ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਗਾਂਹ ਵਧੂ ਕਿਸਾਨ ਪਦਮ ਸ਼੍ਰੀ ਜਗਜੀਤ ਸਿੰਘ ਹਾਰਾ ਸੁਰਗਵਾਸ
ਲੁਧਿਆਣਾਃ 10 ਸਤੰਬਰ 2022 - ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੁਗਿਆਣਾ ਕੰਗਣਵਾਲ ਵਾਸੀ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਗਾਂਹਵਧੂ ਕਿਸਾਨ ਪਦਮ ਸ਼੍ਰੀ ਜਗਜੀਤ ਸਿੰਘ ਹਾਰਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਦਸ ਅਕਤੂਬਰ 1936 ਨੂੰ ਜਨਮੇ ਸਃ ਹਾਰਾ ਨੇ ਜੀ ਜੀ ਐੱਨ ਖਾਲਸਾ ਕਾਲਿਜ ਵਿੱਚੋਂ ਬੀਏ ਕਰਕੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਇਕਨਾਮਿਕਸ ਕਰਕੇ ਅਗਾਂਹ ਵਧੂ ਖੇਤੀ ਕਰਦਿਆਂ ਬੀਜ ਉਤਪਾਦਨ ਦਾ ਕਿੱਤਾ ਅਪਣਾਇਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਬਹੁਤ ਨੇੜ ਦਾ ਰਿਸ਼ਤਾ ਰੱਖਦਿਆਂ ਆਪ ਨੇ ਆਪਣੇ ਹਾਰਾ ਐਗਰੀਕਲਚਰ ਫਾਰਮ ਨੂੰ ਖੋਜ ਕੇਂਦਰ ਵਜੋਂ ਵਿਕਸਤ ਕੀਤਾ।
ਸਫ਼ਲ ਖੇਤੀ ਦੇ ਖੇਤਰ ਵਿੱਚ ਪੰਜਾਬ ਵਿੱਚੋਂ ਉਹ ਇਕੱਲੇ ਕਿਸਾਨ ਬਣੇ ਜਿੰਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਕੇ ਸਨਮਾਨਿਆ।
ਲੰਮਾ ਸਮਾਂ ਉਹ ਦੂਰਦਰਸ਼ਨ ਕੇਂਦਰ ਜਲੰਧਰ ਦੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਦੇ ਕੰਪੀਅਰ ਵੀ ਬਣੇ।
ਉਨ੍ਹਾਂ ਦੀ ਸਵੈਜੀਵਨੀ ਪਿਛਲੇ ਸਮੇਂ ਵਿੱਚ ਹੀ ਪ੍ਰਕਾਸ਼ਿਤ ਹੋਈ ਸੀ।
ਸਃ ਜਗਜੀਤ ਸਿੰਘ ਹਾਰਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਪੂਰੇ ਪੰਜਾਬ ਚ ਹੀ ਸੋਗ ਦੀ ਲਹਿਰ ਫ਼ੈਲ ਗਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਃ ਸ ਪ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾਃ ਕ ਸ ਔਲਖ, ਡਾਃ ਰਣਜੀਤ ਸਿੰਘ ਤਾਂਬੜ, ਸਃ ਹਕੀਕਤ ਸਿੰਘ ਮਾਂਗਟ ਤੇ ਹੋਰ ਸਿਰਕੱਢ ਸ਼ਖ਼ਸੀਅਤਾਂ ਨੇ ਵੀ ਸਃ ਜਗਜੀਤ ਸਿੰਘ ਹਾਰਾ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਹਾਰਾ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਡਾਃ ਨੌਰਮਨ ਈ ਬੋਰਲਾਗ, ਡਾਃ ਮ ਸ ਰੰਧਾਵਾ,ਡਾਃ ਗੁਰਦੇਵ ਸਿੰਘ ਖ਼ੁਸ਼,ਡਾਃ ਮ ਸ ਸਵਾਮੀਨਾਥਨ ਤੇ ਡਾਃ ਰ ਸ ਪੜੋਦਾ ਦੇ ਵੀ ਸਹਿਯੋਗੀ ਰਹੇ।
ਜਗਜੀਤ ਸਿੰਘ ਹਾਰਾ ਨਮਿਤ ਭੋਗ ਤੇ ਅੰਤਿਮ ਅਰਦਾਸ 18 ਸਤੰਬਰ ਨੂੰ ਦੁਪਹਿਰ 1-2 ਵਜੇ ਤੀਕ ਗੁਰਦਵਾਰਾ ਰੇਰੂ ਸਾਹਿਬ, ਜੀ ਟੀ ਰੋਡ ਸਾਹਨੇਵਾਲ ਵਿਖੇ ਹੋਵੇਗੀ।