ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਤੇ ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਬਾਲ ਅਨੰਦ ਦਾ ਨੌਇਡਾ ਵਿੱਚ ਦੇਹਾਂਤ
- ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 29 ਜੁਲਾਈ 2022 - ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ, ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸ਼੍ਰੀ ਬਾਲ ਅਨੰਦ ਜੀ ਦਾ ਅੱਜ ਗਰੇਟਰ ਨੌਇਡਾ (ਨੇੜੇ ਨਵੀਂ ਦਿੱਲੀ) ਵਿਖੇ ਦੇਹਾਂਤ ਹੋ ਗਿਆ ਹੈ। 1943 ਵਿੱਚ ਪਿੰਡ ਜੰਡਾਲੀ (ਨੇੜੇ ਪਾਇਲ ) ਜ਼ਿਲ੍ਹਾ ਲੁਧਿਆਣਾ ਵਿਖੇ ਸੰਤ ਸੁਭਾਅ ਵੈਦ ਹਰੀ ਦਯਾਲ ਦੇ ਘਰ ਮਾਤਾ ਮਲਕੀਤ ਕੌਰ ਦੀ ਕੁਖੋਂ ਜਨਮੇ ਸ਼੍ਰੀ ਬਾਲ ਅਨੰਦ ਦਾ ਅੰਤਿਮ ਸੰਸਕਾਰ ਕੱਲ੍ਹ ਗਰੇਟਰ ਨੌਇਡਾ ਵਿਖੇ ਦੁਪਹਿਰ ਇੱਕ ਵਜੇ ਮੋਕਸ਼ ਧਾਮ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਬਾਲ ਅਨੰਦ ਜੀ ਦਾ ਜੱਦੀ ਪਿੰਡ ਫਲੌਂਡ ਕਲਾਂ (ਮਲੇਰਕੋਟਲਾ) ਸੀ। ਆਪ ਨੇ ਡੀ ਏ ਵੀ ਕਾਲਿਜ ਜਲੰਧਰ ਤੋਂ ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਅੰਗਰੇਜ਼ੀ ਪਾਸ ਕੀਤੀ। ਡੀ ਏ ਵੀ ਕਾਲਿਜ ਜਲੰਧਰ, ਗੌਰਮਿੰਟ ਕਾਲਿਜ ਬਠਿੰਡਾ ਤੇ ਗੌਰਮਿੰਟ ਕਾਲਿਜ ਕਰਮਸਰ(ਲੁਧਿਆਣਾ) ਵਿੱਚ ਕੁਝ ਸਮਾਂ ਪੜ੍ਹਾਉਣ ਉਪਰੰਤ ਆਪ ਇੰਡੀਅਨ ਫਾਰਿਨ ਸਰਵਿਸ ਲਈ ਚੁਣੇ ਗਏ ਸਨ।
ਨੌਂ ਮੁਲਕਾਂ ਵਿੱਚ ਰਾਜਦੂਤਕ ਸੇਵਾਵਾਂ ਨਿਭਾਉਣ ਵਾਲੇ ਸ਼੍ਰੀ ਬਾਲ ਅਨੰਦ ਨੇ ਜੀਵਨ ਦਾ ਆਖਕੀ ਸਮਾਂ ਸਾਹਿੱਤ ਸੇਵਾ ਅਤੇ ਪੇਂਡੂ ਬੱਚਿਆਂ ਦਾ ਆਤਮ ਬਲ ਉੱਚਾ ਕਰਨ ਤੇ ਲਾਇਆ।
ਪੰਜਾਬੀ ਲੋਕ ਵਿਕਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਗੌਰਮਿੰਟ ਕਾਲਿਜ ਦੇ ਪੁਰਾਣੇ ਵਿਦਿਆਰਥੀਆਂ ਦੀ ਸਭਾ ਦੇ ਬੁਲਾਰੇ ਸ਼੍ਰੀ ਬ੍ਰਿਜ ਭੂਸ਼ਨ ਗੋਇਲ, ਉੱਘੇ ਲੇਖਕ ਅਮਰਜੀਤ ਸਿੰਘ ਹੇਅਰ ਸਾਬਕਾ ਮੁਖੀ ਭਾਸ਼ਾਵਾਂ ਵਿਭਾਗ ਪੀ ਏ ਯੂ, ਲੁਧਿਆਣਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਚਾਂਸਲਰ ਡਾਃ ਸ ਸ ਜੌਹਲ, ਗੁਰੂ ਨਾਨਕ ਦੇਵ ਯੂਨੀਃ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ ਤੇ ਪ੍ਰੋਃ ਰਵਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਵੀ ਸ਼੍ਰੀ ਬਾਲ ਅਨੰਦ ਦੇ ਦੇਹਾਂਤ ਤੇ ਡੂੰਘੇ ਅਫਸ਼ੋਸ ਦਾ ਪ੍ਰਗਟਾਵਾ ਕੀਤਾ ਹੈ।