ਹਰਦਮ ਮਾਨ
ਸਰੀ, 26 ਅਗਸਤ 2020 - ਸਰੀ ਦੇ ਲਾਗਲੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਲਾਂਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬਰਨਬੀ ਦੇ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਹੇਠ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਬਰਨਬੀ ਦੀ ਵਸਨੀਕ ਬਲਜਿੰਦਰ ਕੌਰ ਨਾਰੰਗ ਵੱਲੋਂ ਇਸ ਸੰਬਧੀ ਕੀਤੀਆਂ ਕੋਸ਼ਿਸ਼ਾਂ ਦੀ ਬਦੌਲਤ ਹੀ ਬਰਨਬੀ ਕੌਂਸਲ ਵੱਲੋਂ ਇਹ ਮਾਨਤਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ, ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅਪਣੇ ਅੱਖੀਂ ਤੱਕਿਆ ਸੀ। ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਕਾਰਕੁੰਨ ਸਨ ਜਿਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ। ਉਨ੍ਹਾਂ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਪੰਜਾਬ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ 25 ਹਜਾਰ ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ, ਜਿਨ੍ਹਾਂ ਲਾਸ਼ਾਂ ਨੂੰ ਪੰਜਾਬ ਪੁਲਿਸ ਨੇ ਅਣਪਛਾਤੀਆਂ ਦੱਸ ਦੇ ਸਸਕਾਰ ਕਰ ਦਿੱਤਾ ਸੀ। ਉਨ੍ਹਾਂ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿਚ ਪੇਸ਼ ਕਰ ਦਿਤੇ ਸਨ। ਪਰ ਦੁੱਖ ਦੀ ਗੱਲ ਇਹ ਕਿ ਅਦਾਲਤ ਨੇ ਇਸ 'ਤੇ ਸੁਣਵਾਈ ਤੋਂ ਇਨਕਾਰ ਕਰ ਦਿਤਾ।
ਆਖ਼ਰ 6 ਸਤੰਬਰ 1995 ਨੂੰ ਪੁਲਿਸ ਸ. ਖਾਲੜਾ ਨੂੰ ਉਨ੍ਹਾਂ ਦੇ ਘਰੋਂ ਜਬਰਦਸਤੀ ਚੁੱਕ ਲਿਆ ਅਤੇ ਥਾਣਾ ਝਬਾਲ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਗਏ, ਪਰ ਉਨ੍ਹਾਂ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਤੇ ਜਰਿਆ ਪਰ ਸੱਚਾਈ ਤੇ ਅੜੇ ਰਹੇ। ਅਖ਼ੀਰ ਉਨ੍ਹਾਂ ਦੀ ਲਾਸ਼ ਹਰੀ ਕੇ ਪੱਤਣ ਵਿਖੇ ਰਾਜਸਥਾਨ ਨਹਿਰ ਵਿਚ ਰੋੜ੍ਹ ਦਿਤੀ ਗਈ। ਬਾਅਦ ਵਿਚ ਸੀਬੀਆਈ ਨੇ ਖਾਲੜਾ ਕੇਸ ਦੀ ਜਾਂਚ ਪੜਤਾਲ ਕੀਤੀ ਤਾਂ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾਵਾਂ ਦਿਤੀਆਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com