ਫਿਰੋਜ਼ਪੁਰ 6 ਅਪ੍ਰੈਲ (ਗੁਰਿੰਦਰ ਸਿੰਘ) ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਚੇਅਰਮੈਨ ਹਰੀ ਚੰਦ ਗਰੁੱਪ ਵੱਡੀ ਜਿੱਤ ਨਾਲ ਕਾਬਜ਼ ਹੋ ਗਿਆ। ਇਸ ਗਰੁੱਪ ਨਾਲ ਸਬੰਧਤ ਜਸਦੀਪ ਸਿੰਘ ਕੰਬੋਜ਼ ਨੇ ਪ੍ਰਧਾਨਗੀ ਦੀ ਚੋਣ ਲਗਾਤਾਰ ਦੂਸਰੀ ਵਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ।
ਚੋਣ ਅਧਿਕਾਰੀ ਬਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਬੀਤੀ ਸ਼ਾਮ ਹੋਈ ਚੋਣ ਵਿਚ ਕੁੱਲ 475 ਵਕੀਲਾਂ ਵਿੱਚੋਂ 456 ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਚੋਣ ਵਿੱਚ ਜਸਦੀਪ ਕੰਬੋਜ਼ ਤੇ ਗੌਤਮ ਸ਼ਰਮਾ ਨੂੰ 400-400 ਵੋਟਾਂ, ਅਮਿਤ ਕੰਬੋਜ਼ ਨੂੰ 393, ਬਿਪਨ ਵਧਾਵਨ ਨੂੰ 374, ਦਿਨੇਸ਼ ਧੀਰ ਨੂੰ 382, ਗੁਰਮੀਤ ਸਿੰਘ ਸੰਧੂ ਨੂੰ 398, ਕਰਤਾਰ ਥਿੰਦ ਨੂੰ 348, ਪਰਮਜੀਤ ਰਾਏ ਨੂੰ 385, ਤੇ ਰਾਹੁਲ ਰਜਤ ਨੂੰ 364 ਵੋਟਾਂ ਪਈਆਂ। ਜਦ ਕਿ ਰਾਕੇਸ਼ ਭਾਰਤੀ, ਸੁਖਦੇਵ ਸਿੰਘ ਨਾਗਪਾਲ, ਸੰਦੀਪ ਮੌਂਗਾ ਤੇ ਵਿਕਰਮਜੀਤ ਜੇਤੂ 9 ਐਗਜ਼ੈਕਟਿਵ ਮੈਂਬਰਾਂ ਤੋਂ ਘੱਟ ਵੋਟਾਂ ਪੈਣ ਕਰਕੇ ਅਸਫਲ ਰਹੇ। ਇਸ ਚੋਣ ਵਿੱਚ ਜਸਦੀਪ ਸਿੰਘ ਕੰਬੋਜ਼ ਲਗਾਤਾਰ ਦੂਸਰੀ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਚੁਣੇ ਗਏ ਜਦ ਕਿ ਬਿਪਨ ਵਧਾਵਨ ਉੱਪ ਪ੍ਰਧਾਨ ਅਤੇ ਗੁਰਮੀਤ ਸਿੰਘ ਸੰਧੂ ਸਕੱਤਰ ਚੁਣੇ ਗਏ।