ਚੰਡੀਗੜ੍ਹ, 06 ਫਰਵਰੀ 2020 - ਪੰਜਾਬ ਯੂਨੀਵਰਸਿਟੀ 'ਚ ਲੱਗੇ ਐਨਬੀਟੀ ਦੇ ਕਿਤਾਬ ਮੇਲੇ ਵਿਚ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਚੰਨੀ ਇਕ ਸਾਧਾਰਨ ਪਾਠਕ ਵਾਂਗ ਪਹੁੰਚੇ ਤੇ ਉਨ੍ਹਾਂ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੀਆਂ ਵੱਖੋ-ਵੱਖ ਪਬਲੀਸ਼ਰਾਂ ਦੀਆਂ ਸਟਾਂਲਾਂ 'ਤੇ ਜਾ ਕੇ ਆਪਣੇ ਮਨ ਪਸੰਦ ਦੀਆਂ ਕਿਤਾਬਾਂ ਚੁਣੀਆਂ ਤੇ ਖਰੀਦੀਆਂ। ਉਹ ਭਾਸ਼ਾ ਵਿਭਾਗ ਦੀ ਸਟਾਲ 'ਤੇ ਅਤੇ ਉਰਦੂ ਅਕਾਦਮੀ ਦੀ ਸਟਾਲ 'ਤੇ ਉਚੇਚੇ ਤੌਰ 'ਤੇ ਗਏ। ਇਸੇ ਤਰ੍ਹਾਂ ਪਦਮਸ੍ਰੀ ਡਾ. ਸੁਰਜੀਤ ਪਾਤਰ ਹੁਰੀਂ ਵੀ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੀਆਂ ਵੱਖੋ-ਵੱਖ ਵਿਧਾਵਾਂ ਦੀਆਂ ਕਿਤਾਬਾਂ ਖਰੀਦਦੇ ਵੇਖੇ ਗਏ।
ਡਾ. ਸੁਰਜੀਤ ਪਾਤਰ ਜਦੋਂ ਵੀ ਕਿਸੇ ਸਟਾਲ 'ਤੇ ਪਹੁੰਚਦੇ ਤਾਂ ਪਹਿਲਾਂ ਤਾਂ ਵਿਦਿਆਰਥੀ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲਈ ਅੱਗੇ ਆ ਖਲੋਂਦੇ, ਸੁਰਜੀਤ ਪਾਤਰ ਹੱਸ ਕੇ ਸਭ ਨਾਲ ਫੋਟੋਆਂ ਖਿਚਵਾਉਂਦੇ ਤੇ ਫਿਰ ਉਹ ਆਪਣੀਆਂ ਕਿਤਾਬਾਂ ਚੁਣ ਕੇ ਉਨ੍ਹਾਂ ਨੂੰ ਖਰੀਦ ਲੈਂਦੇ। ਐਨਬੀਟੀ ਅਧਿਕਾਰੀ ਡਾ. ਨਵਜੋਤ ਕੌਰ ਨੇ ਆਖਿਆ ਕਿ ਇਹ ਕਿਤਾਬ ਮੇਲੇ ਦਾ ਹਾਸਲ ਹੈ ਕਿ ਜਦੋਂ ਮੰਤਰੀ, ਵੱਡੇ ਕਵੀ, ਆਈਏਐਸ, ਪੀਸੀਐਸ ਅਫ਼ਸਰ, ਪ੍ਰੋਫੈਸਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਆਪ ਮੁਹਾਰੇ ਕਿਤਾਬਾਂ ਖਰੀਦਣ ਲਈ ਆ ਰਹੇ ਹਨ। ਐਨਬੀਟੀ ਦੀ ਟੀਮ ਨੇ ਚਰਨਜੀਤ ਚੰਨੀ ਅਤੇ ਡਾ. ਸੁਰਜੀਤ ਪਾਤਰ ਹੁਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।