ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 22 ਸਤੰਬਰ 2019 - ਅਮਰੀਕਾ ਦੀ ਐਨ.ਬੀ.ਏ ਵਰਗੀ ਮਸ਼ਹੂਰ ਲੀਗ ਵਿੱਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਣਾ ਖੱਟਿਆ ਹੈ। ਜਿੰਨ੍ਹਾਂ 'ਚ ਕਈ ਉੱਚੇ ਲੰਬੇ ਕੱਦ ਦੇ ਪੰਜਾਬੀ ਗੱਭਰੂ ਵੀ ਖੇਡ ਚੁੱਕੇ ਹਨ। ਇੱਕ ਪੰਜਾਬੀ ਨੌਜਵਾਨ ਅਜਿਹਾ ਵੀ ਹੈ ਜਿਸਨੇ ਨਾ ਤਾਂ ਕਦੇ ਐਨ.ਬੀ.ਏ ਲੀਗ 'ਚ ਖੇਡ ਕੇ ਦੇਖਿਆ ਤੇ ਨਾ ਹੀ ਬਾਸਕਿਟਬਾਲ ਟੀਮ ਦਾ ਖਿਡਾਰੀ ਰਿਹਾ ਹੈ, ਪਰ ਉਹ ਨੌਜਵਾਨ ਬਾਸਕਿਟਬਾਲ ਦੇ ਸਿਰ 'ਤੇ ਪੂਰੇ ਵਿਸ਼ਵ 'ਚ ਆਪਣੀ ਚਰਚਾ ਕਰਾ ਚੁੱਕਾ ਹੈ ਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਾਉਣ ਦੇ ਨਾਲ ਨਾਲ ਪਹਿਲਾ ਅਜਿਹਾ ਪੰਜਾਬੀ ਤੇ ਭਾਰਤੀ ਬਣ ਚੁੱਕਾ ਹੈ ਜਿਸ ਦੀ ਫੋਟੋ ਗਿੰਨੀਜ਼ ਬੁੱਕ ਦੇ ਕਵਰ ਪੇਜ 'ਤੇ ਛਪੀ ਹੋਵੇ।
ਗੱਲ ਕਰ ਰਹੇ ਹਾਂ ਮੋਗਾ ਦੇ ਨੌਜਵਾਨ ਪੰਜਾਬੀ ਸੰਦੀਪ ਸਿੰਘ ਕੈਲਾ ਦੀ। ਸੰਦੀਪ ਨੇ ਅਜੇ ਤੱਕ ਚਾਰ ਗਿਨਿੰਜ਼ ਵਰਲਡ ਰਿਕਾਰਡ ਬਣਾਏ ਹਨ । ਸੰਦੀਪ ਦੀ ਫੋਟੋ ਗਿਨਿੰਜ ਵਰਲਡ ਰਿਕਾਰਡ ਕਿਤਾਬ 2020 ਐਡੀਸ਼ਨ ਦੇ ਫਰੰਟ ਕਵਰ ਪੇਜ਼ ਉੱਪਰ ਲੱਗੀ ਹੈ । ਸੰਦੀਪ ਦਾ ਕਹਿਣਾ ਹੈ ਕਿ ਗਿਨਿੰਜ ਵਰਲਡ ਰਿਕਾਰਡ ਇੱਕ ਸਾਲ ਵਿੱਚ 5 ਲੱਖ ਅਰਜ਼ੀਆਂ ਲੈਂਦਾ ਹੈ ਅਤੇ ਉਸ ਵਿੱਚੋਂ 50 ਹਜ਼ਾਰ ਰਿਕਾਰਡ ਦਰਜ਼ ਹੁੰਦੇ ਹਨ ਅਤੇ ਉਸ ਵਿੱਚੋਂ ਸਿਰਫ 2 ਹਜ਼ਾਰ ਨੂੰ ਹੀ ਬੁੱਕ ਵਿੱਚ ਜਗ੍ਹਾ ਮਿਲਦੀ ਹੈ ਅਤੇ ਫਰੰਟ ਕਵਰ ਪੇਜ਼ ਉੱਪਰ ਸਿਰਫ ਗਿਣਤੀ ਦੇ 10 ਜਾਣਿਆਂ ਨੂੰ ਹੀ ਥਾਂ ਮਿਲਦੀ ਹੈ। ਇੱਥੇ ਸੰਦੀਪ ਦਾ ਦਾਅਵਾ ਹੈ ਕਿ 27 ਅਗਸਤ 1955 ਵਿੱਚ ਪਹਿਲੀ ਵਾਰ ਗਿਨਿੰਜ ਵਰਲਡ ਰਿਕਾਰਡ ਬੁੱਕ ਛਪੇ ਜਾਣ ਤੋਂ ਲੈ ਕੇ ਅੱਜ ਤੱਕ ਗਿਨਿੰਜ ਵਰਲਡ ਦੇ ਇਤਿਹਾਸ ਵਿੱਚ ਕਿਸੇ ਵੀ ਪੰਜਾਬੀ ਜਾਂ ਕਿਸੇ ਵੀ ਭਾਰਤੀ ਦੀ ਫੋਟੋ ਬੁੱਕ ਦੇ ਫਰੰਟ ਕਵਰ ਪੇਜ਼ 'ਤੇ ਨਹੀਂ ਛਪੀ। ਪਰ ਸੰਦੀਪ ਨੇ ਆਪਣੀ ਫੋਟੋ ਫਰੰਟ ਕਵਰ ਪੇਜ਼ ਉੱਪਰ ਛਪਵਾ ਕੇ ਇੱਕ ਇਤਿਹਾਸ ਰਚ ਦਿੱਤਾ ਹੈ। ਇਸਦਾ ਪੱਕਾ ਸਬੂਤ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਜਨਵਰੀ 2019 ਵਿੱਚ ਗਿਨਿੰਜ ਵਰਲਡ ਰਿਕਾਰਡ ਦੀ ਟੀਮ ਦੁਆਰਾ ਕੈਨੇਡਾ 'ਚ ਉਸਦੇ ਸ਼ਹਿਰ ਐਬਟਸਫੋਰਡ ਵਿੱਚ ਇੱਕ ਰਿਕਾਰਡ ਅਟੈਮਪਟ ਕਰਵਾਇਆ ਗਿਆ ਸੀ ਤੇ ਉਸਦਾ ਰਿਕਾਰਡ ਦਰਜ ਹੋ ਗਿਆ । ਗਿਨਿੰਜ ਵਰਲਡ ਰਿਕਾਰਡ ਦਾ ਚੀਫ ਐਡਜੂਡੀਕੇਟਰ ਮਾਰਕੋ ਫਿਰਗੱਟੀ ਨੇ ਸੰਦੀਪ ਨੂੰ ਦੀ ਫੋਟੋ ਕਵਰ ਪੇਜ 'ਤੇ ਲਾਉਣ ਦਾ ਵਾਅਦਾ ਕੀਤਾ ਸੀ ਤੇ ਕਿਹਾ ਸੀ ਕਿ ਉਹ ਪਹਿਲਾ ਅਜਿਹਾ ਇੰਡੀਅਨ ਹੋਏਗਾ ਜਿਸਨੂੰ ਇਹ ਮਾਣ ਮਿਲ ਰਿਹਾ ਹੈ।
ਸੰਦੀਪ ਬਾਸਕਿਟਬਾਲ ਦਾ ਖਿਡਾਰੀ ਤਾਂ ਨਹੀਂ ਹੈ ਪਰ ਬਾਸਕਿਟਬਾਲ ਨੂੰ ਆਪਣੀਆਂ ਉਂਗਲੀਆਂ ਦੇ ਪੋਟਿਆਂ ਅਤੇ ਮੂੰਹ 'ਚ ਟੁੱਥ ਬੁਰਸ਼ ਪਾ ਕੇ ਉਸ 'ਤੇ ਇਸ ਤਰ੍ਹਾਂ ਘੁਮਾਉਂਦਾ ਹੈ ਕਿ ਜਿਵੇਂ ਅਸਮਾਨ 'ਚ ਧਰਤੀ ਘੁੰਮਦੀ ਹੋਵੇ। ਜ਼ਿਲ੍ਹਾ ਮੋਗਾ ਦੇ ਪਿੰਡ ਬੱਡੂਵਾਲ ਦੇ ਵਸਨੀਕ ਸੰਦੀਪ ਨੇ ਬਾਸਕਟਬਾਲ ਨੂੰ ਘੁਮਾ ਕੇ ਤਿੰਨ ਗਿੰਨੀਜ਼ ਵਰਲਡ ਰਿਕਾਰਡ ਤੇ ਇੱਕ ਲਿਮਕਾ ਰਿਕਾਰਡ ਬਣਾ ਕੇ ਪੰਜਾਬੀਆਂ ਦਾ ਸਿਰ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ। ਉਹ ਬਾਸਕਟਬਾਲ ਨਾਲ ਅਜਿਹੇ ਕਰਤੱਬ ਕਰਦਾ ਹੈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ । ਹੁਣ ਤੱਕ ਉਹ ਅਮਰੀਕਾ, ਇੰਗਲੈਂਡ, ਜਰਮਨੀ, ਹੰਗਰੀ, ਨੇਪਾਲ, ਮੈਕਸੀਕੋ ਤੇ ਭਾਰਤ ਦੇ ਦਿੱਗਜ਼ ਖਿਡਾਰੀਆਂ ਦੇ ਵਿਸ਼ਵ ਰਿਕਾਰਡ ਤੋੜ ਚੁੱਕਾ ਹੈ। ਹੁਣ ਉਹ ਆਪਣੇ ਹੀ ਰਿਕਾਰਡਾਂ ਨੂੰ ਤੋੜਣ ਵਿੱਚ ਲੱਗਾ ਹੋਇਆ ਹੈ । ਉਹ ਬਾਸਕਟਬਾਲ ਨਾਲ 16 ਵੱਖ-ਵੱਖ ਕਰਤੱਬ ਕਰ ਲੈਂਦਾ ਹੈ। ਸੰਦੀਪ ਇੱਕੋ ਸਮੇਂ ਚਾਰ ਬਾਸਕਟਬਾਲ ਵੀ ਘੁਮਾ ਲੈਂਦਾ ਹੈ ।
ਮੈਂਨੂੰ ਯਾਦ ਹੈ ਜਦੋਂ ਅੱਜ ਤੋਂ ਦੋ ਸਾਲ ਪਹਿਲਾਂ 2017 ਦੇ ਮਾਰਚ-ਅਪ੍ਰੈਲ 'ਚ ਸੰਦੀਪ ਦਾ ਮੈਨੂੰ ਉਸਦੀ ਇੰਟਰਵੀਊ ਬਾਬਤ ਫੋਨ ਆਇਆ ਸੀ, ਕਿਉਂਕਿ ਉਸ 'ਚ ਵੱਖਰੀ ਕਲਾ ਹੈ। ਸੰਦੀਪ ਨੂੰ ਜਦੋਂ ਮੈਂ ਮਿਲਿਆ ਤਾਂ ਉਸਦੀ ਕਲਾ ਦੇਖ ਦੰਗ ਰਹਿ ਗਿਆ ਸੀ। ਫੇਰ ਕੈਮਰਾ ਚੁੱਕ ਉਸਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਰਖੜ 'ਚ ਆਪਣੇ ਯੂਟਿਊਬ ਚੈਨਲ ਵਾਸਤੇ ਇੱਕ ਡਾਕੂਮੈਂਟਰੀ ਵੀ ਬਣਾਈ, ਜਿਸ 'ਚ ਸੰਦੀਪ ਨੇ ਆਪਣੇ ਦਿਲ ਦੀਆਂ ਰੀਝਾਂ ਨੂੰ ਉਜਾਗਰ ਕੀਤਾ। ਉਸ ਵਕਤ ਸੰਦੀਪ ਦਾ ਵਿਦੇਸ਼ੀ ਦੌਰਾਨ ਨਹੀਂ ਸੀ ਲੱਗਾ। ਮੈਨੂੰ ਯਾਦ ਐ ਕਿ ਸੰਦੀਪ ਨੇ ਉਸ ਡਾਕੂਮੈਂਟਰੀ ਦੇ ਅਖੀਰ 'ਚ ਕਿਹਾ ਸੀ ਕਿ ਉਸਦਾ ਸੁਪਨਾ ਹੈ ਕਿ ਉਹ ਇੱਕ ਵਾਰ ਅਸਮਾਨ 'ਚ ਉੱਡਦੇ ਜਹਾਜ਼ 'ਚ ਖੜ੍ਹ ਕੇ ਬਾਸਕਿਟਬਾਲ ਘੁਮਾਉਣਾ ਚਾਹੁੰਦਾ ਹੈ। ਜਿਸ ਤੋਂ ਬਾਅਦ ਸੰਦੀਪ ਨੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾ ਕੇ ਕੈਨੇਡਾ ਦੀ ਧਰਤੀ 'ਤੇ ਆਪਣੇ ਪੈਰ ਪਾ ਹੀ ਲਏ। ਸੰਦੀਪ ਦਾ ਅਸਲੀ ਸਫਰ ਉਦੋਂ ਹੀ ਸ਼ੁਰੂ ਹੋਇਆ ਜਦੋਂ ਉਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦੇ ਹੋਰ ਨਜ਼ਦੀਕ ਜਾ ਕੇ ਪਹਿਚਾਣ ਮਿਲੀ।
ਸੰਦੀਪ ਨੇ ਇਹ ਵਿਸ਼ਵ ਕੀਰਤੀਮਾਨ ਦੰਦਾਂ ਵਾਲੇ ਬੁਰਸ਼ ਨੂੰ ਮੂੰਹ ਵਿੱਚ ਰੱਖ ਕੇ ਉਸ ਉੱਪਰ ਬਾਸਕਟਬਾਲ ਨੂੰ ਘੁਮਾ ਕੇ 53 ਸੈਕਿੰਡ ਪੰਜਾਬ ਵਿੱਚ 8 ਅਪ੍ਰੈਲ 2017 ਨੂੰ , 60:50 ਸੈਕਿੰਡ ਕਨੈਡਾ ਵਿੱਚ 25 ਦਸੰਬਰ 2017 ਅਤੇ 68:15 ਸੈਕਿੰਡ ਕਨੈਡਾ ਦੀ ਧਰਤੀ ਤੇ 1 ਜਨਵਰੀ 2019 ਨੂੰ ਕੀਤਾ । ਹੁਣ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 73:90 ਸੈਕਿੰਡ ਦੀ ਕੋਸ਼ਿਸ਼ ਮਈ 2019 ਨੂੰ ਕਨੈਡਾ ਵਿੱਚ ਕੀਤੀ ਹੈ । ਇਸ ਤੋਂ ਇਲਾਵਾ ਉਸ ਨੇ ਤਿੰਨ ਬਾਸਕਟਬਾਲਾਂ ਨੂੰ ਇੱਕੋ ਸਮੇਂ ਘੁਮਾਉਣ ਦੇ ਰਿਕਾਰਡ ਨੂੰ 19 ਸੈਕਿੰਡ ਪੰਜਾਬ ਵਿੱਚ 26 ਫ਼ਰਵਰੀ 2017 ਨੂੰ ਕੀਤਾ । ਹੁਣ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 20:98 ਸੈਕਿੰਡ, 21:51 ਸੈਕਿੰਡ, 22 ਸੈਕਿੰਡ, 22:37 ਸੈਕਿੰਡ ਅਤੇ 23:06 ਸੈਕਿੰਡ ਦੀ ਕੋਸ਼ਿਸ਼ ਕਨੈਡਾ ਦੀ ਧਰਤੀ ਤੇ ਮਈ 2019 ਵਿੱਚ ਕਰ ਚੁੱਕਾ ਹੈ । ਅਜੇ ਵੀ ਸੰਦੀਪ ਦਾ ਟੀਚਾ 10 ਵਿਸ਼ਵ ਰਿਕਾਰਡ ਕਾਇਮ ਕਰਨ ਦਾ ਹੈ । ਉਹ ਕਹਿੰਦਾ ਹੈ ਕਿ ਰਿਕਾਰਡ ਹਮੇਸ਼ਾ ਟੁੱਟਣ ਲਈ ਹੀ ਬਣਦੇ ਹਨ ਪਰ ਫਿਰ ਵੀ ਉਹ ਅਜਿਹਾ ਵਿਸ਼ਵ ਰਿਕਾਰਡ ਕਾਇਮ ਕਰਨਾ ਚਾਹੁੰਦਾ ਹੈ ਜਿਸ ਨੂੰ ਕੋਈ ਵੀ ਤੋੜ ਨਾ ਸਕੇ ਜਿਸ ਲਈ ਉਸ ਦੀ ਮਿਹਨਤ ਅੱਜ ਵੀ ਜਾਰੀ ਹੈ। ਅੱਜ-ਕੱਲ੍ਹ ਉਹ ਕਨੈਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੁੰਦੇ ਹਰ ਖੇਡ ਮੇਲੇ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਰਿਹਾ ਹੈ ਅਤੇ ਨਾਲ ਨਾਲ ਕਨੈਡਾ ਅਤੇ ਅਮਰੀਕਾ ਵਿੱਚ ਹੁੰਦੇ ਵਾਲੀਬਾਲ ਸ਼ੂਟਿੰਗ ਦੇ ਟੂਰਨਾਮੈਂਟ ਵਿੱਚ ਫ਼੍ਰੈਂਡਜ਼ ਕਲੱਬ ਐਬਟਸਫੋਰਡ ਵੱਲੋਂ ਖੇਡ ਰਿਹਾ ਹੈ। ਹੁਣ ਉਹ ਅਮਰੀਕਾ ਗਾਟ ਟੇਲੈਂਟ , ਬ੍ਰਿਟੇਨ ਗਾਟ ਟੇਲੈਂਟ ਅਤੇ ਐਨ.ਬੀ.ਏ. ਦੇ ਹਾਫ਼ ਟਾਇਮ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਣੇ ਚਾਹੁੰਦਾ ਹੈ। ਪਿੰਡ ਬੱਡੂਵਾਲ ਨੂੰ ਸੰਦੀਪ ਅਤੇ ਉਸ ਦੀ ਕਲਾ ਉੱਪਰ ਪੂਰਾ ਮਾਣ ਹੈ । ਜੇਕਰ ਕੋਈ ਉਸਦੀ ਵੀਡਿਓ ਦੇਖਣੀ ਚਾਹੁੰਦਾ ਹੈ ਤਾਂ ਯੂ-ਟਿਊਬ ਉੱਪਰ ਉਸਦੇ ਇੱਕ ਨਿੱਜੀ ਚੈਨਲ ਸੰਦੀਪ ਸਿੰਘ ਬਾਸਕਟਬਾਲ ਉੱਪਰ ਜਾ ਕੇ ਦੇਖ ਸਕਦਾ ਹੈ । ਉਮੀਦ ਹੈ ਕਿ ਸੰਦੀਪ ਇਸੇ ਤਰ੍ਹਾਂ ਪੰਜਾਬੀਆਂ ਦੇ ਨਾਮ ਨੂੰ ਆਪਣੀ ਇਸ ਵਿਲੱਖਣ ਕਲਾ ਨਾਲ ਦੁਨੀਆ ਦੇ ਹਰ ਕੋਨੇ 'ਚ ਚਮਕਾਉਂਦਾ ਰਹੇਗਾ। ਪ੍ਰਮਾਤਮਾ ਸੰਦੀਪ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=4clJsxJRl8Y