ਚੰਡੀਗੜ੍ਹ, 27 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਲੇਖਕ,ਸੰਪਾਦਕ,ਕਾਲਮ ਨਵੀਸ ਤੇ ਕਹਾਣੀਕਾਰ ਸ੍ਰ ਗੁਲਜ਼ਾਰ ਸਿੰਘ ਸੰਧੂ ਨੂੰ ਉਨਾ ਦੇ ਜਨਮ ਦਿਨ ਮੌਕੇ ਵਧਾਈ ਦਿਤੀ ਹੈ। ਸ੍ਰ ਚੰਨੀ ਨੇ ਆਖਿਆ ਕਿ ਸ੍ਰ ਸੰਧੂ ਨੇ ਵੱਖ ਵੱਖ ਅਹੁਦਿਆਂ ਉਤੇ ਰਹਿੰਦਿਆਂ ਮਾਂ ਬੋਲੀ ਦੀ ਸੇਵਾ ਹਿਤ ਮਹੱਤਵਪੂਰਨ ਕਾਰਜ ਕੀਤੇ। ਚਾਹੇ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਜਾਂ ਦੇਸ਼ ਸੇਵਕ ਦੇ ਸੰਪਾਦਕ ਰਹੇ,ਹਮੇਸ਼ਾ ਸਾਹਿਤ ਪ੍ਰਕਾਸ਼ਤ ਕਰਨ ਵਿਚ ਪਹਿਲ ਕਰਦੇ ਰਹੇ। ਸ੍ਰ ਚਰਨਜੀਤ ਸਿੰਘ ਚੰਨੀ ਨੇ ਸ੍ਰ ਸੰਧੂ ਨੂੰ ਵਧਾਈ ਦਿੰਦਿਆਂ ਉਨਾ ਦੀਆਂ ਰਚਨਾਵਾਂ ਨੂੰ ਸਿਜਦਾ ਕੀਤਾ ਹੈ।
ਗੁਲਜ਼ਾਰ ਸਿੰਘ ਸੰਧੂ ਦਾ ਜੱਦੀ ਪਿੰਡ ਹੁਸ਼ਿਆਰਪੁਰ ਜਿਲੇ ਵਿਚ ਸੂਨੀ ਹੈ ਪਰ ਉਹ ਦੇਰ ਤੋਂ ਚੰਡੀਗੜ੍ਹ ਨਿਵਾਸੀ ਹਨ ਤੇ ਕਈ ਸਾਲ ਦਿੱਲੀ ਵੀ ਰਹੇ। 27 ਫਰਵਰੀ 1935 ਨੂੰ ਜਨਮੇ ਸੰਧੂ ਨੇ ਕਹਾਣੀਆਂ ਵੀ ਲਿਖੀਆਂ। ਨਾਵਲ ਵੀ। ਰੇਖਾ ਚਿਤਰ ਤੇ ਸਫਰਨਾਮਾ ਵੀ। ਕਈ ਕਿਤਾਬਾਂ ਸੰਪਾਦਤ ਵੀ ਕੀਤੀਆਂ। ਆਪ ਦੇ ਕਹਾਣੀ ਸੰਗ੍ਰਹਿ "ਅਮਰ ਕਥਾ" ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਨੂੰ ਪ੍ਰੋਫੈਸਰ ਐਮੀਨੈਸ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪਿਛਲੇ ਸਾਲ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਆਪ ਪੰਜਾਬ ਸਾਹਿਤ ਰਤਨ ਪੁਰਸਕਾਰ ਵਾਸਤੇ ਚੁਣਿਆ। ਸ਼੍ਰੋਮਣੀ ਲੇਖਕ ਦਾ ਐਵਾਰਡ ਵੀ ਆਪ ਨੂੰ ਮਿਲਿਆ ਤੇ 2019 ਵਿਚ ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਗੌਰਵ ਪੁਰਸਕਾਰ ਪ੍ਰਦਾਨ ਕੀਤਾ। ਆਪ ਦੀਆਂ ਕਹਾਣੀਆਂ ਉਤੇ ਦੂਰਦਰਸ਼ਨ ਕੇਂਦਰ ਜਲੰਧਰ ਨੇ ਲਘੂ ਫਿਲਮਾਂ ਵੀ ਬਣਾਈਆਂ।
ਅੱਜ ਪੰਜਾਬ ਕਲਾ ਪਰਿਸ਼ਦ ਆਪ ਨੂੰ ਜਨਮ ਦਿਨ ਦੀ ਉਚੇਚੀ ਵਧਾਈ ਦਿੰਦੀ ਹੈ।
ਨਿੰਦਰ ਘੁਗਿਆਣਵੀ, ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।