ਪੰਮੀ ਬਾਈ ਦੇ "ਜਾਗਦੇ ਪੰਜਾਬ' ਨੇ ਚੁੱਕਿਆ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ-ਲਿਫ਼ਾਫ਼ੇ ਵੇਚਣ ਵਾਲੀ ਬੱਚੀ ਦੇ ਖ਼ਰਚੇ ਦਾ ਕੀਤਾ ਐਲਾਨ
ਪੰਮੀ ਬਾਈ ਨੇ ਚੁੱਕਿਆ 13 ਸਾਲ ਦੀ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚਾ, ਲਿਫ਼ਾਫ਼ੇ ਵੇਚ ਕੇ ਕਰਵਾ ਰਹੀ ਹੈ ਪਿਤਾ ਦਾ ਇਲਾਜ
ਲਹਿਰਾਗਾਗਾ, 21 ਮਈ 2021 - 'ਸਹਾਇਤਾ ਐਨ ਜੀਓ ਰਾਹੀਂ ਜਾਗਦਾ ਪੰਜਾਬ ਵੱਲੋਂ ਪੰਜਾਬ 'ਚ ਕੋਈ ਵੀ ਗ਼ਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਗਾਇਕ ਅਤੇ ਫ਼ਿਲਮ ਅਦਾਕਾਰ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਸਕੱਤਰ ਜਨਰਲ 'ਜਾਗਦਾ ਪੰਜਾਬ' ਨੇ ਅੱਜ ਲਹਿਰਾਗਾਗਾ ਵਿਖੇ ਲਿਫ਼ਾਫ਼ੇ ਵੇਚ ਕੇ ਆਪਣੇ ਪਿਤਾ ਦਾ ਇਲਾਜ ਕਰਵਾ ਰਹੀ ਅਤੇ ਆਪਣਾ ਪਰਿਵਾਰ ਪਾਲ ਰਹੀ 13 ਸਾਲ ਦੀ ਰਾਧਾ ਨਾਂਅ ਦੀ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਬੱਚੀ ਦੇ ਪਿਤਾ ਦਾ ਇਲਾਜ ਵੀ "ਜਾਗਦਾ ਪੰਜਾਬ" ਰਾਹੀਂ "ਸਹਾਇਤਾ" ਐਨ ਜੀ ਓ ਵੱਲੋਂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਪੱਤਰਕਾਰ ਪ੍ਰਵੀਨ ਖੋਖਰ ਦੇ ਜਿਸ ਨੇ ਪੜ੍ਹਾਈ ਛੱਡ ਕੇ ਬਾਜ਼ਾਰ ਵਿੱਚ ਲਿਫ਼ਾਫ਼ੇ ਵੇਚ ਕੇ ਆਪਣੇ ਪਿਤਾ ਦਾ ਇਲਾਜ ਕਰਵਾ ਰਹੀ ਤੇ ਆਪਣਾ ਪਰਿਵਾਰ ਪਾਲ ਰਹੀ ਬੱਚੀ ਦੀ ਖ਼ਬਰ ਲਾ ਕੇ ਸਾਨੂੰ ਸੁਚੇਤ ਕੀਤਾ ਹੈ .
ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹਨ , ਅਤੇ ਉਨ੍ਹਾਂ ਦੇ ਮਾਪਿਆਂ ਕੋਲ ਪੜ੍ਹਾਉਣ ਲਈ ਪੈਸਾ ਨਹੀਂ, ਉਨ੍ਹਾਂ ਨੂੰ ਪੜ੍ਹਾਉਣ ਦਾ ਕਾਰਜ "ਜਾਗਦਾ ਪੰਜਾਬ" ਪਹਿਲਾਂ ਤੋਂ ਹੀ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਖਾਂ ਲੋਕ ਇਸ ਤਰ੍ਹਾਂ ਦੀ ਗ਼ੁਰਬਤ ਵਿੱਚ ਜਿਊਂਦੇ ਹਨ ,ਜਿਨ੍ਹਾਂ ਦੀ ਕੋਈ ਖ਼ਬਰ ਨਹੀਂ ਲੱਗਦੀ.
ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਆਪਣਾ ਬਚਪਨ ਲਗਾ ਕੇ ਬਾਲ ਮਜ਼ਦੂਰੀ ਕਰਨ . ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਪੜ੍ਹ ਕੇ ਆਪਣੇ ਮਾਪਿਆਂ ਦੀ ਡੰਗੋਰੀ ਬਣੇ।
ਉਨ੍ਹਾਂ ਕਿਹਾ ਕਿ "ਜਾਗਦਾ ਪੰਜਾਬ" ਚਾਹੁੰਦਾ ਹੈ ਕਿ ਪੰਜਾਬ ਚ ਪਹਿਲੀ ਤੋਂ ਕਾਲਜ ਤੱਕ ਦੀ ਮਿਆਰੀ ਪੜ੍ਹਾਈ ਮੁਫ਼ਤ ਹੋਵੇ ਤੇ ਪੰਜਾਬ ਦੇ ਹਰੇਕ ਪਿੰਡ ਵਿੱਚ ਬਹੁਤ ਵਧੀਆ ਸਿਹਤ ਸਹੂਲਤਾਂ ਤੋਂ ਇਲਾਵਾ ਥਾਣਿਆਂ ਅਤੇ ਕਚਹਿਰੀਆਂ ਵਿੱਚ ਲੋਕਾਂ ਨੂੰ ਇਨਸਾਫ਼ ਮੁਫ਼ਤ ਵਿੱਚ ਮਿਲੇ ਅਤੇ ਲੋਕਾਂ ਦੀ ਖੱਜਲ-ਖ਼ੁਆਰੀ ਨਾ ਹੋਵੇ।
ਪੰਮੀ ਬਾਈ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇਕਰ ਤੁਸੀਂ ਅਜਿਹਾ ਪੰਜਾਬ ਸਿਰਜਣਾ ਚਾਹੁੰਦੇ ਹੋ ਤਾਂ "ਜਾਗਦਾ ਪੰਜਾਬ" ਨਾਲ ਜੁੜੋ, ਪੰਜਾਬ ਨੂੰ ਹਲੂਣੋ, ਪੰਜਾਬ ਨੂੰ ਜਗਾਓ ਤਾਂ ਕਿ ਅਸੀਂ ਸਾਰੇ ਰਲ ਕੇ ਜਿਹੜੇ ਲੋਕ ਪੰਜਾਬ ਦੀ ਲੁੱਟ ਖਸੁੱਟ ਕਰ ਰਹੇ ਹਨ ਉਨ੍ਹਾਂ ਨੂੰ ਮਾਤ ਦੇ ਸਕੀਏ। ਉਨ੍ਹਾਂ ਕਿਹਾ ਕਿ ਸਿਆਸੀ ਲੋਕ ਪੰਜਾਬ ਨੂੰ ਮੰਗਤਾ ਬਣਾਉਣਾ ਚਾਹੁੰਦੇ ਹਨ ਪ੍ਰੰਤੂ ਅਸੀਂ ਆਪਣੇ ਪੰਜਾਬ ਨੂੰ ਮੰਗਤਾ ਨਹੀਂ ਬਣਨ ਦੇਣਾ, ਬਲਕਿ ਅਸੀਂ ਪੰਜਾਬ ਨੂੰ ਖ਼ੁਸ਼ਹਾਲ ਅਤੇ ਕਰਜ਼ਾ ਮੁਕਤ ਦੇਖਣਾ ਚਾਹੁੰਦੇ ਹਾਂ ਤਾਂ ਹੀ ਪੰਜਾਬ ਤਰੱਕੀ ਦੀਆਂ ਬਰੂੰਹਾਂ ਵੱਲ ਵਧੇਗਾ ਤੇ ਖ਼ੁਸ਼ਹਾਲ ਬਣੇਗਾ।
ਇਸ ਲਈ ਅਸੀਂ "ਜਾਗਦਾ ਪੰਜਾਬ" ਨਾਲ ਤੁਰੇ ਹਾਂ ਅਤੇ ਪੰਜਾਬ ਦੇ ਲੋਕ ਇਸ ਨਾਲ ਪਾਂਧੀ ਬਣ ਰਹੇ ਹਨ। ਉਨ੍ਹਾਂ ਪੰਜਾਬ ਦੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਮਨੁੱਖਤਾ ਦੀ ਭਲਾਈ ਲਈ ਅਜਿਹੇ ਮੁੱਦੇ ਉਭਾਰਨ ਤਾਂ ਕਿ ਅਜਿਹੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਸਹੀ ਇਨਸਾਫ਼ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ੋਨ ਦਿੜ੍ਹਬਾ ਦੇ ਪ੍ਰਧਾਨ ਰਣਜੀਤ ਸਿੰਘ ਸ਼ੀਤਲ, ਸੀਨੀਅਰ ਆਗੂ ਜਸਵਿੰਦਰ ਸਿੰਘ ਸੁਨਾਮੀ, ਮਨਿੰਦਰ ਸਿੰਘ ਲਖਮੀਰ ਵਾਲਾ,' ਗੋਪਾਲ ਜਿੰਦਲ ਜਖੇਪਲ, ਪਰਗਟ ਸਿੰਘ ਗਾਗਾ, ਪ੍ਰਵੀਨ ਖੋਖਰ, ਲੱਕੀ ਖੋਖਰ ਆਦਿ ਜਾਗਦਾ ਪੰਜਾਬ ਦੀ ਟੀਮ ਦੇ ਪ੍ਰਮੁੱਖ ਆਗੂ ਹਾਜ਼ਰ ਸਨ।