ਚੰਡੀਗੜ੍ਹ, 18 ਜਨਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਅੱਜ ਉਘੇ ਵਿਦਵਾਨ, ਖੋਜੀ ਲੇਖਕ ਤੇ ਸਫਲ ਪ੍ਰਸ਼ਾਸਕ ਗਿਆਨੀ ਲਾਲ ਸਿੰਘ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਆਖਿਆ ਹੈ ਕਿ ਗਿਆਨੀ ਜੀ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਸਨ। ਉਨਾ ਆਖਿਆ ਕਿ ਆਪ ਨੇ ਜਿਥੇ ਯਾਦਗਾਰੀ ਕਿਤਾਬਾਂ ਪੰਜਾਬੀ ਪਾਠਕਾਂ ਤੇ ਖੋਜੀਆਂ ਦੀ ਝੋਲੀ ਪਾਈਆਂ, ਉਥੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੁੰਦਿਆਂ ਨੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਾਸਤੇ ਸਿਰਤੋੜ ਯਤਨ ਕੀਤੇ। ਉਸ ਸਮੇਂ ਵਿਭਾਗ ਨੇ ਮੁਲਵਾਨ ਕਿਤਾਬਾਂ ਛਾਪੀਆਂ ਤੇ ਯਾਦਗਾਰੀ ਸਫਲ ਸਮਾਗਮ ਹੋਏ। ਸ੍ਰ ਚੰਨੀ ਨੇ ਆਖਿਆ ਕਿ ਅਜ ਵੀ ਗਿਆਨੀ ਲਾਲ ਸਿੰਘ ਨੂੰ ਪੰਜਾਬੀ ਸਾਹਿਤ ਜਗਤ ਵਿਚ ਯਾਦ ਕੀਤਾ ਜਾਂਦਾ ਹੈ। ਸ੍ਰ ਚੰਨੀ ਨੇ ਗਿਆਨੀ ਜੀ ਦੇ ਪਰਿਵਾਰ ਨੂੰ ਮੁਬਾਰਕ ਆਖੀ ਹੈ।
ਗਿਆਨੀ ਜੀ ਦਾ ਜਨਮ (ਉਦੋਂ ਜਿਲਾ ਫਿਰੋਜ਼ਪੁਰ) ਮੋਗਾ ਦੇ ਪਿੰਡ ਦੌਧਰ ਵਿਖੇ ਇਕ ਆਮ ਕਿਰਸਾਨ ਦੇ ਘਰ 18 ਜਨਵਰੀ 1916 ਨੂੰ ਹੋਇਆ। ਆਪ ਨੂੰ ਵਿੱਦਿਆ,ਸਾਹਿਤ, ਖੋਜ ਆਦਿ ਵਿਚ ਰੁਚੀ ਬਚਪਨ ਤੋਂ ਹੀ ਸੀ। ਆਪ ਨੇ ਤੰਦਰੁਸਤ ਉਮਰ ਭੋਗੀ ਤੇ 17 ਮਈ 1996 ਨੂੰ ਪੂਰੇ ਹੋ ਗਏ। ਆਪ ਭਾਸ਼ਾ ਵਿਭਾਗ ਦੇ ਡਾਇਰੈਕਟਰ ਸੇਵਾ ਮੁਕਤ ਹੋਣ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਸੰਨ 1954 ਵਿਚ ਆਪ ਨੇ ਪਹਿਲੀ ਕਿਤਾਬ 'ਪੰਜਾਬੀ ਬੈਂਤ' ਪਾਠਕਾਂ ਦੀ ਝੋਲੀ ਪਾਈ ਤੇ ਉਸ ਬਾਦ ਪੰਜਾਬੀ ਵਾਰਾਂ, ਵਿਚਾਰ ਪ੍ਰਵਾਹ, ਮੀਰੀ ਪੀਰੀ ਦਾ ਸਿਧਾਂਤ, ਮੇਰੀ ਜੀਵਨੀ ਲਿਖੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਪ ਬਾਰੇ ਖੋਜ ਭਰਪੂਰ ਕਿਤਾਬ ਡਾ ਜਸਬੀਰ ਕੌਰ ਨੇ ਲਿਖੀ। ਗਿਆਨੀ ਲਾਲ ਸਿੰਘ ਜਦ ਭਾਸ਼ਣ ਕਰਦੇ ਸਨ ਤਾਂ ਸਰੋਤੇ ਸਾਹ ਰੋਕ ਕੇ ਸੁਣਦੇ ਸਨ। ਆਪ ਦੀ ਭਾਸ਼ਣ ਕਲਾ ਨੇ ਬਹੁਤ ਲੋਕਾਂ ਨੂੰ ਕੀਲ ਲਿਆ ਤੇ ਆਪ ਦੀ ਵਿਦਵਤਾ ਦਾ ਜਾਦੂ ਲੋਕਾਂ ਦੇ ਸਿਰ ਚੜ ਬੋਲਿਆ।
ਅਜ ਪੰਜਾਬ ਕਲਾ ਪਰਿਸ਼ਦ ਆਪ ਨੂੰ ਜਨਮ ਦਿਨ ਮੌਕੇ ਯਾਦ ਕਰਦੀ ਹੋਈ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।