ਲੁਧਿਆਣਾ, 20 ਸਤੰਬਰ 2019 - ਕੌਮੀ ਤਿਉਹਾਰ ਬਣ ਚੁੱਕੇ ਫਰੀਦਕੋਟ ਸ਼ਹਿਰ ਵਿੱਚ ਚੱਲ ਰਹੇ ਬਾਬਾ ਫ਼ਰੀਦ ਆਗਮਨ ਪੁਰਬ ਦੌਰਾਨ ਲਿਟਰੇਰੀ ਫੋਰਮ ਫਰੀਦਕੋਟ ਵੱਲੋਂ 21 ਸਤੰਬਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ 15ਵਾਂ ਸ਼ੇਖ਼ ਫ਼ਰੀਦ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਸਿੱਧ ਸਾਹਿਤਕਾਰ, ਸ਼੍ਰੋਮਣੀ ਕਵੀ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਬਾਬਾ ਸ਼ੇਖ਼ ਫ਼ਰੀਦ ਪੁਰਸਕਾਰ-2019 ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਪ੍ਰੋ. ਗੁਰਭਜਨ ਗਿੱਲ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਖੇਡ ਖੇਤਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਹੈ ਜਿਸ ਨੇ ਹਰ ਵਰਗ ਵਿੱਚ ਆਪਣੀ ਗੂੜ੍ਹੀ ਪਛਾਣ ਬਣਾਈ ਹੈ।
ਉਹ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ( ਸਾਹਿਤ ਤੇ ਸਭਿਆਚਾਰ) ਵਜੋਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ .
ਗੁਰਭਜਨ ਗਿੱਲ ਦੀ ਰਹਿਣੀ-ਸਹਿਣੀ, ਕਹਿਣੀ-ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਚੁੱਕਿਆ ਹੈ।
ਗੁਰਭਜਨ ਗਿੱਲ ਦਾ ਜਨਮ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ 1953 ਨੂੰ ਹੋਇਆ। ਪਿਤਾ ਸ. ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਦੇ ਸਭ ਤੋਂ ਛੋਟੇ ਪੁੱਤਰ ਗੁਰਭਜਨ ਗਿੱਲ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਰਪ੍ਰਸਤੀ ਘਰੋਂ ਹੀ ਮਿਲੀ। ਸਭ ਤੋਂ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ, ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦੀ ਮਿਲੀ ਸੇਧ ਨੇ ਗੁਰਭਜਨ ਗਿੱਲ ਦੀ ਲਿਆਕਤ ਦੀ ਨੀਂਹ ਅਜਿਹੀ ਮਜ਼ਬੂਤ ਕੀਤੀ ਕਿ ਹੁਣ ਉਹ ਪੰਜਾਬੀ ਸਾਹਿਤ, ਸੱਭਿਆਚਾਰ, ਖੇਡਾਂ, ਪੰਜਾਬੀਅਤ ਅਤੇ ਪੰਜਾਬੀ ਰਹਿਣੀ-ਸਹਿਣੀ ਦਾ ਵੱਡਾ ਬੋਹੜ ਦਾ ਦਰਖ਼ਤ ਬਣ ਗਿਆ। ਗੁਰਭਜਨ ਗਿੱਲ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਹੀ ਸਕੂਲੋਂ ਕੀਤੀ ਅਤੇ ਦਸਵੀਂ ਦੀ ਪੜ੍ਹਾਈ ਧਿਆਨਪੁਰੋਂ ਕੀਤੀ। ਗਿਆਰਵੀਂ ਤੇ ਬਾਰਵੀਂ ਕਾਲਾ ਅਫਗਾਨਾ ਕਾਲਜ ਤੋਂ ਕਰਨ ਤੋਂ ਬਾਅਦ ਗੁਰਭਜਨ ਗਿੱਲ ਨੇ ਦੋ ਦਰਿਆਵਾਂ ਬਿਆਸ ਤੇ ਸਤਲੁਜ ਨੂੰ ਪਾਰ ਕਰਦਿਆਂ ਲੁਧਿਆਣਾ ਦੇ ਜੀ.ਜੀ.ਐਨ. ਖਾਲਸਾ ਕਾਲਜਾ ਵਿੱਚ ਬੀ.ਏ. ਦੀ ਪੜ੍ਹਾਈ ਲਈ ਦਾਖਲਾ ਲੈ ਲਿਆ। ਇਹ ਗੁਰਭਜਨ ਗਿੱਲ ਦੀ ਜ਼ਿੰਦਗੀ ਦਾ ਅਹਿਮ ਮੋੜ ਸਾਬਤ ਹੋਇਆ ਜਿੱਥੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੀ। ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸਾਹਿਤ ਤੇ ਸੱਭਿਆਚਾਰ ਦਾ ਵੀ ਗੜ੍ਹ ਸੀ ਜਿੱਥੇ ਗੁਰਭਜਨ ਗਿੱਲ ਨੂੰ ਗੁਰੂ ਵਜੋਂ ਡਾ.ਐਸ.ਪੀ. ਸਿੰਘ ਦੀ ਸ਼ਾਗਿਰਦੀ ਅਤੇ ਮਿੱਤਰ ਵਜੋਂ ਸ਼ਮਸ਼ੇਰ ਸਿੰਘ ਸੰਧੂ ਦੀ ਦੋਸਤੀ ਦਾ ਸਾਥ ਮਿਲਿਆ। ਸਰਕਾਰੀ ਕਾਲਜ ਲੁਧਿਆਣਾ ਤੋਂ ਪੰਜਾਬੀ ਦੀ ਐਮ.ਏ. ਕਰਦਿਆਂ ਗੁਰਭਜਨ ਗਿੱਲ ਨੇ ਰਸਮੀ ਸਿੱਖਿਆ ਤਾਂ ਹਾਸਲ ਕੀਤੀ ਹੈ ਸਗੋਂ ਸਾਹਿਤ ਦੀ ਲੱਗੀ ਚੇਟਕ ਕਾਰਨ ਆਪਣੇ ਸਾਹਿਤਕ ਸ਼ੌਂਕਾਂ ਨੂੰ ਪੂਰਾ ਕੀਤਾ। 1975 ਵਿੱਚ ਕਾਲਜ ਦੀ ਪੜ੍ਹਾਈ ਦੌਰਾਨ ਗੁਰਭਜਨ ਗਿੱਲ ਨੂੰ ਪਹਿਲਾ ਸਨਮਾਨ 'ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ' ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਪਿੰਡ ਬਸੰਤ ਕੋਟ ਦੇ ਪ੍ਰਾਇਮਰੀ ਸਕੂਲ ਤੋਂ ਪੜਾਈ ਦਾ ਸਫਰ ਸ਼ੁਰੂ ਹੋਇਆ ਜੋ ਧਿਆਨਪੁਰ, ਕਾਲਾ ਅਫਗਾਨਾ ਹੁੰਦਾ ਹੋਇਆ ਲੁਧਿਆਣਾ ਦੇ ਦੋ ਕਾਲਜਾਂ ਵਿੱਚ ਸਿੱਖਿਆ ਹਾਸਲ ਕਰਨ ਉਪਰੰਤ ਪੂਰਾ ਹੋਇਆ।
ਗੁਰਭਜਨ ਗਿੱਲ ਨੇ ਪੜ੍ਹਾਈ ਪੂਰੀ ਕਰਦਿਆਂ 1976 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਦੋਰਾਹਾ ਕਾਲਜ ਵਿਖੇ ਇਕ ਸਾਲ ਸੇਵਾ ਨਿਭਾਉਣ ਤੋਂ ਬਾਅਦ ਲਾਜਪਤ ਰਾਏ ਮੈਮੋਰੀਅਲ ਜਗਰਾਉਂ ਵਿਖੇ 1977 ਤੋਂ 1983 ਤੱਕ ਛੇ ਸਾਲ ਪੜ੍ਹਾਈ ਗੁਰਭਜਨ ਗਿੱਲ ਨੇ ਅਪਰੈਲ 1983 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਨੌਕਰੀ ਜੁਆਇਨ ਕੀਤੀ ਜਿੱਥੇ ਉਨ੍ਹਾਂ ਤੀਹ ਸਾਲ ਸੇਵਾਵਾਂ ਨਿਭਾਈਆਂ। ਮਈ 2013 ਵਿੱਚ ਸੇਵਾ ਮੁਕਤੀ ਤੋਂ ਬਾਅਦ ਗੁਰਭਜਨ ਗਿੱਲ ਨੇ ਮਾਲਵੇ ਦੇ ਧੁਰ ਅੰਦਰ ਬਠਿੰਡਾ ਜ਼ਿਲੇ ਵਿੱਚ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਸੇਵਾਵਾਂ ਨਿਭਾਈਆਂ। ਆਪਣੀ ਸਰਵਿਸ ਦੌਰਾਨ ਉਨ੍ਹਾਂ ਸਾਹਿਤ ਖੇਤਰ ਦੀਆਂ ਸਿਖਰਾਂ ਛੋਹੀਆਂ। ਸਾਹਿਤ ਦੇ ਨਾਲ ਕਲਾ, ਸੱਭਿਆਚਾਰ, ਖੇਡਾਂ ਸਮੇਤ ਹਰ ਖੇਤਰ ਵਿੱਚ ਗੁਰਭਜਨ ਗਿੱਲ ਨੇ ਵੱਡੇ ਮੀਲ ਪੱਥਰ ਸਥਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਦਾ ਘੇਰਾ ਸਮਾਜ ਦੇ ਹਰ ਵਰਗ ਤੱਕ ਪਹੁੰਚਿਆ।
ਗੁਰਭਜਨ ਗਿੱਲ ਦੀ ਪਹਿਲੀ ਪੁਸਤਕ ਕਾਵਿ 'ਸ਼ੀਸ਼ਾ ਝੂਠ ਬੋਲਦਾ ਹੈ' 1978 ਵਿੱਚ ਪ੍ਰਕਾਸ਼ਿਤ ਹੋਈ। ਹੁਣੇ ਜਿਹੇ ਉਨ੍ਹਾਂ ਦੀ ਸੋਲਵੀਂ ਪੁਸਤਕ ਮਨ ਪਰਦੇਸੀ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਸੋਲਾਂ ਕਾਵਿ ਸੰਗ੍ਰਹਿ ਤੇ ਇਕ ਵਾਰਤਕ ਪੁਸਤਕਵਾਤਾਵਰਣ ਬਾਰੇ ਕੈਮਰੇ ਦੀ ਅੱਖ ਬੋਲਦੀ ਲਿਖੀ। ਇਸ ਤੋਂ ਇਲਾਵਾ ਵੱਖ ਵੱਖ ਸੰਪਾਦਕਾਂ ਨੇ ਇਨ੍ਹਾਂ ਦੀ ਰਚਨਾ ਦੀਆਂ ਪੰਜ ਪੁਸਤਕਾਂ ਸੰਪਾਦਿਤ ਕੀਤੀਆਂ।
ਦੂਜੀ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ (1985) ਸੀ ਫੇਰ ਬੋਲ ਮਿਟੀ ਦਿਆ ਬਾਵਿਆਂ ਤੇ ਅਗਨ ਕਥਾ (2002)। 2005 ਵਿੱਚ ਧਰਤੀ ਨਾਦ ਤੋਂ ਸ਼ੁਰੂ ਕੀਤਾ ਸਫਰ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਤੇ 'ਖੈਰ ਪੰਜਾਂ ਪਾਣੀਆਂ ਦੀ', ਫੁੱਲਾਂ ਦੀ ਝਾਂਜਰ (2006), ਪਾਰਦਰਸ਼ੀ (2008), ਮੋਰ ਪੰਖ (2010), ਮਨ ਤੰਦੂਰ (2013), ਗੁਲਨਾਰ (2015), ਮਿਰਗਾਵਲੀ (2016), ਰਾਵੀ (2017), ਸੰਧੂਰਦਾਨੀ (2018), ਧਰਤੀ ਨਾਦ (2019) ਤੱਕ ਚਲਦਾ ਹੋਇਆ ਮਨ ਪਰਦੇਸੀ ਤੱਕ ਹੀ ਪੁੱਜ ਗਿਆ ਹੈ। ਸੰਪਾਦਿਤ ਕੀਤੀਆਂ ਪੰਜ ਪੁਸਤਕਾਂ ਵਿੱਚ ਸੁਰਖ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ, ਤਾਰਿਆਂ ਨਾਲ ਗੱਲਾਂ ਕਰਦਿਆਂ ਸ਼ਾਮਲ ਹੈ। ਵਾਰਤਕ ਦੀ ਇਕਲੌਤੀ ਪੁਸਤਕ 'ਕੈਮਰੇ ਦੀ ਅੱਖ ਬੋਲਦੀ' ਹੈ ਜਿਸ ਵਿੱਚ ਲੁਧਿਆਣੇ ਦੇ ਪ੍ਰਸਿੱਧ ਫੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਹਨ ਜਿੰਨ੍ਹਾਂ ਬਾਰੇ ਸ਼ਬਦ ਚਿੱਤਰ ਲਿਖਦਿਆਂ ਗੁਰਭਜਨ ਗਿੱਲ ਨੇ ਤਸਵੀਰਾਂ ਜਿੰਨੇ ਹੀ ਖੂਬਸੁਰਤ ਸ਼ਬਦ ਦਿੱਤੇ ਹਨ।
ਗੁਰਭਜਨ ਗਿੱਲ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਹੋਈ ਸਮਾਜਿਕ ਸਰੋਕਾਰਾਂ ਦੇ ਬਹੁਤ ਨੇੜੇ ਹੈ। ਸੂਚਨਾ ਤਕਨਾਲੋਜੀ ਦੇ ਦੌਰ ਵਿੱਚ ਗੁਰਭਜਨ ਗਿੱਲ ਉਹ ਸ਼ਾਹ ਅਸਵਾਰ ਹੈ ਜਿਸ ਕੋਲ ਹਰ ਵਿਸ਼ੇ ਦੀ ਹਰ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਉਸ ਦੇ ਦਾਇਰੇ ਵਾਲੇ ਲੋਕ 'ਗੂਗਲ' ਨਾਲੋਂ 'ਗਿੱਲ' ਉਪਰ ਜ਼ਿਆਦਾ ਯਕੀਨ ਕਰਦੇ ਹਨ। ਪ੍ਰੋ. ਗਿੱਲ ਨੇ ਹੁਣ ਤੱਕ 30-35 ਗੀਤ ਵੀ ਲਿਖੇ ਜਿਹੜੇ ਨਾਮੀਂ ਗਾਇਕਾਂ ਨੇ ਸੁਰਬੱਧ ਕੀਤੇ। ਇਨ੍ਹਾਂ ਵਿੱਚ '70 ਦੇ ਦਹਾਕੇ ਦੇ ਸਦਾਬਹਾਰ ਗਾਇਕਾਂ ਤੋਂ ਲੈ ਕੇ ਅੱਜ ਦੀ ਪੀੜ੍ਹੀ ਦਾ ਚੋਟੀ ਦਾ ਗਾਇਕ ਸ਼ਾਮਲ ਹੈ। ਇਨ੍ਹਾਂ ਗਾਇਕਾਂ ਵਿੱਚ ਸੁਰਿੰਦਰ ਛਿੰਦਾ, ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਕੁਲਦੀਪ ਪਾਰਸ, ਲਾਭ ਜੰਜੂਆ, ਹਰਭਜਨ ਮਾਨ, ਜਸਵੀਰ ਜੱਸੀ ਗੁਰਦਾਸਪੁਰੀ , ਸਾਬਰ ਕੋਟੀ, ਰਾਜ ਕਾਕੜਾ, ਹਰਦਿਆਲ ਪਰਵਾਨਾ, ਸੁਰਜੀਤ ਮਾਧੋਪੁਰੀ, ਵਿਜੇ ਯਮਲਾ ਜੱਟ, ਜਸਦੇਵ ਯਮਲਾ ਜੱਟ, ਡਾ.ਸੁਖਨੈਨ, ਅਕਬਰ ਅਲੀ, ਸ਼ੀਰਾ ਜਸਵੀਰ, ਹਰਿੰਦਰ ਸੋਹਲ, ਰਣਜੀਤ ਬਾਵਾ ਆਦਿ ਸ਼ਾਮਲ ਹੈ। ਅਣਜੰਮੀ ਧੀ ਦੀ ਗਾਥਾ ਸੁਣਾਉਂਦੀ ਕਵਿਤਾ 'ਲੋਰੀ' ਨੇ ਗੁਰਭਜਨ ਗਿੱਲ ਨੂੰ ਸਮਾਜ ਵਿੱਚ ਸਭ ਤੋਂ ਸਨਮਾਨ ਦਿਵਾਇਆ ਹੈ ਜਿੱਥੇ ਉਨ੍ਰਾਂ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਆਪਣੇ ਸ਼ਬਦਾਂ ਨਾਲ ਬਿਆਨ ਕੀਤਾ ਹੈ।
ਸਾਹਿਤਕ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉਹ ਚਾਰ ਸਾਲ 2010 ਤੋਂ 2014 ਤੱਕ ਪ੍ਰਧਾਨ ਰਹੇ ਅਤੇ ਇਸ ਕਾਰਜਕਾਲ ਦੌਰਾਨ ਲਾਮਿਸਾਲ ਕੰਮ ਕੀਤੇ। ਅਕਾਡਮੀ ਦਾ ਦਾਇਰਾ ਹੋਰ ਵੱਡਾ ਕੀਤਾ। ਉਹ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਸਕੱਤਰ ਜਨਰਲ ਵੀ ਰਹੇ ਜਿੱਥੇ ਉਨ੍ਹਾਂ ਪੰਜਾਬੀ ਸੱਭਿਆਚਾਰ ਦੇ ਭੀਸ਼ਮ ਪਿਤਾਮਾ ਸਵ. ਜਗਦੇਵ ਸਿੰਘ ਜੱਸੋਵਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਪ੍ਰੋ. ਮੋਹਨ ਸਿੰਘ ਮੇਲੇ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਈ। ਮਾਝੇ ਦੀਆਂ ਪ੍ਰਸਿੱਧ ਖੇਡਾਂ ਅਤੇ ਓਲੰਪਿਕ ਚਾਰਟਰ ਵਾਲੀਆਂ ਇਕਲੌਤੀਆਂ ਕਮਲਜੀਤ ਖੇਡਾਂ ਦੀ ਪ੍ਰਬੰਧਕੀ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਉਹ ਚੇਅਰਮੈਨ ਹਨ। ਉਹ 2012 ਤੋਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਬੱਸੀਆਂ (ਰਾਏਕੋਟ) ਦੇ ਚੇਅਰਮੈਨ ਚੱਲੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਬੱਸੀਆਂ ਕੋਠੀ(ਰਾਏਕੋਟ) ਵਿਖੇ ਖਾਲਸਾ ਰਾਜ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਅਦੁੱਤੀ ਯਾਦਗਾਰ ਬਣੀ। ਇਸ ਤੋਂ ਇਲਾਵਾ ਉਹ 1987 ਤੋਂ ਲੋਕ ਵਿਰਾਸਤ ਅਕੈਡਮੀ ਇੰਟਰਨੈਸ਼ਨਲ ਪੰਜਾਬ ਦੇ ਮੋਢੀ ਚੇਅਰਮੈਨ, ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਸ੍ਰੀ ਹਰਗੋਬਿੰਦਪੁਰ ਦੇ ਪੈਟਰਨ, ਸੱਭਿਆਚਾਰਕ ਸੱਥ ਪੰਜਾਬ ਦੇ ਪੈਟਰਨ ਅਤੇ 2016 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਲੋ ਹਨ।
ਗੁਰਭਜਨ ਗਿੱਲ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 2013 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ। ਇਸ ਸਾਲ ਉਨ੍ਹਾਂ ਨੂੰ ਖਾਲਸਾ ਕਾਲਜ ਪਟਿਆਲਾ ਵੱਲੋਂ ਖਾਲਸਾ ਗਲੋਬਲ ਐਵਾਰਡ ਨਾਲ ਸਨਮਾਨ ਹੋਇਆ। 2018 ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਅਕਾਡਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ 'ਫੈਲੋਸ਼ਿਪ' ਪੁਰਸਕਾਰ ਨਾਲ ਸਨਮਾਨਤ ਕੀਤਾ। ਜ਼ਿੰਦਗੀ ਵਿੱਚ ਮਿਲੇ ਹੋਰ ਮਾਣ-ਸਨਮਾਨਾਂ ਤੇ ਐਵਾਰਡਾਂ ਦੀ ਗੱਲ ਕਰੀਏ ਤਾਂ 2005 ਵਿੱਚ ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਐਵਾਰਡ ਤੇ ਸੁਰਜੀਤ ਰਾਮਪੁਰੀ ਐਵਾਰਡ, 2003 ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ, 2002 ਵਿੱਚ ਐਸ.ਐਸ.ਮੀਸ਼ਾ ਐਵਾਰਡ, ਗਿਆਨੀ ਸੁੰਦਰ ਸਿੰਘ ਐਵਾਰਡ ਤੇ ਪ੍ਰੋ. ਪੂਰਨ ਸਿੰਘ ਐਵਾਰਡ, 1998 ਵਿੱਚ ਬਾਵਾ ਬਲਵੰਤ ਐਵਾਰਡ, 1992 ਵਿੱਚ ਸ਼ਿਵ ਕੁਮਾਰ ਬਟਾਲਵੀ ਐਵਾਰਡ ਅਤੇ 1979 ਵਿੱਚ ਮਿਲਿਆ 'ਭਾਈ ਵੀਰ ਸਿੰਘ ਐਵਾਰਡ' ਮਿਲਿਆ। 1975 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਿਲਿਆ ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਉਨ੍ਹਾਂ ਦਾ ਪਹਿਲਾ ਸਨਮਾਨ ਸੀ।