ਪੀ.ਏ.ਯੂ. ਵਿਚ ਪ੍ਰਸਿੱਧ ਪਲਾਂਟ ਬਰੀਡਰ ਡਾ ਹਰਦਿਆਲ ਸਿੰਘ ਬਰਾੜ ਨਮਿੱਤ ਸ਼ੋਕ ਸਭਾ ਹੋਈ
ਲੁਧਿਆਣਾ 1 ਦਸੰਬਰ 2023 - ਬੀਤੇ ਦਿਨੀਂ ਇਸ ਸੰਸਾਰ ਨੂੰ ਵਿਦਾ ਆਖ ਗਏ ਪ੍ਰਸਿੱਧ ਪਲਾਂਟ ਬਰੀਡਰ ਅਤੇ ਬੀਜ ਮਾਹਿਰ ਡਾ. ਹਰਦਿਆਲ ਸਿੰਘ ਬਰਾੜ ਦੇ ਨਮਿੱਤ ਇਕ ਸ਼ੋਕ ਸਭਾ ਪੀ.ਏ.ਯੂ. ਵਿਚ ਕਰਵਾਈ ਗਈ| ਇਸ ਸ਼ੋਕ ਸਭਾ ਵਿਚ ਆਪਣੇ ਸੰਦੇਸ਼ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਡਾ. ਬਰਾੜ ਪ੍ਰਸਿੱਧ ਪਲਾਂਟ ਬਰੀਡਰ ਵਜੋਂ ਪੀ.ਏ.ਯੂ. ਪਰਿਵਾਰ ਦਾ ਅਹਿਮ ਹਿੱਸਾ ਰਹੇ| ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਮਾਲਸਰ ਵਿਚ ਪੈਦਾ ਹੋਏ ਸ. ਬਰਾੜ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਪੀ.ਏ.ਯੂ. ਲੁਧਿਆਣਾ ਦੇ ਪ੍ਰਸਿੱਧ ਪਲਾਂਟ ਬਰੀਡਰ ਵਜੋਂ ਵਿਸ਼ੇਸ਼ ਮੁਕਾਮ ਹਾਸਲ ਕੀਤਾ| ਉਹਨਾਂ ਨੇ ਯੂਨੀਵਰਸਿਟੀ ਦੇ ਬੀਜ ਢਾਂਚੇ ਦੇ ਵਿਕਾਸ ਲਈ ਸੱਠਵਿਆਂ ਵਿਚ ਬੜਾ ਇਤਿਹਾਸਕ ਕੰਮ ਕੀਤਾ| ਉਹਨਾਂ ਡਾ. ਬਰਾੜ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ|
ਜ਼ਿਕਰਯੋਗ ਹੈ ਕਿ 1930 ਵਿਚ ਜਨਮੇ ਡਾ. ਬਰਾੜ ਨੇ ਖਾਲਜਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ਵਿਸ਼ੇ ਵਿਚ ਬੀ ਐੱਸ ਸੀ ਅਤੇ ਪੀ.ਏ.ਯੂ. ਲੁਧਿਆਣਾ ਤੋਂ ਐੱਮ ਐੱਸ ਸੀ ਕੀਤੀ| ਉਹਨਾਂ ਨੇ ਪਲਾਂਟ ਬਰੀਡਰ ਦੇ ਤੌਰ ਤੇ ਆਪਣੀ ਸੇਵਾ ਨਿਭਾਉਂਦਿਆਂ ਡਾ. ਡੀ ਐੱਸ ਅਠਵਾਲ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਖੇਮ ਸਿੰਘ ਗਿੱਲ, ਡਾ. ਅਮਰਜੀਤ ਸਿੰਘ ਖਹਿਰਾ ਅਤੇ ਡਾ. ਅਮਰੀਕ ਸਿੰਘ ਚੀਮਾ ਨਾਲ ਵੀ ਕੰਮ ਕੀਤਾ| ਯੂਨੀਵਰਸਿਟੀ ਦੇ ਵੱਖ-ਵੱਖ ਬੀਜ ਫਾਰਮਾਂ ਦੇ ਨਿਰਦੇਸ਼ਕ ਵਜੋਂ ਸੇਵਾ ਕਰਦਿਆਂ ਮਿਆਰੀ ਬੀਜਾਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਉਣ ਲਈ ਉੱਘਾ ਯੋਗਦਾਨ ਪਾਇਆ| ਉਹਨਾਂ ਦੀ ਅੰਤਿਮ ਅਰਦਾਸ 3 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਗੁਰਦੁਆਰਾ ਮਾਤਾ ਬਿਸ਼ਨ ਕੌਰ, ਪ੍ਰੋਫੈਸਰ ਕਲੋਨੀ, ਬਾੜੇਵਾਲ ਰੋਡ, ਲੁਧਿਆਣਾ ਵਿਖੇ ਹੋਵੇਗੀ|