ਨਹਿਰੂ ਯੁਵਕ ਕੇਂਦਰ ਅਧਿਕਾਰੀ ਤੇ ਉੱਘੇ ਪੰਜਾਬੀ ਲੇਖਕ ਲਾਭ ਸਿੰਘ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ
- ਅੰਤਿਮ ਅਰਦਾਸ 11 ਜੂਨ ਨੂੰ ਲੁਧਿਆਣਾ ਵਿੱਚ ਹੋਵੇਗੀ।
ਲੁਧਿਆਣਾਃ 4 ਜੂਨ 2023 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਉੱਘੇ ਵਾਰਤਕ ਲੇਖਕ ਸਃ ਲਾਭ ਸਿੰਘ ਲੁਧਿਆਣਾ ਸਾਬਕਾ ਜੋਨਲ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ,ਪੰਜਾਬ ਅਤੇ ਚੰਡੀਗੜ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਃ ਲਾਭ ਸਿੰਘ ਪਹਿਲਾਂ ਸਿੱਖਿਆ ਖੇਤਰ ਵਿੱਚ, ਮਗਰੋਂ ਸਮਾਜ ਸੇਵਾ ਦੇ ਖੇਤਰ ਵਿੱਚ ਜੋ ਲੇਵਾਵਾਂ ਦਿੱਤੀਆਂ, ਉਹ ਰਹਿੰਦੀ ਦੁਨੀਆਂ ਕੀਕ ਯਾਦ ਰਹਿਣਗੀਆਂ। ਸਃ ਲਾਭ ਸਿੰਘ ਦੀ ਸਵੈਜੀਵਨੀ ਮੂਲਕ ਵਾਰਤਕ ਪੁਸਤਕ ਨੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਦੇ ਵੀ ਦਰਸ਼ਨ ਕਰਵਾਏ।
ਲੁਧਿਆਣਾ ਦੇ ਪੰਜਾਬ ਮਾਤਾ ਨਗਰ ਇਲਾਕੇ ਵਿੱਚ ਰਹਿੰਦਿਆਂ ਉਨ੍ਹਾਂ ਨੇ ਸਿੱਖਿਆ, ਸਭਿਆਚਾਰ, ਸਮਾਜ ਸੇਵਾ ਦੇ ਖੇਤਰ ਦੇ ਨਾਲ ਨਾਲ ਖੇਡਾਂ ਦੇ ਪ੍ਰਬੰਧਨ ਵਿੱਚ ਵੀ ਉੱਘਾ ਯੋਗਦਾਨ ਪਾਇਆ। ਜ਼ਿਲ੍ਹਾ ਹਾਕੀ ਐਸੋਸੀਏਸ਼ਨ ਲੁਧਿਆਣਾ ਦੇ ਉਹ ਲੰਮਾ ਸਮਾਂ ਮਹੱਤਵਪੂਰਨ ਅਹੁਦੇਦਾਰ ਰਹੇ।
ਪੰਜਾਬੀ ਲੇਖਕ ਪ੍ਰੋਃ ਰਵਿੰਦਰ ਭੱਠਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਂਦਿਆਂ ਕਿਹਾ ਹੈ ਕਿ ਨਹਿਰੂ ਯੁਵਕ ਕੇਂਦਰ ਲਹਿਰ ਦੇ ਉਹ ਮਜਬੂਤ ਥੰਮ ਸਨ। ਉੜੀਸਾ ਵਿੱਚ ਆਈ ਕੌਮੀ ਆਫਤ ਸਮੇਂ ਉਹ ਭੁਬਨੇਸ਼ਵਰ ਵਿੱਚ ਨਿਯੁਕਤ ਸਨ। ਉਨ੍ਹਾਂ ਵੱਲੋਂ ਕੀਤੇ ਸੇਵਾ ਕਾਰਜਾਂ ਨੂੰ ਵੇਖਦਿਆਂ ਨੂੰ ਭਾਰਤ ਸਰਕਾਰ ਨੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਆ ਸੀ।
ਪੰਜਾਬੀ ਸਾਹਿੱਤ ਅਕਾਡਮੀ ਦੇ ਵੱਖ ਵੱਖ ਅਹੁਦੇ ਦਾਰਾਂ ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਡਾਃ ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਰਾਜਦੀਪ ਤੂਰ, ਸਮਾਜਿਕ ਆਗੂ ਕ੍ਰਿਪਾਲ ਸਿੰਘ ਔਜਲਾ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਸਃ ਲਾਭ ਸਿੰਘ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਿਕ ਗੁਰੂਦਵਾਰਾ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 11 ਜੂਨ 2023 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।