ਪੰਜਾਬੀ ਕਵੀ ਮਹਿੰਦਰ ਸਾਥੀ ਸੁਰਗਵਾਸ
ਮੋਗਾ, 16 ਮਈ 2021 - ਮੋਗਾ ਵਾਸੀ ਪੰਜਾਬੀ ਕਵੀ ਮਹਿੰਦਰ ਸਾਥੀ ਸਖ਼ਤ ਬੀਮਾਰੀ ਉਪਰੰਤ ਬੀਤੀ ਸ਼ਾਮੀਂ ਨੂਰਪੁਰ ਬੇਦੀ ਵਿਖੇ ਸਦੀਵੀ ਅਲਵਿਦਾ ਕਹਿ ਗਏ ਹਨ। ਮੋਗਾ ਤੋਂ ਉਨ੍ਹਾਂ ਦਾ ਪਿਆਰਾ ਸਨੇਹੀ ਡਾ: ਸੰਦੀਪ ਦਾਖਾ ਉਨ੍ਹਾਂ ਨੂੰ ਕੀਰਤਪੁਰ ਸਾਹਿਬ (ਰੋਪੜ)ਲੈ ਗਿਆ ਸੀ, ਜਿੱਥੇ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਨੂਰਪੁਰ ਬੇਦੀ ਦੇ ਗੁਰਦੇਵ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਸੀ।
ਲੇਖਕ ਦੇ ਨਜ਼ਦੀਕੀ ਦੋਸਤ ਗੁਰਮੀਤ ਕੜਿਆਲਵੀ ਮੁਤਾਬਕ ਉਨ੍ਹਾਂ ਦੀ ਜੀਵਨ ਸਾਥਣ ਵੀ ਗੁਰਦੇ ਖ਼ਰਾਬ ਹੋਣ ਕਾਰਨ ਦੋ ਸਾਲ ਤੋਂ ਤਕਲੀਫ਼ ਵਿੱਚ ਹੋਣ ਕਰਕੇ ਡਾਇਲਿਸਿਜ਼ ਤੇ ਹੈ।
ਮਹਿੰਦਰ ਸਾਥੀ ਕਿਰਤੀ ਤੇ ਇਨਕਲਾਬੀ ਕਵੀ ਸੀ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਜਲਾਵਤਨ ਰੁੱਤ ਪਰਤੇਗੀ, ਮਸ਼ਾਲਾਂ ਬਾਲ਼ ਕੇ ਚੱਲਣਾ ਤੇ ਪੱਤਝੜ ਪ੍ਰਕਾਸ਼ਿਤ ਹੋ ਚੁਕੀਆਂ ਹਨ। 85 ਸਾਲ ਉਮਰ ਹੰਢਾ ਕੇ ਉਹ ਸਾਹਿੱਤਕ ਸਫ਼ਾਂ ਸੁੰਨੀਆਂ ਕਰ ਗਏ ਹਨ।
ਡਾ: ਸੰਦੀਪ ਦਾਖਾ ਨੇ ਹੁਣੇ ਫੋਨ ਤੇ ਦੱਸਿਆ ਕਿ ਮਹਿੰਦਰ ਸਾਥੀ ਜੀ ਦਾ ਅੰਤਿਮ ਸੰਸਕਾਰ ਪਰਿਵਾਰ ਦੀ ਸਲਾਹ ਅਨੁਸਾਰ 16 ਮਈ ਨੂੰ ਕੀਰਤਪੁਰ ਸਾਹਿਬ ਵਿਖੇ ਹੀ ਕੀਤਾ ਜਾਵੇਗਾ।
ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸ਼ਾਮੀਂ ਮਹਿੰਦਰ ਸਾਥੀ ਜੀ ਦੇ ਬੀਮਾਰ ਹੋਣ ਦੀ ਖ਼ਬਰ ਮਿਲਣ ਸਾਰ ਮੁੱਖ ਮੰਤਰੀ ਸਕੱਤਰੇਤ ਤੋਂ ਉਨ੍ਹਾਂ ਦੇ ਇਲਾਜ ਦੀ ਪ੍ਰਵਾਨਗੀ ਲੈ ਕੇ ਡਿਪਟੀ ਕਮਿਸ਼ਨਰ ਰੋਪੜ ਰਾਹੀਂ ਸਬੰਧਿਤ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਨੂੰ ਜਾਣਕਾਰੀ ਵੀ ਦੇ ਦਿੱਤੀ ਸੀ ਪਰ ਸਭ ਯਤਨ ਅਸਫ਼ਲ ਗਏ।
ਉਨ੍ਹਾਂ ਦੇ ਜਾਣ ਤੇ ਮਨ ਭਾਰੀ ਦੁੱਖ ਵਿੱਚ ਹੈ।