ਗੁਰਭਜਨ ਗਿੱਲ
ਲੁਧਿਆਣਾ, 21 ਅਗਸਤ 2019 - ਸਿਰਕੱਢਵੇਂ ਨਾਵਲਕਾਰ ਪ੍ਰੋ: ਸੁਰਿੰਦਰ ਸਿੰਘ ਨਰੂਲਾ ਦੀ ਅਖੀਰਲੇ ਸਾਲਾਂ ਚ ਇਹ ਰੀਝ ਸੀ ਕਿ ਉਹ ਆਪਣੇ ਨਾਵਲਾਂ ਦੀ ਸੋਧ ਸੁਧਾਈ ਕਰਕੇ ਕਿਸੇ ਇੱਕ ਪ੍ਰਕਾਸ਼ਕ ਤੋਂ ਉਸਦਾ ਸੰਪੂਰਨ ਅਤੇ ਅੰਤਿਮ ਸਰੂਪ ਤਿਆਰ ਕਰਕੇ ਪ੍ਰਕਾਸ਼ਤ ਕਰਵਾ ਸਕਣ। ਇਹ ਰੀਝ ਲੋਕ ਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੇ ਪੂਰੀ ਕੀਤੀ।
ਪਿਛਲੀ ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿੱਚ ਕਰਮਸ਼ੀਲ ਸਾਡੇ ਵੱਡ ਵਡੇਰੇ ਪ੍ਰੋ: ਨਰਿੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤਕ, ਇਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਸੀ ਅਸਾਂ ਜਸਵੰਤ ਸਿੰਘ ਕੰਵਲ ਦੀ ਸਦਾਰਤ ਥੱਲੇ। ਉਦੋਂ ਮੈਂ ਹੀ ਪੰਜਾਬੀ ਸਾਹਿੱਤ ਅਕਾਡਮੀ ਦਾ ਪ੍ਰਧਾਨ ਸਾਂ।
ਪ੍ਰੋ: ਨਰਿੰਜਨ ਤਸਨੀਮ ਅੰਬਰਸਰ ਵਿੱਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ 2019 ਨੂੰ ਸ਼ਾਮੀਂ ਚਾਰ ਵਜੇ ਆਖਰੀ ਫ਼ਤਹਿ ਬੁਲਾ ਗਏ।
ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰਕੇ ਆਪ ਨੇ ਉਰਦੂ ਅਤੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਆਰੰਭੀ। 1929 ਵਿੱਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿੱਚ ਅੰਮ੍ਰਿਤਸਰ ਦੇ ਕਾਲਜਾਂ ਵਿੱਚ ਪੜ੍ਹਦਿਆਂ ਹੀ ਉਰਦੂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ ਨਾਵਲ 'ਸੋਗਵਾਰ' ਲਿਖਿਆ। ਇਹ ਨਾਵਲ 1960 ਵਿੱਚ ਪ੍ਰਕਾਸ਼ਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ ਮੋਨਾਲੀਜ਼ਾ ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ।
ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਪਰਛਾਵੇਂ ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿੱਚ ਤਸਨੀਮ ਜੀ ਦਾ ਪਹਿਲਾ ਪੰਜਾਬੀ ਨਾਵਲ ਕਸਕ ਛਪ ਕੇ ਆਇਆ।
ਸਾਲ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇਕੋ ਜਿੰਨੀ ਸਲਾਹੀ ਗਈ।
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਤਸਨੀਮ ਜੀ ਦੇ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਸਕੀ।
ਸ਼ਿਮਲੇ ਰਹਿੰਦਿਆਂ ਤਸਨੀਮ ਜੀ ਦੀ ਦੋਸਤੀ ਪੰਜਾਬੀ ਸ਼ਾਇਰ ਈਸ਼ਵਰ ਚਿਤਰਕਾਰ ਨਾਲ ਐਸੀ ਪਈ ਕਿ ਆਖਰੀ ਸਾਹਾਂ ਤੀਕ ਉਨ੍ਹਾਂ ਦੇ ਰੋਮ ਰੋਮ ਵਿਚੋਂ ਈਸ਼ਵਰ ਦੀ ਗੂੰਜ ਸੁਣਾਈ ਦਿੰਦੀ ਰਹੀ । ਇਸੇ ਦੋਸਤੀ ਨੂੰ ਸਮਰਪਿਤ ਉਨ੍ਹਾਂ ਦਾ ਨਾਵਲ ਜੁਗਾਂ ਤੋਂ ਪਾਰ ਛਪਿਆ। ਮੀਰ ਦੇ ਸੰਪਾਦਕ ਤੇ ਸਾਡੇ ਸਾਂਝੇ ਮਿੱਤਰ ਸ੍ਵ: ਪੁਰਦਮਨ ਸਿੰਘ ਬੇਦੀ ਦੀ ਮਦਦ ਨਾਲ ਉਨ੍ਹਾਂ ਨੇ ਸਾਂਝੀ ਸੰਪਾਦਨਾ ਹੇਠ ਈਸ਼ਵਰ ਚਿਤਰਕਾਰ ਸਿਮਰਤੀ ਗ੍ਰੰਥ ਤਿਆਰ ਕਰਵਾਇਆ। ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿੱਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ। ਭਾਰਤੀ ਸਾਹਿਤ ਅਕਾਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿੱਚ ਨਿਵਾਜਿਆ।
ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ।
ਸਾਰੀ ਜਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ । ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ। ਅੰਗਰੇਜ਼ੀ ਵਿੱਚ ਵੀ ਆਪ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਮੇਰੀਆਂ ਪੰਜ ਕਵਿਤਾਵਾਂ ਵੀ ਉਨ੍ਹਾਂ ਅੰਗਰੇਜ਼ੀ ਚ ਕੀਤੀਆਂ।
ਕਪੂਰਥਲਾ, ਫਰੀਦਕੋਟ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਬਾਅਦ ਆਪ ਨੂੰ ਕੁਝ ਸਮਾਂ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਵੀ ਪੋਸਟ ਗਰੈਜੂਏਟ ਅੰਗਰੇਜ਼ੀ ਕਲਾਸਾਂ ਪੜ੍ਹਾਉਣ ਦਾ ਮਾਣ ਮਿਲਿਆ ਪਰ ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਸਾਥੀਆਂ ਪ੍ਰੋ: ਕਰਮਜੀਤ ਸਿੰਘ, ਸ਼੍ਰੀਕਾਂਤ ਤੇ ਟੀ ਆਰ ਵਿਨੋਦ ਅਤੇ ਹੋਰਨਾਂ ਨਾਲ ਰਲ ਕੇ ਸੁਚੇਤਨਾ ਨਾਂ ਦਾ ਪਰਚਾ ਕੱਢਿਆ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਵਿਸ਼ਾਲ ਨਗਰ ਇਲਾਕੇ ਵਿੱਚ ਵਸਦੇ ਪ੍ਰੋ: ਤਸਨੀਮ ਉਮਰ ਦੇ 89ਵੱਂ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ।
ਪੰਜਾਬੀ ਨਾਵਲ ਪਿਤਾਮਾ ਜਸਵੰਤ ਸਿੰਘ ਕੰਵਲ ਵਾਂਗ ਉਨ੍ਹਾਂ ਦੀ ਹੱਥ ਘੁੱਟਣੀ ਵਿੱਚ ਵੀ ਓਨਾ ਹੀ ਜੋਸ਼ ਸੀ ਜਿੰਨਾਂ ਕਿਸੇ ਗੱਭਰੂ ਵਿੱਚ ਹੁੰਦਾ ਹੈ। ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਉਨ੍ਹਾਂ ਦੇ 10 ਨਾਵਲਾਂ ਦਾ ਇਕੱਠਾ ਖੂਬਸੂਰਤ ਪ੍ਰਕਾਸ਼ਨ ਕਰਨਾ ਪੰਜਾਬੀ ਜ਼ੁਬਾਨ ਲਈ ਸੁਹਾਗਵੰਤਾ ਕਦਮ ਸੀ।
ਇਨ੍ਹਾਂ ਨਾਵਲਾਂ ਦੀ ਲੋਕ ਅਰਪਣ ਰਸਮ ਮੌਕੇ ਡਾ: ਸਰਦਾਰਾ ਸਿੰਘ ਜੌਹਲ, ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ, ਹਰੀਸ਼ ਜੈਨ ਤੋਂ ਇਲਾਵਾ ਮੇਰੇ ਵਰਗਿਆਂ ਨੇ ਅਕਾਡਮੀ ਪ੍ਰਧਾਨ ਹੋਣ ਨਾਤੇ 2011 ਚ ਕੀਤੀ।
ਤਸਨੀਮ ਜੀ ਦੇ ਜਾਣ ਤੇ ਪੁਰਾਣੇ ਬਜ਼ੁਰਗ ਭਾਈ ਜੋਧ ਸਿੰਘ, ਪ੍ਰੋ: ਮੋਹਨ ਸਿੰਘ , ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ, ਸ ਸ ਨਰੂਲਾ,ਲਾਹੌਰ ਬੁੱਕ ਸ਼ਾਪ ਵਾਲੇ ਸ: ਜੀਵਨ ਸਿੰਘ ,ਜਗਦੇਵ ਸਿੰਘ ਜੱਸੋਵਾਲ, ਡਾ: ਵਿਦਿਆ ਭਾਸਕਰ ਅਰੁਣ ਵਰਗੇ ਭਾਸ਼ਾ ਵਿਗਿਆਨੀ, ਅਜਾਇਬ ਚਿਤਰਕਾਰ,ਇੰਦਰਜੀਤ ਹਸਨਪੁਰੀ ਕੁਲਵੰਤ ਜਗਰਾਉਂ, ਡਾ: ਪਰਮਿੰਦਰ ਸਿੰਘ, ਕ੍ਰਿਸ਼ਨ ਅਦੀਬ ਤੇ ਕਈ ਹੋਰ ਚਿਹਰੇ ਯਾਦ ਆ ਰਹੇ ਹਨ, ਜਿੰਨ੍ਹਾਂ ਦੇ ਹੁੰਦਿਆਂ ਲੁਧਿਆਣਾ ਕਿੰਨਾ ਅਮੀਰ ਹੁੰਦਾ ਸੀ।
ਪ੍ਰੋ: ਮੋਹਨ ਸਿੰਘ ਦੇ ਸ਼ਿਅਰ ਨਾਲ ਗੱਲ ਮੁਕਾਵਾਂਗਾ।
ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਤਸਨੀਮ ਜੀ ਦੇ ਇਕਲੌਤੇ ਪੁੱਤਰ ਡਾ: ਗੁਰਿੰਦਰਜੀਤ ਸਿੰਘ ਪੁਰੀ ਮੁਤਾਬਕ ਪ੍ਰੋ: ਨਰਿੰਜਨ ਤਸਨੀਮ ਜੀ ਦੀ ਅੰਤਿਮ ਅਰਦਾਸ 23 ਅਗਸਤ ਦੁਪਹਿਰ ਇੱਕ ਵਜੇ ਤੋਂ ਬਾਦ ਗੁਰਦਵਾਰਾ ਮਾਡਲ ਟਾਉਨ ਐਕਸਟੈਨਸ਼ਨ ਲੁਧਿਆਣਾ ਚ ਹੋਵੇਗੀ।