ਅਸ਼ੋਕ ਵਰਮਾ
ਬਠਿੰਡਾ, 15 ਜੂਨ 2020 - ਬੇਸ਼ੱਕ ਨਾਟਕਾਂ ਦੇ ਅੰਬਰ ਦਾ ਧਰੂ ਤਾਰਾ ਪ੍ਰਫੈਸਰ ਅਜਮੇਰ ਔਲਖ ਅੱਜ ਤੋਂ ਤਿੰਨ ਵਰੇ ਪਹਿਲਾਂ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਪਰ ਜਦੋਂ ਤੱਕ ਉਹ ਜਿਉਣਾ ਰਿਹਾ ਉਸ ਨੇ ਹਮੇਸ਼ਾ ਕਿਰਤੀਆਂ, ਕਿਸਾਨਾਂ ਤੇ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ। ਹਾਲਾਂਕਿ ਦੁਨੀਆਂ ਨੂੰ ਇੱਕ ਰੰਗ ਮੰਚ ਆਖਿਆ ਜਾਂਦਾ ਹੈ ਜਿੱਥੇ ਹਰ ਕੋਈ ਆਪਣੀ ਭੂਮਿਕਾ ਨਿਭਾਉਂਦਾ ਹੈ ਪਰ ਔਲਖ ਤਾਂ ਰੰਗ ਮੰਚ ਦੀ ਦੁਨੀਆਂ ਦਾ ਅੰਤ ਤੱਕ ਸ਼ਾਹ ਅਸਵਾਰ ਰਿਹਾ। ਪ੍ਰੋਫੈਸਰ ਔਲਖ ਦਾ ਜਨਮ 19 ਅਗਸਤ 1942 ਨੂੰ ਜ਼ਿਲਾ ਬਰਨਾਲਾ ਦੇ ਪਿੰਡ ਕੁੰਭੜਵਾਲ ਵਿਖੇ ਹੋਇਆ। ਉਸ ਦੇ ਜਨਮ ਤੋਂ ਕੁੱਝ ਵਰੇ ਬਾਅਦ ਉਸ ਦਾ ਪ੍ਰੀਵਾਰ ਪਿੰਡ ਕਿਸ਼ਨਗੜ ਫਰਵਾਹੀਂ ਆ ਵਸਿਆ ਜਿੱਥੇ ਔਲਖ ਦਾ ਬਚਪਨ ਬਹੁਤ ਹੀ ਗਰੀਬੀ ’ਚ ਬੀਤਿਆ। ਸੁਰਤ ਸੰਭਾਲਦਿਆਂ ਹੀ ਉਸ ਨੇ 1947 ਦੀ ਭਾਤ ਪਾ ਵੰਡ ਸਮੇਂ ਪੈਦਾ ਹੋਈ ਭਰਾ ਮਾਰੂ ਜੰਗ ਦੀ ਪੀੜਾ ਨੂੰ ਅੱਖੀਂ ਦੇਖਿਆ ਜੋ ਉਸ ਦੇ ਮਨ ਤੇ ਡੂੰਘੀ ਛਾਪ ਛੱਡ ਕੇ ਗਈ। ਇੰਨੀਂ ਦਿਨੀਂ ਰਜਵਾੜਾਸ਼ਾਹੀ ਦਾ ਬੋਲਬਾਲਾ ਸੀ ਅਤੇ ਵਟਾਈ ਤੇ ਜਮੀਨਾਂ ਲੈਣ ਵਾਲੇ ਕਿਸਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਇੰਨਾਂ ਕਿਸਾਨਾਂ ਦਾ ਦਰਦ ਉਸ ਨੇ ਪਿੰਡੇ ਤੇ ਹੰਢਾਇਆ। ਇਹੋ ਕਾਰਨ ਹੈ ਕਿ ਪ੍ਰੋ. ਔਲਖ ਦੀ ਹਰ ਰਚਨਾ ਅਤੇ ਪੇਸ਼ਕਾਰੀ ਦੌਰਾਨ ਪਿੰਡ ਦੀਆਂ ਯਾਦ ਝਲਕਦੀ ਦਿਖਾਈ ਦਿੰਦੀ।
ਔਲਖ ਨੇ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਅਤੇ ਦਸਵੀਂ ਦੀ ਪੜਾਈ ਭੀਖੀ ਦੇ ਨੈਸ਼ਨਲ ਹਾਈ ਸਕੂਲ ਚੋਂ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਪ੍ਰਾਈਵੇਟ ਪੜੀ ਅਤੇ ਮਗਰੋਂ ਇਸੇ ਵਰਸਿਟੀ ਤੋਂ ਐਮ. ਏ. ਅਤੇ ਐਮ. ਫਿਲ ਕੀਤੀ। ਸਾਲ 1965 ‘ਚ ਉਸ ਨੂੰ ਨਹਿਰੂ ਮੈਮੋਰੀਅਲ ਕਾਲਜ ਮਾਨਸਾ ’ਚ ਲੈਕਚਰਾਰ ਨਿਯੁਕਤ ਕੀਤਾ ਗਿਆ ਤਾਂ ਉਹ ਪਿੰਡ ਛੱਡ ਕੇ ਮਾਨਸਾ ਵਸ ਗਿਆ। ਪ੍ਰੋ. ਔਲਖ ਨੇ ਪੜਾਈ ਦੌਰਾਨ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਪਿੱਛੋਂ ਉਸਾਰੂ ਗੀਤ ਤੇ ਕਹਾਣੀਆਂ ਲਿਖਣ ਲੱਗੇ । ਪ੍ਰੋਫੈਸਰ ਔਲਖ ਦਾ ਲਿਖਿਆ ਨਾਵਲ ‘ਜਗੀਰਦਾਰੀ’ ਪੜੀਏ ਤਾਂ ਸਾਫ ਪਤਾ ਲਗਦਾ ਹੈ ਕਿ ਸਮਾਜਿਕ ਤਾਣੇ ਬਾਣੇ ਤੇ ਕਿਰਤੀ ਵਰਗਾਂ ਲਈ ਅਤੀਅੰਤ ਘਾਤਕ ਜਗੀਰੂ ਪ੍ਰਥਾ ਤੇ ਸੋਚ ਨੂੰ ਖਤਮ ਕਰਨ ਵਾਸਤੇ ਉਨਾਂ ’ਚ ਕਿੰਨਾਂ ਰੋਹ ਸੀ। ਪ੍ਰੋਫੈਸਰ ਔਲਖ ਨੂੰ ਕਾਲਜ ਦੇ ਕਲਚਰਲ ਵਿੰਗ ਦਾ ਮੁਖੀ ਬਣਾਇਆ ਗਿਆ ਤਾਂ ਵਿਦਿਆਰਥੀਆਂ ਨੂੰ ਨਾਟਕ ਖਿਡਾਉਂਦਿਆਂ ਉਨਾਂ ਦਾ ਰੁਝਾਨ ਨਾਟਕ ਲਿਖਣ ਵੱਲ ਹੋ ਗਿਆ। ਉਸ ਮਗਰੋਂ ਪ੍ਰੌ.ਔਲਖ ਨੇ ਸਾਰੀ ਜਿੰਦਗੀ ਨਾਟਕ ਲਿਖਣ ਅਤੇ ਮੰਚਨ ਤੇ ਲਾ ਦਿੱਤੀ। ‘ ਲੋਕ ਕਲਾ ਮੰਚ’ ਨਾਂ ਦੀ ਸੰਸਥਾ ਬਣਾ ਕੇ ਉਸ ਰਾਹੀਂ ਨਵੇਂ ਕਲਾਕਾਰ ਪੈਦਾ ਕੀਤੇ । ਸੇਵਾਮੁਕਤੀ ਤੋਂ ਬਾਅਦ ਵਿਗੜ ਚੁੱਕੀ ਸਿਹਤ ਦੇ ਬਾਵਜੂਦ ਪ੍ਰੋਫੈਸਰ ਔਲਖ ਦੀ ਚਿਣਗ ਮੱਠੀ ਨਹੀਂ ਪਈ ਬਲਕਿ ਉਹ ਲਗਾਤਾਰ ਨਾਟਕਾਂ ਨਾਲ ਜੁੜਿਆ ਰਿਹਾ।
ਪ੍ਰੋ. ਔਲਖ ਨੇ ਲਘੂ ਅਤੇ ਇਕਾਂਗੀ ਨਾਟਕਾਂ ਦੀ ਰਚਨਾ ਕੀਤੀ ਉਸ ਦੀ ਪਲੇਠੀ ਰਚਨਾ ‘ਅਰਬਦ ਨਰਬਦ ਧੁੰਧੁਕਾਰਾ’ ’ਚ ਲਿਖੀ ਸੀ ਜਦੋਂਕਿ ‘ਬਿਗਾਨੇ ਬੋਹੜ ਦੀ ਛਾਂ ’ , ‘ਅੰਨੇ ਨਿਸ਼ਾਨਚੀ , ਮੇਰੇ ਚੋਣਵੇਂ ਇਕਾਂਗੀ, ਗਾਨੀ , ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ ਰਚੀਆਂ ਸਨ। ਔਲਖਾਂ ਨੇ ਸੱਤ ਬਿਗਾਨੇ , ਭੱਜੀਆਂ ਬਾਹਾਂ (ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਭੱਜੀਆਂ ਬਾਹਾਂ ਦਾ ਨਾਟਕੀ ਰੂਪਾਂਤਰਣ), ਕੇਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ ਆਦਿ ਪੂਰੇ ਨਾਟਕ ਲਿਖੇ । ਉਸ ਨੇ ਮੁੰਬਈ ਅਤੇ ਦਿੱਲੀ ’ਚ ਵੀ ਨਾਟਕ ਖੇਡੇ ਅਤੇ ਆਮ ਆਦਮੀ ਨੂੰ ਹਰ ਛੋਟੀ ਵੱਡੀ ਸਮੱਸਿਆ ਤੋਂ ਚੇਤੰਨ ਕੀਤਾ।
ਪ੍ਰੋ. ਅਜਮੇਰ ਸਿੰਘ ਔਲਖ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ ਨੇ ਸਾਲ 1980 ’ਚ ਉਨਾਂ ਦੀ ਪਹਿਲੀ ਨਾਟ ਪੁਸਤਕ ਅਰਬਦ ਨਰਬਦ ਧੁੰਧਕਾਰਾ ਨੂੰ ਸਾਲ ਦੀ ਸਰਵੋਤਮ ਨਾਟਕ ਪੁਸਤਕ ਲਈ ਇਨਾਮ ਤੇ ਸਨਮਾਨ ਦਿੱਤਾ। ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਨੇ ਸਰਵੋਤਮ ਨਾਟਕਕਾਰ ਸਨਮਾਨ , ਕ੍ਰੀਏਟਿਵ ਆਰਟਸ ਚੰਡੀਗੜ ਵੱਲੋਂ ਨਾਟਕ ਅਤੇ ਰੰਗ ਮੰਚ ਸੇਵਾਵਾਂ ਸਨਮਾਨ , ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੁਸਤਕ ਅੰਨੇ ਨਿਸ਼ਾਨਚੀ ਨੂੰ ਈਸ਼ਵਰ ਚੰਦਾ ਨੰਦਾ ਐਵਾਰਡ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਰਥਰਜ਼ ਐਂਡ ਰਾਈਟਜ ਕੈਡਾ ਵੱਲੋਂ ਸ੍ਰੋਮਣੀ ਸਾਹਿਤਕਾਰ ਐਵਾਰਡ , ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸ੍ਰ. ਕਰਤਾਰ ਸਿੰਘ ਧਾਲੀਵਾਲ ਐਵਾਰਡ ਅਤੇ ਪੰਜਾਬ ਕਲਾ ਮੰਚ ਮਾਨਸਾ ਵੱਲੋਂ ਸਫ਼ਦਰ ਹਾਸ਼ਮੀ ਯਾਦਗਰੀ ਐਵਾਰਡ ਦਿੱਤਾ ਗਿਆ।
ਇਵੇਂ ਹੀ ਮੰਚਨ ਆਰਟਸ ਐਂਡ ਰੀਸਰਚ ਸੈਂਟਰ ਮੋਹਾਲੀ ਵੱਲੋਂ ਗੁਰਦਿਆਲ ਸਿੰਘ ਫੁੱਲ ਮੈਮੋਰੀਅਲ ਐਵਾਰਡ, ਮਨਜੀਤ ਮੈਮੋਰੀਅਲ ਟਰਸਟ ਕੈਨੇਡਾ ਵੱਲੋਂ ਇੰਟਰਨੈਸ਼ਨਲ ਮਨਜੀਤ ਮੈਮੋਰੀਅਲ ਐਵਾਰਡ, ਲੋਕ ਸੱਭਿਆਚਾਰ ਵਿਕਾਸ ਮੰਚ ਜੈਤੋ (ਫਰੀਦਕੋਟ) ਵੱਲੋਂ ਰੰਗਮੰਚ ਸੇਵਾ ਸਨਮਾਨ, ਪੰਜਾਬ ਕਲਾ ਕੇਂਦਰ ਬੰਬਈ-ਚੰਡੀਗੜ ਵੱਲੋਂ ਬਲਰਾਜ ਸਾਹਨੀ ਯਾਦਗਰੀ ਐਵਾਰਡ, ਭਾਰਤੀ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੀ ਸੰਗੀਤ ਨਾਟਕ ਅਕਾਦਮੀ ਤਰਫੋਂ ਸਨਮਾਨ ਵਜੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੀ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਪ੍ਰੋਫੈਸਰ ਔਲਖ ਦੀਆਂ ਲਿਖੀਆਂ ਪੁਸਤਕਾਂ ਨੂੰ ਕਈ ਵਰਸਟੀਆਂ ਨੇ ਸਿਲੇਬਸ ’ਚ ਸ਼ਾਮਲ ਕੀਤਾ ਹੋਇਆ ਹੈ।
ਹਮੇਸ਼ਾ ਕਿਸਾਨੀ ਮਸਲਿਆਂ ਤੇ ਪਹਿਰਾ
ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੇਵਾਮੁਕਤ ਪਿ੍ਰੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਜਮੇਰ ਔਲਖ ਨੇ ਹਮੇਸ਼ਾ ਕਿਸਾਨੀ ਤੇ ਪੇਂਡੂ ਮਸਲਿਆਂ ਦੀ ਗੱਲ ਕੀਤੀ। ਜਦੋਂ ਆਪਣੇ ਨਾਟਕ ’ਚ ‘ਸੀਰੀ ਦੇ ਗਲ ਲੱਗ ਜੱਟ ਰੋਵੇ ਤਾਂ ਉਦੋਂ ਬੋਹਲ ਵੀ ਰੋਂਦੇ ਹਨ’ ਰਾਹੀਂ ਔਲਖ ਕਿਸਾਨੀ ਦੀ ਦਸ਼ਾ ਤੇ ਦਿਸ਼ਾ ਨੂੰ ਚਿਤਰਦਾ ਸੀ ਤਾਂ ਹਜਾਰਾਂ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸਨ।