ਭਾਸ਼ਾ ਵਿਭਾਗ ਰੂਪਨਗਰ ਵੱਲੋਂ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬ-ਰੂ
ਹਰੀਸ਼ ਕਾਲੜਾ
ਰੂਪਨਗਰ, 27 ਅਪ੍ਰੈਲ 2022: ਭਾਸ਼ਾ ਵਿਭਾਗ ਪੰਜਾਬ ਰੂਪਨਗਰ ਵਲੋਂ ਪੰਜਾਬੀ ਵਿਭਾਗ, ਸਰਕਾਰੀ ਕਾਲਜ ਰੂਪਨਗਰ ਦੇ ਸਹਿਯੋਗ ਨਾਲ ਉੱਘੇ ਨਾਵਲਕਾਰ ਸ੍ਰੀ ਜਸਬੀਰ ਮੰਡ ਨਾਲ ਰੂ-ਬ-ਰੂ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੋਖਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਕੀਤੀ।
ਇਸ ਮੌਕੇ 'ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਜਿੰਦਰ ਕੌਰ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਸ਼੍ਰੀ ਜਸਬੀਰ ਮੰਡ ਨਾਲ ਜਾਣ ਪਛਾਣ ਕਰਵਾਈ। ਸ੍ਰੀ ਜਸਬੀਰ ਮੰਡ ਨੇ ਕਿਹਾ ਕਿ ਉਸ ਦੇ ਨਾਵਲ ਪੰਜਾਬ ਦੀ ਕਿਰਸਾਨੀ ਦੇ ਬਦਲਦੇ ਪਾਸਾਰਾਂ ਦੀ ਗੱਲ ਕਰਦੇ ਹਨ। ਔੜ ਦੇ ਬੀਜ, ਖਾਜ, ਆਖ਼ਰੀ ਪਿੰਡ ਦੀ ਕਥਾ, ਬੋਲ ਮਰਦਾਨਿਆ ਅਤੇ ਆਖਰੀ ਬਾਬੇ ਉਹਨਾਂ ਦੇ ਮਹੱਤਵਪੂਰਨ ਨਾਵਲ ਹਨ।
ਜ਼ਿਲ੍ਹਾ ਰੂਪਨਗਰ ਦੇ ਪਿੰਡ ਹਿਰਦਾਪੁਰ ਦੇ ਇਸ ਨਾਵਲਕਾਰ ਦੇ ਨਾਵਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਹਨ। ਡਾ. ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਬੋਲੀ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਸ੍ਰੀ ਜਸਬੀਰ ਮੰਡ ਦੇ ਨਾਵਲਾਂ ਦਾ ਵਿਸ਼ਲੇਸ਼ਣ ਕੀਤਾ। ਡਾ. ਨਤਾਸ਼ਾ ਕਾਲੜਾ, ਪ੍ਰੋ.ਆਗਿਆਪਾਲ ਕੌਰ ਅਤੇ ਡਾ.ਜਗਜੀਤ ਸਿੰਘ, ਸਮੇਤ ਕਈ ਪਾਠਕਾਂ ਨੇ ਸ੍ਰੀ ਜਸਬੀਰ ਮੰਡ ਨੂੰ ਪ੍ਰਸ਼ਨ ਪੁੱਛੇ ਜਿਹਨਾਂ ਦੇ ਜਵਾਬ ਸ੍ਰੀ ਜਸਬੀਰ ਮੰਡ ਨੇ ਬੜੀ ਸਪੱਸ਼ਟਤਾ ਨਾਲ ਦਿੱਤੇ।
ਭਾਸ਼ਾ ਵਿਭਾਗ ਰੂਪਨਗਰ ਵਲੋਂ ਸ਼੍ਰੀ ਜਸਵੀਰ ਮੰਡ ਨੂੰ ਯਾਦਗਾਰੀ ਚਿੰਨ੍ਹ, ਲੋਈ ਅਤੇ ਸੁਗਾਤਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਲੋਖਕਾਂ ਨੂੰ ਵੀ ਯਾਦਗਾਰੀ ਚਿੰਨ੍ਹ ਦਿਤੇ ਗਏ। ਭਾਸ਼ਾ ਵਿਭਾਗ ਰੂਪਨਗਰ ਵੱਲੋਂ ਖੋਜ ਅਫ਼ਸਰ ਸ੍ਰੀ ਗੁਰਿੰਦਰ ਸਿੰਘ ਕਲਸੀ ਨੇ ਧੰਨਵਾਦੀ ਸ਼ਬਦ ਆਖੇ। ਇਸ ਸਮਾਗਮ ਵਿੱਚ ਪ੍ਰਿੰਸੀਪਲ ਡਾ. ਕੁਲਵੀਰ ਕੌਰ, ਡਾ. ਜਤਿੰਦਰ ਕੁਮਾਰ, ਪ੍ਰੋ. ਤਰਨਜੋਤ ਕੋਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਬਲਜਿੰਦਰ ਕੌਰ, ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਆਗਿਆਪਾਲ ਕੌਰ, ਡਾ. ਸੰਤ ਸੁਰਿੰਦਰਪਾਲ ਸਿੰਘ, ਪ੍ਰੋ. ਦੀਪੇਂਦਰ ਸਿੰਘ, ਸੁਰਿੰਦਰ ਕੌਰ ਸੈਣੀ, ਮਨਦੀਪ ਰਿੰਪੀ, ਸੰਜੀਵ ਧਰਮਾਣੀ,ਕੁਲਵੰਤ ਠਾਕੁਰ,ਪਰਦੀਪ, ਨੀਲੂ ਹਰਸ਼, ਪਰਮਿੰਦਰ ਪੰਧੋਹਲ, ਜਸਵਿੰਦਰ ਕੌਰ, ਸੰਦੀਪ ਕੌਰ, ਰਜਵੰਤ ਕੌਰ, ਕਹਾਣੀਕਾਰ ਮੋਹਨਦੀਪ, ਯਤਿੰਦਰ ਕੌਰ ਮਾਹਲ ਸਮੇਤ ਕਾਲਜ, ਭਾਸ਼ਾ ਵਿਭਾਗ ਰੂਪਨਗਰ ਦੇ ਵਿਦਿਆਰਥੀ ਅਤੇ ਡਾ. ਜਗਜੀਤ ਸਿੰਘ, ਡਾ. ਨਿਰਮਲ ਸਿੰਘ ਅਤੇ ਗੁਰਿੰਦਰ ਸਿੰਘ ਕਲਸੀ ਖੋਜ ਅਫ਼ਸਰ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ। ਇਸ ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਜਤਿੰਦਰ ਕੁਮਾਰ ਨੇ ਕੀਤਾ।