ਗੁਰਭਜਨ ਗਿੱਲ
ਲੁਧਿਆਣਾ, 31 ਜੁਲਾਈ 2018 -
ਆਪਣੇ ਵਾਰਿਸ ਲੱਭਦਾ ਫਿਰਦੈ ਊਧਮ ਸਿੰਘ ਸਰਦਾਰ ਅਜੇ ਵੀ।
ਉਹਦੇ ਪੈਰਾਂ ਹੇਠਾਂ ਹੁਣ ਵੀ ਖੰਡਿਓ ਂਤਿੱਖੀ ਧਾਰ ਅਜੇ ਵੀ।
ਕਾਲ਼ੀ ਰਾਤ ਲੰਗਾਰਨ ਦੇ ਲਈ ,ਬਿਜਲੀ ਹਾਲੇ ਕੜਕੀ ਜਾਵੇ,
ਜਾਗਣ ਦੇ ਲਈ ਸਾਨੂੰ ਕੂਕੇ,ਲਿਸ਼ਕ ਰਹੀ ਤਲਵਾਰ ਅਜੇ ਵੀ।
ਆਜ਼ਾਦੀ ਦਾ ਸੁਪਨ ਅਧੂਰਾ,ਵੀਰੋ ਕਿਉਂ ਨਾ ਕਰਦੇ ਪੂਰਾ,
ਸੁਣਦੇ ਕਿਉਂ ਨਾ ,ਧਰਤੀ ਮਾਂ ਕੁਰਲਾਵੇ ਬਾਰ ਮ ਬਾਰ ਅਜੇ ਵੀ।
ਮਾਝੇ ਨਾਲ ਦੋਆਬਾ ਜਾਗੇ,ਤੀਜਾ ਨੇਤਰ ਧਰਤਿ ਮਾਲਵਾ,
ਦੇਸ ਪੰਜਾਬੋਂ ਤੁਰੇ ਕਿਉਂ ਨਾ,ਬਾਜ਼ਾਂ ਵਾਲੀ ਡਾਰ ਅਜੇ ਵੀ।
ਨਾ ਕਿਰਤੀ ਲਈ ਕਿਰਤ ਵਸੀਲੇ, ਰੋਣ ਪਤੀਲੇ ਸੱਖਣੇ ਪੀਪੇ,
ਚੁੱਕੀ ਫਿਰਨ ਮਨਾਂ ਤੇ ਲੋਕੀਂ ਗੱਡੇ ਜਿੰਨਾ ਭਾਰ ਅਜੇ ਵੀ।
ਵੇਖ ਲਵੋ ਕਲਯੁਗ ਦਾ ਪਹਿਰਾ, ਕੁੱਤਿਆਂ ਦੀ ਰਖਵਾਲੀ ਬਿੱਲੀ,
ਰਾਜੇ ਸ਼ੀਂਹ ਮੁਕੱਦਮ ਓਹੀ, ਸਰਕ ਰਹੀ ਸਰਕਾਰ ਅਜੇ ਵੀ।
ਬੰਦ ਬੂਹੇ ਕਾਨੂੰਨ ਸਹਿਕਦਾ,ਸੋਨੇ ਦੇ ਪਿੰਜਰੇ ਵਿੱਚ ਕੈਦੀ,
ਇਸ ਦਾ ਰਾਖਾ ਅੱਜ ਤੀਕਰ ਹੈ,ਜ਼ਹਿਰੀ ਗਰਦ ਗੁਬਾਰ ਅਜੇ ਵੀ।