ਚੰਡੀਗੜ੍ਹ, 31 ਮਾਰਚ 2021: ਉਘੀ ਪੰਜਾਬੀ ਕਹਾਣੀਕਾਰਾ ਤਾਰਨ ਗੁਜਰਾਲ ਦੀ ਮੌਤ ਉਤੇ ਦੁਖ ਪਰਗਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਤਾਰਨ ਗੁਜਰਾਲ ਨੇ ਆਪਣਾ ਸਮੁਚਾ ਜੀਵਨ ਕਲਮ ਨੂੰ ਹੀ ਸਮਰਪਿਤ ਕਰ ਦਿਤਾ ਹੋਇਆ ਸੀ। ਉਨਾ ਦੀ ਮੌਤ ਨਾਲ ਇਕ ਪ੍ਰਪੱਕ ਕਲਮ ਖੁੱਸ ਗਈ ਹੈ। ਉਨਾ ਨੇ ਡੇਢ ਦਰਜਨ ਦੇ ਲਗਭਗ ਪੁਸਤਕਾਂ ਲਿਖਕੇ ਪੰਜਾਬੀ ਸਾਹਿਤ ਦਾ ਖਜਾਨਾ ਭਰਪੂਰ ਕੀਤਾ। ਸ੍ਰ ਚਰਨਜੀਤ ਸਿੰਘ ਚੰਨੀ ਨੇ ਤਾਰਨ ਜੀ ਦੇ ਬਦੇਸ਼ ਰਹਿੰਦੇ ਪਰਿਵਾਰ ਨਾਲ ਇਸ ਮੌਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਚੇਤੇ ਰਹੇ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਉਨਾ ਨੂੰ ਪਿਛਲੇ ਸਾਲ ਹੀ ਸ਼੍ਰੋਮਣੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ।
ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਤਾਰਨ ਗੁਜਰਾਲ ਹਮੇਸ਼ਾ ਆਪਣੀਆਂ ਕਹਾਣੀਆਂ ਦੇ ਪਾਤਰ ਦਬੇ ਕੁਚਲੇ ਤੇ ਅੜੇ ਥੁੜੇ ਵਰਗ ਦੇ ਲੋਕਾਂ ਨੂੰ ਬਣਾ ਕੇ ਉਨਾ ਦੀ ਲਿਖਤ ਰਾਹੀਂ ਆਵਾਜ ਬੁਲੰਦ ਕਰਦੇ ਸਨ ਤੇ ਸੁਲਝੀ ਹੋਈ ਸਖਸ਼ੀਅਤ ਦੇ ਮਾਲਕ ਸਨ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਤਾਰਨ ਜੀ ਦੀਆਂ ਲਿਖਤਾਂ ਰੌਚਕ ਪਰ ਭਾਵਪੂਰਨ ਹੁੰਦੀਆਂ ਸਨ ਤੇ ਪਾਠਕ ਨੂੰ ਕੀਲ ਲੈਂਦੀਆਂ ਸਨ। ਅਜ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਆਪ ਨੂੰ ਵਿਛੋੜੇ ਮੌਕੇ ਨਿਘੀ ਸ਼ਰਧਾਂਜਲੀ ਤੇ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।