ਕਾਮਰੇਡ ਭੀਮ ਸਿੰਘ ਆਲਮਪੁਰ ਨਹੀਂ ਰਹੇ; ਵੱਖ ਵੱਖ ਜਥੇਬੰਦੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਦਲਜੀਤ ਕੌਰ
ਲਹਿਰਾਗਾਗਾ, 5 ਜਨਵਰੀ, 2024: ਲਹਿਰਾਗਾਗਾ ਇਲਾਕੇ ਦੀ ਜਾਣੀ ਜਾਂਦੀ ਸੰਘਰਸ਼ਸ਼ੀਲ ਸਖਸ਼ੀਅਤ ਅਤੇ ਕਿਸਾਨ ਆਗੂ ਕਾਮਰੇਡ ਭੀਮ ਸਿੰਘ ਆਲਮਪੁਰ ਅੱਜ ਦੁਪਹਿਰ ਸਮੇਂ ਸਦੀਵੀ ਵਿਛੋੜਾ ਦੇ ਗਏ। ਅੱਜ ਸਵੇਰ ਸਮੇਂ ਉਨ੍ਹਾਂ ਨੂੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੂੰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਨ੍ਹਾਂ ਨੂੂੰ ਬਚਾਇਆ ਨਾ ਜਾ ਸਕਿਆ।
ਕਾਮਰੇਡ ਭੀਮ 1970ਵਿਆਂ ਤੋਂ ਖੱਬੇ ਪੱਖੀ ਲਹਿਰ ਨਾਲ ਜੁੜੇ ਹੋਏ ਸਨ। ਅੱਜ-ਕੱਲ੍ਹ ਉਹ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਸੂਬਾਈ ਆਗੂ ਸਨ। ਉਹ ਇੱਕ ਧੜੱਲੇਦਾਰ ਆਗੂ ਸੀ।ਪੰਜਾਬ ਵਿੱਚ ਦਹਿਸ਼ਤਗਰਦੀ ਦੇ ਦੌਰ ਵਿੱਚ ਉਨ੍ਹਾਂ ਨੂੂੰ ਆਪਣੀ ਸੁਰੱਖਿਆ ਲਈ ਘਰ ਦੀ ਮੋਰਚਾਬੰਦੀ ਕਰਕੇ ਰਹਿਣਾ ਪਿਆ ਸੀ।
ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਇੱਕ ਸਾਲ ਤੋਂ ਵੱਧ ਅਰਸੇ ਤੱਕ ਲੜੇ ਗਏ ਇਤਿਹਾਸਕ ਕਿਸਾਨ ਘੋਲ ਵਿੱਚ ਉਨ੍ਹਾਂ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਦੀ ਮੌਤ 'ਤੇ ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ, ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਲੇਖਕ ਰਣਜੀਤ ਲਹਿਰਾ, ਸੁਖਦੇਵ ਚੰਗਾਲੀਵਾਲਾ, ਅਮਰੀਕ ਗੁਰਨੇ, ਰਘਬੀਰ ਭੁਟਾਲ, ਲਛਮਣ ਅਲੀਸ਼ੇਰ , ਕਾਮਰੇਡ ਸਤਵੰਤ ਖੰਡੇਬਾਦ, ਪੂਰਨ ਸਿੰਘ ਖਾਈ, ਸ਼ਮਿੰਦਰ ਲਹਿਰਾ, ਮਹਿੰਦਰ ਸਿੰਘ ਆਦਿ ਆਗੂਆਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਾਮਰੇਡ ਭੀਮ ਨੂੂੰ ਲੋਕਾਂ ਦਾ ਜੁਝਾਰੂ ਆਗੂ ਦੱਸਦਿਆਂ ਉਨ੍ਹਾਂ ਦੀ ਮੌਤ ਨਾਲ ਇਲਾਕੇ ਨੂੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
ਉਨ੍ਹਾਂ ਦੇ ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਸਸਕਾਰ ਕੱਲ੍ਹ 6 ਜਨਵਰੀ ਨੂੂੰ ਪਿੰਡ ਆਲਮਪੁਰ ਵਿਖੇ 12 ਵਜੇ ਕੀਤਾ ਜਾਵੇਗਾ।