ਮੌਦਗਿੱਲ ਦੀ ਮੌਤ 'ਤੇ ਡਾ ਪਾਤਰ ਨੇ ਦੁੱਖ ਪ੍ਰਗਟਾਇਆ
ਨਿੰਦਰ ਘੁਗਿਆਣਵੀ
ਚੰਡੀਗੜ੍ਹ, 6 ਦਸੰਬਰ 2022 - ਇਸੇ ਹਫਤੇ ਸਦੀਵੀ ਵਿਛੋੜਾ ਦੇ ਗਏ ਨਾਮਵਰ ਲੇਖਕ ਤੇ ਪੰਜਾਬੀ ਅਕਾਦਮੀ ਹਰਿਆਣਾ ਦੇ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਸ਼੍ਰੀ ਸੀ ਆਰ ਮੌਦਗਿੱਲ ਨੂੰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਦੋ ਦਰਜਨ ਪੁਸਤਕਾਂ ਦੇ ਲੇਖਕ ਛੋਟੂ ਰਾਮ ਮੌਦਗਿੱਲ ਜੀ ਇਕ ਬੜੀ ਪਿਆਰੀ ਸ਼ਖਸੀਅਤ ਦੇ ਮਾਲਕ ਸਨ। ਉਨਾਂ ਵੱਖ ਵੱਖ ਸਾਹਿਤਕ ਅਦਾਰਿਆਂ ਵਿੱਚ ਕਾਰਜ ਕਰਦਿਆਂ ਆਪਣੀ ਨਿਵੇਕਲੀ ਕਾਰਜ ਸ਼ੈਲੀ ਦੀ ਛਾਪ ਛੱਡੀ।
ਡਾ ਪਾਤਰ ਨੇ ਉਨਾਂ ਨੂੰ ਮਾਂ ਬੋਲੀ ਪੰਜਾਬੀ ਦੇ ਮਹਾਨ ਸਪੂਤ ਆਖਿਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਮੌਦਗਿੱਲ ਜੀ ਦਾ ਇਕ ਇਕ ਸਵਾਸ ਮਾਂ ਬੋਲੀ ਦੇ ਲੇਖੇ ਲੱਗਿਆ। ਉਹ ਆਖੀਰ ਤੀਕ ਆਪਣੇ ਪਿੰਡ ਬਹਾਦਰਪੁਰ ਦੁੱਗਾਂ ਨਾਲ ਜੁੜੇ ਰਹੇ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਮੌਦਗਿੱਲ ਜੀ ਦੀਆਂ ਰਚਿਤ ਵਾਰਤਕ ਪੁਸਤਕਾਂ ਪੰਜਾਬੀ ਵਾਰਤਕ ਦੀ ਵਿਧਾ ਨੂੰ ਨਿਵੇਕਲੀ ਨੁਹਾਰ ਦੇਣ ਵਾਲੀਆਂ ਹਨ।
ਉਨਾਂ ਦੀ ਸਵੈ ਜੀਵਨੀ ਪੜਨਯੋਗ ਪੁਸਤਕਾਂ ਵਿੱਚ ਸ਼ਾਮਿਲ ਹੈ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਸ਼੍ਰੀ ਮੌਦਗਿੱਲ ਆਪਣੀ ਹਰਮਨ ਪਿਆਰੀ ਹਸਤੀ ਦਿ ਛਾਪ ਸਦਕਾ ਪੰਜਾਬੀ ਜਗਤ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਪਣਾ ਸ਼ੋਕ ਪ੍ਰਗਟਾਉਂਦਿਆਂ ਮੌਦਗਿੱਲ ਜੀ ਨਾਲ ਬਿਤਾਏ ਆਪਣੇ ਲੰਬੇ ਸਮੇਂ ਦੇ ਸਫਰ ਨੂੰ ਯਾਦਗਾਰੀ ਦੱਸਿਆ ਤੇ ਕਿਹਾ ਕਿ ਉਹ ਉਨਾਂ ਦੇ ਪ੍ਰੇਰਨਾ ਸਰੋਤ ਸਨ। ਸ਼੍ਰੀ ਮੌਦਗਿੱਲ ਦੀ ਅੰਤਮ ਅਰਦਾਸ 16 ਦਸੰਬਰ ਨੂੰ ਕੁਰੂਕਸ਼ੇਤਰ ਵਿਖੇ ਹੋਵੇਗੀ।