ਪੰਜਾਬ ਕਲਾ ਪਰਿਸ਼ਦ ਵੱਲੋਂ ਸੰਗੀਤਕਾਰ ਵਰਿੰਦਰ ਬੱਚਨ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 24 ਦਸੰਬਰ 2021 - ਕਲਾ ਪਰਿਸ਼ਦ ਨੇ ਚੰਡੀਗੜ੍ਹ ਵਾਸੀ ਉੱਘੇ ਸੰਗੀਤਕਾਰ ਵਰਿੰਦਰ ਬੱਚਨ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਰਿਸ਼ਦ ਦੇ ਚੇਅਰਪਰਸਨ ਡਾ ਸੁਰਜੀਤ ਪਾਤਰ ਨੇ ਉਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਇੱਕੋ ਮਹੀਨੇ ਵਿੱਚ ਹੀ ਦੋਹਾਂ ਵੀਰਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੈ। ਪਿਛਲੇ ਦਿਨੀਂ ਸੁਰਿੰਦਰ ਤੇ ਹੁਣ ਵਰਿੰਦਰ ਦਾ ਜਾਣਾ ਬੇਹੱਦ ਦੁਖਦਾਈ ਹੈ।
ਡਾ ਪਾਤਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਵਰਿੰਦਰ ਬੱਚਨ ਨੂੰ ਸ਼ਰਧਾਂਜਲੀ ਭੇਟ ਕੀਤੀ। ਚੇਤੇ ਰਹੇ ਕਿ ਸੁਰਿੰਦਰ ਤੇ ਵਰਿੰਦਰ ਬੱਚਨ ਦਾ ਜੱਦੀ ਪਿੰਡ ਬਰੋਟਾ (ਨੇੜੇ ਦੀਨਾ ਨਗਰ) ਜ਼ਿਲ੍ਹਾ ਗੁਰਦਾਸਪੁਰ ਸੀ ਪਰ ਪਿਤਾ ਜੀ ਸਿੰਜਾਈ ਮਹਿਕਮੇ ਵਿੱਚ ਅਧਿਕਾਰੀ ਹੋਣ ਕਾਰਨ ਇਹ ਪਰਿਵਾਰ ਲੰਮੇ ਸਮੇਂ ਕੋਂ ਚੰਡੀਗੜ੍ਹ ਹੀ ਵੱਸਦਾ ਹੈ। ਪੰਜਾਬ ਕਲਾ ਪਰਿਸ਼ਦ ਨੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੇ ਸੰਗੀਤ ਦੇ ਸੇਵਾ ਵਾਸਤੇ ਦੋਵਾਂ ਭਰਾਵਾਂ ਨੂੰ ਚੇਤੇ ਰਖਿਆ ਜਾਏਗਾ।
ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ