GNDU ਦੇ VC ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਸਦਮਾ, ਉਨ੍ਹਾਂ ਦੀ ਮਾਤਾ ਅਤੇ ਨਾਮੀ ਡਾਕਟਰ ਸੁਰਿੰਦ੍ਰ ਕੌਰ ਸੰਧੂ ਨਹੀਂ ਰਹੇ
ਅੰਮ੍ਰਿਤਸਰ 14 ਨਵੰਬਰ 2023 - ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਸੁਰਿੰਦ੍ਰ ਕੌਰ ਸੰਧੂ ਆਕਾਲ ਚਲਾਣਾ ਕਰ ਗਏ ਹਨ । ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ਵਿੱਚ ਆਖ਼ਿਰੀ ਸਾਹ ਲਿਆ। ਉਹ 89 ਵਰ੍ਹਿਆਂ ਦੇ ਸਨ।ਡਾ. ਸੁਰਿੰਦ੍ਰ ਕੌਰ ਸੰਧੂ ਦਾ ਅੰਤਿਮ ਸਸਕਾਰ 15 ਨਵੰਬਰ 2023 ਨੂੰ ਸਵੇਰੇ 11:00 ਵਜੇ ਸ਼ਮਸ਼ਾਨਘਾਟ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਹੋਵੇਗਾ। ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਮਿਤੀ 18 ਨਵੰਬਰ 2023 ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਏ.ਬੀ. ਬਲਾਕ ਰਣਜੀਤ ਐਵੀਨਊ, ਅੰਮਿਤਸਰ ਵਿਖੇ 01 ਤੋਂ 02 ਵਜੇ ਤਕ ਹੋਵੇਗੀ।
ਡਾ. ਸੁਰਿੰਦ੍ਰ ਕੌਰ ਸੰਧੂ ਬਹੁਤ ਪ੍ਰਤਿਸ਼ਠਾਵਾਨ ਪਰਿਵਾਰਿਕ ਪਿਛੋਕੜ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦਾ ਜਨਮ ਪਿਤਾ ਸ. ਮਨਮੋਹਨ ਸਿੰਘ ਐਡਵੋਕੇਟ ਅਤੇ ਮਾਤਾ ਸਰਦਾਰਨੀ ਅਜੈਬ ਦੇ ਘਰ ਹੋਇਆ। ਉਹਨਾਂ ਦੇ ਪਿਤਾ ਜੀ ਨੇ “ਸ਼੍ਰੀ ਗੁਰੂ ਗ੍ਰੰਥ ਸਾਹਿਬ” ਦਾ ਪਹਿਲਾ ਅੰਗਰੇਜ਼ੀ ਅਨੁਵਾਦ ਕੀਤਾ ਸੀ। ਉਹਨਾਂ ਦੇ ਪਤੀ ਡਾ. ਰਸ਼ਪਾਲ ਸਿੰਘ ਸੰਧੂ ਵੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਨ।
ਡਾ. ਸੁਰਿੰਦ੍ਰ ਕੌਰ ਸੰਧੂ ਬਹੁਤ ਹੀ ਸੁਹਿਰਦ ਸਖਸ਼ੀਅਤ ਦੇ ਮਾਲਿਕ ਸਨ। ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਕਰੋਨਾ ਕਾਲ ਦੌਰਾਨ ਇਸ ਮਹਾਂਮਾਰੀ ਦੇ ਪ੍ਰਭਾਵ ਹੇਠ ਵਾਪਰੀਆਂ ਦੁਖਾਂਤਕ ਘਟਨਾਵਾਂ ਨੇ ਉਹਨਾਂ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਏਸੇ ਅਸਰ ਹੇਠ ਉਹਨਾਂ ਨੇ ਆਪਣੀ ਵੇਦਨਾ ਨੂੰ ਪ੍ਰਗਟ ਕਰਨ ਲਈ ਕਾਵਿ-ਸਿਰਜਣਾ ਦਾ ਰਾਹ ਚੁਣਿਆ। ਉਹਨਾਂ ਦੁਆਰਾ ਰਚਿਤ ਕਾਵਿ-ਸੰਗ੍ਰਹਿ “ਜ਼ਿੰਦਗੀ ਦੇ ਵਰਕੇ” ਏਸੇ ਸਾਲ (2023) ਪ੍ਰਕਾਸ਼ਿਤ ਹੋਇਆ ਜਿਸਦਾ ਲੋਕ ਅਰਪਣ ਮਿਤੀ 4 ਨਵੰਬਰ 2023 ਨੂੰ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਡਾ. ਮਨਮੋਹਨ ਸਿੰਘ (ਆਈ. ਪੀ. ਐੱਸ) ਅਤੇ ਡਾ. ਰਵੀ ਰਵਿੰਦਰ ( ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ) ਦੁਆਰਾ ਕੀਤਾ ਗਿਆ ਸੀ।ਇਸ ਕਾਵਿ-ਸੰਗ੍ਰਹਿ ਵਿੱਚ ਉਹਨਾਂ ਨੇ ਆਪਣੇ ਅਨੁਭਵ ਅਤੇ ਯਾਦਾਂ ਦੇ ਆਧਾਰ ਉੱਤੇ ਦੇਸ਼-ਵੰਡ ਤੋਂ ਲੈ ਕੇ ਕਰੋਨਾ ਮਹਾਂਮਾਰੀ ਤੱਕ ਦੇ ਵਭਿੰਨ ਵਿਸ਼ਿਆਂ ਦੀ ਕਾਵਿਕ ਪੇਸ਼ਕਾਰੀ ਕੀਤੀ।
ਉਹਨਾਂ ਦੀ ਪ੍ਰਤਿਭਾਵਾਨ ਸਖ਼ਸ਼ੀਅਤ ਅਤੇ ਪਰਵਰਿਸ਼ ਦਾ ਅਸਰ ਉਹਨਾਂ ਦੇ ਬੱਚਿਆਂ ਉੱਪਰ ਵੀ ਸਪਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ। ਉਹਨਾਂ ਦੇ ਸਪੁੱਤਰ ਡਾ. ਜਸਪਾਲ ਸਿੰਘ ਸੰਧੂ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਦੇ ਉਪ-ਕੁਲਪਤੀ ਹਨ ਅਤੇ ਡਾ. ਜਸਪਾਲ ਸਿੰਘ ਸੰਧੂ ਦੀ ਪਤਨੀ ਡਾ. ਸ਼ਵੇਤਾ ਸੰਧੂ ਯੂਨੀਵਰਸਿਟੀ ਦੇ ਮਿਆਸ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਹਨ। ਡਾ. ਸੁਰਿੰਦ੍ਰ ਕੌਰ ਸੰਧੂ ਦੀ ਸਪੁੱਤਰੀ ਡਾ. ਹਰਲੀਨ ਕੌਰ ਸੰਧੂ ਸੰਯੁਕਤ ਡਾਇਰੈਕਟਰ,ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਉੱਤਰਾਖੰਡ ਹਨ ਅਤੇ ਦਾਮਾਦ ਡਾ. ਸੁਖਬੀਰ ਸਿੰਘ ਸੰਧੂ (ਆਈ. ਏ. ਐੱਸ) ਚੀਫ਼ ਸਕੱਤਰ,ਉੱਤਰਾਖੰਡ ਹਨ।