ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਰਵਾਇਆ ਗਿਆ ਲੇਖਕ ਨਿੰਦਰ ਘੁਗਿਆਣਵੀ ਨਾਲ ਰੂ-ਬ-ਰੂ ਸਮਾਗਮ
ਹਰਜਿੰਦਰ ਸਿੰਘ ਭੱਟੀ
- ਮੈਂ ਅੱਜ ਜੋ ਵੀ ਹਾਂ ਆਪਣੀ ਮਾਂ-ਬੋਲੀ ਕਰਕੇ ਹਾਂ – ਨਿੰਦਰ ਘੁਗਿਆਣਵੀ
- ਜੀਵਨ ਸੰਘਰਸ਼ ਹੀ ਤੁਹਾਡੀ ਮੰਜ਼ਿਲ ਦਾ ਰਸਤਾ ਤੈਅ ਕਰਦੇ ਹਨ – ਤਰਸੇਮ ਚੰਦ
ਐਸ. ਏ.ਐਸ. ਨਗਰ 18 ਮਈ 2022 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਉੱਘੇ ਲੇਖਕ ਨਿੰਦਰ ਘੁਗਿਆਣਵੀ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਰੂ-ਬ-ਰੂ ਮੌਕੇ ਸ੍ਰੀ ਤਰਸੇਮ ਚੰਦ (ਪੀ.ਸੀ.ਐੱਸ.) ਸਹਾਇਕ ਕਮਿਸ਼ਨਰ (ਜਨਰਲ) ਮੋਹਾਲੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਮਹਿਮਾਨਾਂ ਨੂੰ ਜਿੱਥੇ 'ਜੀ ਆਇਆਂ ਨੂੰ' ਕਿਹਾ ਉੱਥੇ ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ ਅਤੇ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਨਿੰਦਰ ਘੁਗਿਆਣਵੀ ਨੇ ਰੂ-ਬ-ਰੂ ਦੌਰਾਨ ਆਪਣੇ ਜੀਵਨ ਤਜ਼ਰਬਿਆਂ, ਤਲਖ਼ ਹਕੀਕਤਾਂ ਅਤੇ ਜੀਵਨ ਸੰਘਰਸ਼ ਨੂੰ ਸ੍ਰੋਤਿਆਂ ਨਾਲ ਸਾਂਝਾ ਕਰਦਿਆਂ ਦ੍ਰਿੜ ਇੱਛਾ ਸ਼ਕਤੀ ਨੂੰ ਸਫਲਤਾ ਦਾ ਮੂਲ ਸ੍ਰੋਤ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਆਪਣੀ ਮਾਂ-ਬੋਲੀ ਕਰਕੇ ਹਾਂ।
ਮੁੱਖ ਮਹਿਮਾਨ ਤਰਸੇਮ ਚੰਦ (ਪੀ.ਸੀ.ਐੱਸ.) ਵੱਲੋਂ ਵੀ ਜੀਵਨ ਸੰਘਰਸ਼ ਦੀ ਗੱਲ ਕਰਦਿਆਂ ਆਪਣੇ ਅੰਦਰਲੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਪਛਾਣ ਕੇ ਮੰਜ਼ਿਲ ਸਰ ਕਰਨ ਦੀ ਗੱਲ ਕੀਤੀ ਗਈ।
ਡਾ. ਰਮਾ ਰਤਨ, ਡਾ. ਸੁਰਿੰਦਰ ਸਿੰਘ ਗਿੱਲ, ਸ੍ਰੀ ਬਾਬੂ ਰਾਮ ਦੀਵਾਨਾ ਅਤੇ ਸ੍ਰੀ ਗੁਰਨਾਮ ਕੰਵਰ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਸਮਾਗਮ ਨੂੰ ਮਹੱਤਵਪੂਰਨ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਨ੍ਹਾਂ 'ਚ ਸ਼੍ਰੀਮਤੀ ਕੰਚਨ ਸ਼ਰਮਾ (ਡਿਪਟੀ ਡੀ.ਈ.ਓ.), ਸ਼੍ਰੀਮਤੀ ਸੁਰਜੀਤ ਕੌਰ (ਡਿਪਟੀ ਡੀ.ਈ.ਓ.), ਸ੍ਰੀ ਕੇਵਲ ਰਾਣਾ, ਸ੍ਰੀ ਸਰਦਾਰਾ ਸਿੰਘ ਚੀਮਾ, ਸ੍ਰੀਮਤੀ ਸੰਤੋਸ਼ ਗਰਗ, ਸ੍ਰੀ ਹਰਪ੍ਰੀਤ ਸਿੰਘ ਚਨੂੰ, ਸ੍ਰੀਮਤੀ ਊਸ਼ਾ ਕੰਵਰ, ਸ੍ਰੀਮਤੀ ਮਨਜੀਤ ਕੌਰ ਮੀਤ, ਪ੍ਰਿ. ਗੁਰਮੀਤ ਸਿੰਘ ਖਰੜ, ਸ੍ਰੀ ਭਗਤ ਰਾਮ ਰੰਘਾੜਾ, ਡਾ. ਬਲਦੇਵ ਸਿੰਘ ਸਪਤਰਿਸ਼ੀ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਹਾਜ਼ਰ ਨਾਮਵਰ ਸ਼ਖ਼ਸੀਅਤਾਂ ਵੱਲੋਂ ਮਿਲ ਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਿੰਦਰ ਘੁਗਿਆਣਵੀ ਅਤੇ ਸ੍ਰੀ ਤਰਸੇਮ ਚੰਦ (ਪੀ.ਸੀ.ਐੱਸ.) ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਮਿਸ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਇੰਸਟ੍ਰਕਟਰ ਸ. ਜਤਿੰਦਰਪਾਲ ਸਿੰਘ, ਕਲਰਕ ਲਲਿਤ ਕਪੂਰ, ਸ. ਗੁਰਵਿੰਦਰ ਸਿੰਘ ਅਤੇ ਸਿਖਿਆਰਥੀ ਵੀ ਮੌਜੂਦ ਸਨ।