ਨਿੰਦਰ ਘੁਗਿਆਣਵੀ, ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ
ਚੰਡੀਗੜ੍ਹ, 21 ਦਸੰਬਰ 2020 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਮਹਾਨ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤੀਹਵੀਂ ਬਰਸੀ ਮੌਕੇ ਉਨਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਆਖਿਆ ਕਿ ਲਾਲ ਚੰਦ ਯਮਲਾ ਜੱਟ ਜੀ ਸੱਚੀ ਸੁਚੀ ਕਲਾ ਨੂੰ ਪਰਣਾਏ ਹੋਏ ਅਮਰ ਲੋਕ ਗਾਇਕ ਸਨ। ਉਨਾ ਆਖਿਆ ਕਿ ਯਮਲਾ ਜੱਟ ਦੀ ਤੂੰਬੀ ਦੀ ਟੁਣਕਾਰ ਹਮੇਸ਼ਾ ਪੰਜਾਬੀਆਂ ਦਾ ਮਨ ਮੋਹਣ ਵਿਚ ਮੋਹਰੀ ਰਹੀ ਹੈ।
ਸ ਚੰਨੀ ਨੇ ਆਖਿਆ ਕਿ ਯਮਲਾ ਜੱਟ ਦੇ ਗੀਤਾਂ ਵਿਚਲੀ ਮਿਠਾਸ ਹਮੇਸ਼ਾ ਕਾਇਮ ਰਹੇਗੀ। 28 ਜੂਨ ਸੰਨ 1910 ਵਿਚ ਪੈਦਾ ਹੋਏ 20 ਦਸੰਬਰ 1991 ਨੂੰ ਵਿਛੋੜਾ ਦੇ ਗਏ ਉਸਤਾਦ ਲਾਲ ਚੰਦ ਯਮਲਾ ਜੱਟ ਦਾ ਨਿਵਾਸ ਲੁਧਿਆਣਾ ਦੇ ਬਸ ਅਡੇ ਮੂਹਰਲਾ ਜਵਾਹਰ ਕੈਂਪ ਆਖਰੀ ਸਾਹਾਂ ਤੀਕ ਬਣਿਆ ਰਿਹਾ। ਦੇਸ਼ ਵੰਡ ਵੇਲੇ ਉਹ ਪਾਕਿਸਤਾਨ ਦੇ ਟੋਭਾ ਟੇਕ ਸਿੰਘ ਤੋਂ ਉਠਕੇ ਏਧਰ ਆਏ ਸਨ। 1948-49 ਵਿਚ ਆਪ ਨੇ ਜਲੰਧਰ ਦੇ ਰੇਡੀਓ ਸਟੇਸ਼ਨ ਉਤੋਂ ਪਹਿਲਾ ਗੀਤ " ਘੜੇ ਦੇ ਅੱਗੇ ਹੱਥ ਜੋੜਦੀ" ਗਾਇਆ ਤੇ ਫਿਰ ਚਲ ਸੋ ਚਲ। ਉਨਾ ਦੇ ਗਾਏ ਧਾਰਮਿਕ ਵਿਚੋਂ ਸਭ ਤੋਂ ਵਧ ਮਕਬੂਲ " ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ" ਹੋਇਆ,ਜੋ ਅਜ ਵੀ ਤਰੋ ਤਾਜਾ ਲਗਦਾ ਹੈ ਤੇ ਰੁਮਾਂਟਿਕ ਗੀਤਾਂ ਵਿੱਚੋਂ "ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ" ਸੁਪ੍ਰਸਿੱਧ ਗੀਤ ਹੈ। ਯਮਲਾ ਜੀ ਆਪਣੇ ਆਪ ਵਿੱਚ ਇਕ ਸੰਸਥਾ ਸਨ ਤੇ ਅਣਗਿਣਤ ਚੇਲਿਆਂ ਦੇ ਗੁਰੂ ਸਨ। ਉਹ ਆਪਣੇ ਗਾਉਣ ਲਈ ਆਪੇ ਹੀ ਗੀਤ ਲਿਖਦੇ ਰਹੇ। ਲਗਪਗ ਤਿੰਨ ਸੌ ਗੀਤ ਐਚ ਐਮ ਵੀ ਕੰਪਨੀ ਵਿਚ ਰਿਕਾਰਡ ਹੋਏ ਤੇ ਦੂਰਦਰਸ਼ਨ ਜਲੰਧਰ ਤੋਂ ਵੀ ਆਪ ਨੇ ਲੰਬਾ ਅਰਸਾ ਗਾਇਆ। ਆਪ ਜੀ ਦਰਵੇਸ਼ਾਂ ਵਰਗੀ ਸ਼ਖਸੀਅਤ ਦੇ ਮਾਲਕ ਸਨ। ਅਜ ਆਪ ਦੀ ਤੀਹਵੀਂ ਬਰਸੀ ਮੌਕੇ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਆਪ ਨੂੰ ਸਿਜਦਾ ਕਰਦੀ ਹੈ।