ਲੁਧਿਆਣਾ 1 ਮਾਰਚ 2021-: ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਪੰਜਾਬੀ ਕਵੀ ਰਾਜਿੰਦਰ ਪਰਦੇਸੀ ਦਾ ਅੱਜ ਸਵੇਰੇ ਜਲੰਧਰ ਚ ਦੇਹਾਂਤ ਹੋ ਗਿਆ ਹੈ। ਰਾਜਿੰਦਰ ਪਰਦੇਸੀ ਲੋਕ ਨਿਰਮਾਣ ਵਿਭਾਗ ਚੋਂ ਰੀਟਾਇਰ ਹੋ ਕੇ ਕਾਕੀ ਪਿੰਡ ਜਲੰਧਰ ਚ ਹੀ ਰਹਿੰਦੇ ਸਨ। ਪੰਜਾਬੀ ਗ਼ਜ਼ਲ ਸਾਹਿੱਤ ਵਿੱਚ ਉਹ ਪ੍ਰਿੰਸੀਪਲ ਤਖ਼ਤ ਸਿੰਘ ਦੇ ਸ਼ਾਗਿਰਦ ਸਨ। ਆਪਣੀ ਪਹਿਲੀ ਰਚਨਾ ਅੱਖਰ ਅੱਖਰ ਤਨਹਾਈ ਨਾਲ ਪਛਾਨਣਯੋਗ ਚਿਹਰਾ ਬਣ ਗਏ ਸਨ।
ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਿਕਟਵਰਤੀ ਮਿੱਤਰ ਮੱਖਣ ਮਾਨ , ਹਰਜਿੰਦਰ ਬੱਲ ਤੇ ਰਾਜਿੰਦਰ ਬਿਮਲ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਅਫਸੋਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।
ਉਨ੍ਹਾਂ ਦੀ ਇੱਕ ਸੱਜਰੀ ਰਚਨਾ ਪੇਸ਼ ਹੈ।
ਕਿੱਥੇ ਗਿਆ ਪੰਜਾਬ
ਰਾਜਿੰਦਰ ਪਰਦੇਸੀ
ਨਾ ਉਹ ਕਿਧਰੋਂ ਆਉਣ ਸੁਗੰਧੀਆਂ ਨਾ ਉਹ ਦਿਸਣ ਗੁਲਾਬ
ਕਿੱਥੇ ਗਿਆ ਪੰਜਾਬ ਉਹ ਮੇਰਾ ਕਿੱਥੇ ਗਿਆ ਪੰਜਾਬ।
ਦੁੱਧ-ਦਹੀਂ ਦੀਆਂ ਨਹਿਰਾਂ ਦਾ ਸੀ ਜਿੱਥੇ ਸ਼ੋਰ ਬੜਾ
ਉਸ ਧਰਤੀ ’ਤੇ ਵਗਦੇ ਅੱਜ-ਕੱਲ੍ਹ ਨਸ਼ਿਆਂ ਦੇ ਦਰਿਆ
ਪੌਣਾਂ ਦੇ ਗਲ ਲੱਗ-ਲੱਗ ਰੋਇਆ ਧਾਹਾਂ ਮਾਰ ਚਨਾਬ।
ਉਹ ਮੇਰਾ, ਕਿੱਥੇ ਗਿਆ ਪੰਜਾਬ
ਨਾ ਉਹ ਰੰਗਲੇ ਪੀਹੜੇ ਰਹਿ ਗਏ ਪੀਂਘਾਂ ਝੂਟਣ ਵਾਲੇ
ਨਾ ਉਹ ਕਿਧਰੇ ਖੇਡਾਂ ਰਹੀਆਂ ਨਾ ਉਹ ਖੇਡਣ ਵਾਲੇ
ਮੱਲਾਂ ਦੇ ਅਖਾੜੇ ਹੁਣ ਤਾਂ ਬਣਦੇ ਜਾਂਦੇ ਖਾਬ ਉਹ ਮੇਰਾ, ਕਿੱਥੇ ਗਿਆ ਪੰਜਾਬ
ਨਾ ਉਹ ਸਾਂਝੇ ਚੁੱਲ੍ਹੇ ਰਹਿ ਗਏ ਨਾ ਹੀ ਮੋਹ ਤੇ ਪਿਆਰ
ਮਾਪਿਆਂ, ਪੁੱਤਾਂ, ਭੈਣਾਂ, ਭਾਈਆਂ ਬਦਲ ਲਏ ਕਿਰਦਾਰ
ਖ਼ੁਦਗਰਜ਼ੀ ਦੀ ਪਾਈ ਫਿਰਦੇ ਚਾਤੁਰ ਲੋਕ ਨਕਾਬ
ਉਹ ਮੇਰਾ, ਕਿੱਥੇ ਗਿਆ ਪੰਜਾਬ।