ਵੱਖ-ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਵਾਲੀਆਂ 8 ਸਖਸੀਅਤਾਂ ਨੂੰ ਫ਼ਖਰ-ਏ-ਕੌਮ ਮਾਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਅਵਾਰਡ ਨਾਲ ਕੀਤਾ ਸਨਮਾਨਿਤ
- ਯੂਨਾਈਟਿਡ ਯੂਥ ਫੈਡਰੇਸ਼ਨ ਨੇ ਮਨਾਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਹਾੜਾ
ਗਿਆਨ ਸਿੰਘ
ਲੁਧਿਆਣਾ 16 ਅਪ੍ਰੈਲ 2024 - ਯੂਨਾਈਟਿਡ ਯੂਥ ਫੈਡਰੇਸ਼ਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਮੌਕੇ ਸੰਤ ਬਾਬਾ ਨਿਰਮਲ ਸਿੰਘ ਜੀ ਹਾਪੁੜ ਵਾਲਿਆਂ ਤੋਂ ਇਲਾਵਾ ਭਾਈ ਪਰਮਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜੱਥਿਆਂ ਵੱਲੋਂ ਰੱਬੀ ਬਾਣੀ ਦੇ ਆਨੰਦਮਈ ਕੀਰਤਨ ਦੀ ਸੇਵਾ ਨਿਭਾਈ ਗਈ।
ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਸੇਵਾਵਾਂ ਨਿਭਾਉਣ ਵਾਲੀਆਂ 8 ਸਖਸੀਅਤਾਂ ਨੂੰ ਯੂਨਾਈਟਿਡ ਯੂਥ ਫੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਸਾਬਕਾ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ( ਪੰਜਾਬ ਸਰਕਾਰ) ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ ਨੇ ਕੇਹਰ ਸਿੰਘ ਮਠਾੜੂ (ਕੈਨੇਡਾ), ਚਰਨਜੀਤ ਸਿੰਘ ਝੰਡੇਆਣਾ (ਮੋਗਾ), ਜਗਦੀਸ਼ ਸਿੰਘ ਕੁਲਾਰ, ਡਾ. ਬਲਵਿੰਦਰ ਸਿੰਘ ਪਲਾਹਾ (ਜਗਰਾਉਂ), ਸੁਖਵਿੰਦਰ ਸਿੰਘ ਸੋਹਲ, ਰਣਜੀਤ ਸਿੰਘ ਲੋਟੇ, ਭੁਪਿੰਦਰ ਸਿੰਘ ਨੰਨ੍ਹੜੇ ਅਤੇ ਸਰਵਣ ਸਿੰਘ ਬਰਗਾੜੀ ਨੂੰ ਫ਼ਖਰੇ-ਕੌਮ ਮਾਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਵਾਰਡ ਪ੍ਰਾਪਤ ਸਖਸੀਅਤਾਂ ਨੇ ਅਪਣੇ ਸੰਬੋਧਨ ਵਿਚ ਜਿੱਥੇ ਯੂਨਾਈਟਿਡ ਯੂਥ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਸੋਹਣ ਸਿੰਘ ਗੋਗਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾਂਦੇ ਉਪਰਾਲੇ ਦੀ ਸਲਾਘਾ ਕੀਤੀ ਉੱਥੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਠਾਰ੍ਹਵੀਂ ਸਦੀ ਦੇ ਉੱਘੇ ਸੂਝਵਾਨ ਸੁਰਬੀਰ, ਸ਼ਸਤ੍ਰ ਵਿੱਦਿਆ ਵਿੱਚ ਨਿਪੁੰਨ, ਸਿੱਖੀ ਸਿਦਕ ਵਿੱਚ ਭਿਜੇ, ਗੁਰੂ’ਤੇ ਭਰੋਸਾ ਰੱਖਣ ਵਾਲੇ ਗੁਰਸਿੱਖ, ਰਾਜਸੀ ਸੂਝ-ਬੂਝ ਵਾਲੇ ਅਤੇ ਦਿਲੇਰ ਬੰਧੀ-ਛੋੜ ਆਗੂ ਹੋਏ ਹਨ। ਮਾਤਾ ਗੰਗੋ ਨੇ ਆਪਣੇ ਨਵਜੰਮੇ ਪਲੇਠੀ ਦੇ ਸਪੁੱਤਰ ਨੂੰ ਗੁੜ ਦੀ ਥਾਂ ਅੰਮ੍ਰਿਤ ਦੀ ਗੁੜ੍ਹਤੀ ਦਿਵਾਈ। ਵੱਡਾ ਹੋ ਕੇ ਉਸ ਨੇ ਆਪਣੇ ਬਜ਼ੁਰਗਾਂ ਦੀਆਂ ਪਾਈਆਂ ਪੈੜਾਂ ਵਿੱਚ ਹੋਰ ਵਾਧਾ ਕੀਤਾ। ਜੱਸਾ ਸਿੰਘ ਰਾਮਗੜ੍ਹੀਆ ਉਸ ਸਮੇਂ ਦੇ ਗੁਰਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਵਿੱਚ ਇੱਕ ਵਿਲੱਖਣ ਅਤੇ ਬੇਦਾਗ਼ ਹਸਤੀ ਦਾ ਮਾਲਕ ਸਨ, ਜਿਸ ਦੀ ਗਵਾਹੀ ਸਾਰੇ ਹੀ ਵਿਦਵਾਨ ਇਤਿਹਾਸਕਾਰ ਦਿੰਦੇ ਹਨ।
ਇਸ ਮੌਕੇ ਵਿਸੇਸ਼ ਤੌਰ ਤੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਮੀਤ ਸਿੰਘ ਕੁਲਾਰ, ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ, ਗੁਰਮੁੱਖ ਸਿੰਘ ਰੁਪਾਲ, ਭਾਈ ਕੁਲਵੀਰ ਸਿੰਘ, ਹਰਜਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਉੱਭੀ, ਹਰਦੀਪ ਸਿੰਘ ਗੁਰੂ, ਗੁਰਚਰਨ ਸਿੰਘ ਗੁਰੂ, ਮਨਜੀਤ ਸਿੰਘ ਰੂਪੀ, ਸਰੂਪ ਸਿੰਘ ਮਠਾੜੂ, ਚਰਨਜੀਤ ਸਿੰਘ ਚੰਨਾ, ਹਰੀ ਸਿੰਘ, ਜੋਗਾ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ ਸੋਂਦ, ਗੁਰਵਿੰਦਰ ਸਿੰਘ ਗਿੰਦਾ, ਪਰਵਿੰਦਰ ਸਿੰਘ ਸੋਹਲ, ਦਵਿੰਦਰ ਸਿੰਘ ਪ੍ਰਧਾਨ (ਪੀਐੱਸਯੂਏ), ਰਜਿੰਦਰ ਸਿੰਘ ਮਠਾੜੂ, ਜੀਵਨ ਸੇਖਾ, ਅਵਤਾਰ ਸਿੰਘ ਘੜਿਆਲ, ਸਤਵੰਤ ਸਿੰਘ ਮਠਾੜੂ, ਆਕਾਸ਼ ਵਰਮਾ ਵੀ ਹਾਜਰ ਸਨ।