ਕੈਨੇਡਾ: ਪੀ ਏ ਯੂ ਦੇ ਸਾਬਕਾ ਸਾਬਕਾ ਸਟੂਡੈਂਟ ਤੇ ਨਾਮੀ ਸਿੱਖਿਆ ਮਾਹਰ ਬਣੇ ਯੂਨੀਵਰਸਿਟੀ ਆਫ ਸਸਕੈਚਵਨ ਦੇ ਵਾਈਸ ਪ੍ਰੈਜ਼ੀਡੈਂਟ
ਹਰਦਮ ਮਾਨ
ਸਰੀ, 10 ਸਤੰਬਰ 2020-ਕੈਲਗਰੀ ਯੂਨੀਵਰਸਿਟੀ ਵਿਚ ਬਤੌਰ ਡੀਨ ਸੇਵਾਵਾਂ ਦੇ ਰਹੇ ਡਾ. ਬਲਜੀਤ ਸਿੰਘ ਨੂੰ ਉਸ ਸਮੇਂ ਇਕ ਹੋਰ ਵਡੇਰਾ ਮਾਣ ਹਾਸਲ ਹੋਇਆ ਹੈ ਜਦੋਂ ਕੈਨੇਡਾ ਦੀ ਯੂਨੀਵਰਸਿਟੀ ਆਫ ਸਸਕੈਚਵਨ ਲਈ ਉਨ੍ਹਾਂ ਨੂੰ ਵਾਈਸ ਪ੍ਰੈਜ਼ੀਡੈਂਟ ਰਿਸਰਚ ਨਿਯੁਕਤ ਕੀਤਾ ਗਿਆ। ਇਸ ਸਬੰਧੀ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਪੀਟਰ ਸਟੋਸ਼ੈਫ ਨੇ ਦੱਸਿਆ ਕਿ ਡਾ. ਬਲਜੀਤ ਸਿੰਘ ਆਪਣਾ ਅਹੁਦਾ 1 ਫਰਵਰੀ 2021 ਨੂੰ ਸੰਭਾਲਣਗੇ।
ਪੰਜਾਬ ਦੇ ਪਿੰਡ ਮਕਸੂਦੜਾ ਜ਼ਿਲਾ ਲੁਧਿਆਣਾ ਦੇ ਜੰਮਪਲ ਡਾ. ਬਲਜੀਤ ਸਿੰਘ ਵੈਟਰਨਰੀ ਸਾਇੰਸ ਦੇ ਖੇਤਰ ਵਿਚ ਬਹੁਤ ਹੀ ਵਧੀਆ ਪ੍ਰਬੰਧਕ ਤੇ ਅਧਿਆਪਕ ਦੇ ਨਾਲ-ਨਾਲ ਫੇਫੜਿਆਂ ਦੇ ਜੀਵ ਵਿਗਿਆਨ ਤੇ ਸਰਜਰੀ ਦੇ ਮਾਹਿਰ ਹਨ। ਡਾ. ਬਲਜੀਤ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੈਟਰਨਰੀ ਸਾਇੰਸ ਵਿਚ ਗ੍ਰੈਜ਼ੂਏਸ਼ਨ, ਐਨੀਮਲ ਹਸਬੈਂਡਰੀ ਤੇ ਪੋਸਟ ਗ੍ਰੈਜ਼ੂਏਸ਼ਨ ਕਰਨ ਤੋਂ ਬਾਅਦ ਓਨਟਾਰੀਓ ਦੀ ਗਲਫ ਯੂਨੀਵਰਸਿਟੀ ਤੋਂ ਪੀ.ਐਚ ਡੀ. ਦੀ ਡਿਗਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਟੈਕਸਾਸ ਦੀ ਏ. ਐਂਡ ਐਮ. ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਤੋਂ ਸਿੱਖਿਆ ਹਾਸਲ ਕੀਤੀ।
ਨਵੀਂ ਨਿਯੁਕਤੀ ਉਪਰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਬਲਜੀਤ ਸਿੰਘ ਨੇ ਕਿਹਾ ਕਿ ਸਸਕੈਚਵਨ ਨਾਲ ਮੇਰੇ ਅਕਾਦਮਿਕ ਕੰਮ ਅਤੇ ਨਿੱਜੀ ਜ਼ਿੰਦਗੀ ਦੀ ਡੂੰਘੀ ਸਾਂਝ ਹੈ, ਇਸ ਲਈ ਮੈਨੂੰ ਵਾਈਸ ਪ੍ਰੈਜ਼ੀਡੈਂਟ ਰਿਸਰਚ ਦੀ ਭੂਮਿਕਾ ਲਈ ਨਿਯੁਕਤ ਕੀਤੇ ਜਾਣ ਦਾ ਸੱਚਮੁੱਚ ਮਾਣ ਮਹਿਸੂਸ ਹੋਇਆ ਹੈ ਅਤੇ ਸਸਕੈਚਵਨ ਯੂਨੀਵਰਸਿਟੀ ਵਿਚ ਵਾਪਸ ਆਉਣ ਦੇ ਇਸ ਅਵਸਰ ਲਈ ਮੈਂ ਧੰਨਵਾਦੀ ਹਾਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com