ਫ਼ਰੀਦਕੋਟ, 18 ਅਗਸਤ, 2016 : ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਵਲਕਾਰ ਅਤੇ ਗਿਆਨ ਪੀਠ ਪੁਰਸਕਾਰ ਜੇਤੂ 83 ਸਾਲਾਂ ਪ੍ਰੋ: ਗੁਰਦਿਆਲ ਸਿੰਘ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਮਸ਼ਾਨਘਾਟ ਜੈਤੋ ਵਿਖੇ ਪੂਰੇ ਰਾਜ ਪੱਧਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਵਾਈ ਫਾਇਰ ਕਰਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ, ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਉਨ੍ਹਾਂ ਦੀ ਦੇਹ ਨੂੰ ਫ਼ੁਲ ਭੇਟ ਕੀਤੇ। ਇਸ ਮੌਕੇ ਪੰਜਾਬ ਦੀਆਂ ਲਗਭਗ ਸਾਰੀਆਂ ਉੱਚ ਸਖਸ਼ੀਅਤਾਂ ਹਾਜ਼ਰ ਸਨ I
ਪੁਰਸਕਾਰ ਜੇਤੂ ਫਿਲਮ 'ਅੰਨ•ੇ ਘੋੜੇ ਦਾ ਦਾਨ' ਪ੍ਰੋ. ਗੁਰਦਿਆਲ ਸਿੰਘ ਦੇ ਪੰਜਾਬੀ ਨਾਵਲ ਉੱਤੇ ਹੀ ਆਧਾਰਿਤ ਸੀ ਜੋ ਕਿ ਉਨ੍ਹਾਂ ਨੇ ਸਾਲ 1976 ਵਿਚ ਲਿਖਿਆ ਸੀ। ਪ੍ਰੋ. ਗੁਰਦਿਆਲ ਸਿੰਘ ਇਕ ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸਨ। ਪ੍ਰੋ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਹੁਣ ਤੱਕ ਉੱਥੇ ਹੀ ਰਹਿੰਦੇ ਰਹੇ ਸਨ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਤੇ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਰਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰਿ•ਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ 1995 ਵਿੱਚ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋਏ। ਬਲਵੰਤ ਕੌਰ ਨਾਲ਼ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਉਨ੍ਹਾਂ ਨੇ ਆਪਣੀ ਪਹਿਲੀ ਕਹਾਣੀ ਭਾਗਾਂ ਵਾਲ਼ੇ ਤੋਂ ਇੱਕ ਕਹਾਣੀਕਾਰ ਦੇ ਤੌਰ ਉਤੇ ਸ਼ੁਰੂਆਤ ਕੀਤੀ ਸੀ ਜੋ 1957 ਵਿੱਚ ਪ੍ਰੋ. ਮੋਹਨ ਸਿੰਘ ਦੇ ਰਸਾਲੇ ਪੰਜ ਦਰਿਆ ਵਿੱਚ ਛਪੀ ਸੀ। ਉਨ੍ਹਾਂ ਦੀ ਆਮਦ ਨਾਲ਼ ਹੀ ਪੰਜਾਬੀ ਨਾਵਲ ਦਾ ਮੁਹਾਂਦਰਾ ਤਬਦੀਲ ਹੋਣਾ ਸ਼ੁਰੂ ਹੋਇਆ ਸੀ। 1964 ਵਿੱਚ ਛਪੇ ਉਨ੍ਹਾਂ ਦੇ ਪਹਿਲੇ ਨਾਵਲ ਮੜ•ੀ ਦਾ ਦੀਵਾ ਨਾਲ਼ ਪੰਜਾਬੀ ਵਿਚ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਪ੍ਰਗਟ ਹੋਈ। ਪ੍ਰੋ. ਗੁਰਦਿਆਲ ਸਿੰਘ ਦੇ ਨਾਵਲ ਅੱਧ ਚਾਨਣੀ ਰਾਤ ਅਤੇ ਮੜ•ੀ ਦਾ ਦੀਵਾ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਤਰਜਮਾ ਹੋਇਆ ਹੈ। ਉਨ੍ਹਾਂ ਦੇ ਦੋ ਨਾਵਲਾਂ ਮੜ•ੀ ਦਾ ਦੀਵਾ ਅਤੇ ਅੰਨ•ੇ ਘੋੜੇ ਦਾ ਦਾਨ ਦੀਆਂ ਕਹਾਣੀਆਂ 'ਤੇ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਮੜ•ੀ ਦਾ ਦੀਵਾ 'ਤੇ ਬਣੀ ਫ਼ਿਲਮ ਨੇ ਬੈਸਟ ਰੀਜ਼ਨਲ ਫਿਲਮ ਅਵਾਰਡ 1989 ਹਾਸਲ ਕੀਤਾ ਸੀ।