'ਕੁਆਂਟਮ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਰੱਕੀ' ਵਿਸ਼ੇ ਉੱਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਹ ਕੁਆਂਟਮ ਭੌਤਿਕ ਵਿਗਿਆਨ ਦੇ ਮਾਹਿਰ ਵਜੋਂ ਸ਼ਾਮਿਲ ਹੋਏ ਹਨ।
ਇਸ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲ਼ੇ ਵਿਸ਼ਿਆਂ ਵਿੱਚ ਕੁਆਂਟਮ ਜਾਣਕਾਰੀ, ਕੁਆਂਟਮ ਡਿਵਾਈਸਾਂ, ਕੁਆਂਟਮ ਮੈਟਰੋਲੋਜੀ, ਕੁਆਂਟਮ ਮਸ਼ੀਨ ਲਰਨਿੰਗ ਆਦਿ ਸ਼ਾਮਿਲ ਹਨ।
ਇਸ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਦੇ ਵਿਗਿਆਨੀਆਂ ਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਵਿੱਚ ਦੇਸ ਦੀਆਂ IISERs, IITs ਅਤੇ IISc ਸੰਸਥਾਵਾਂ ਤੋਂ ਇਲਾਵਾ ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਸਿੰਗਾਪੁਰ ਤੋਂ ਵਿਸ਼ਾ ਮਾਹਿਰ ਸ਼ਾਮਲ ਹੋਏ ਹਨ। IBM ਯਾਰਕਟਾਉਨ, IBMQ ਇੰਡੀਆ, Mphasis, Accelequant ਅਤੇ TCG CREST ਆਦਿ ਸੰਸਥਾਵਾਂ ਤੋਂ ਉਦਯੋਗ ਮਾਹਰ ਵੀ ਸ਼ਿਰਕਤ ਕਰ ਰਹੇ ਹਨ।
ਜਿਕਰਯੋਗ ਹੈ ਕੇ ਪ੍ਰੋ. ਅਰਵਿੰਦ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਵਿਗਿਆਨੀ ਹਨ। ਆਈ. ਆਈ. ਟੀ. ਬੰਗਲੌਰ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਪ੍ਰੋ. ਅਰਵਿੰਦ ਆਈ.ਆਈ.ਟੀ. ਮਦਰਾਸ (ਚੇਨਈ) ਵਿਖੇ ਫ਼ੈਕਲਟੀ ਮੈਂਬਰ ਵਜੋਂ ਵੀ ਵਿਚਰ ਚੁੱਕੇ ਹਨ।