ਉੱਘੇ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਦਾ ਅਹੁਦਾ ਸੰਭਾਲਿਆ
ਲੁਧਿਆਣਾ 15 ਦਸੰਬਰ,2023 - ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਅਤੇ ਖੇਤੀ ਵਿਗਿਆਨ ਨੂੰ ਨਵੀਆਂ ਖੋਜਾਂ ਨਾਲ ਭਰਪੂਰ ਕਰਨ ਵਾਲੇ ਡਾ. ਮੱਖਣ ਸਿੰਘ ਭੁੱਲਰ ਨੇ ਕੱਲ ਨਿਰਦੇਸ਼ਕ ਪਸਾਰ ਸਿੱਖਿਆ ਦਾ ਅਹੁਦਾ ਸੰਭਾਲ ਲਿਆ| ਬੀਤੇ ਸਾਲਾਂ ਤੋਂ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿਚ ਡਾ. ਭੁੱਲਰ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਰਗੀਆਂ ਬਿਜਾਈ ਤਕਨੀਕਾਂ ਕਣਕ ਅਤੇ ਝੋਨੇ ਨੂੰ ਦਿੱਤੀਆਂ| ਡਾ. ਭੁੱਲਰ ਦੀ ਨਿਯੁਕਤੀ ਚਾਰ ਸਾਲ ਦੇ ਅਰਸੇ ਲਈ ਕੀਤੀ ਗਈ ਹੈ|
1992 ਵਿਚ ਫ਼ਸਲ ਵਿਗਿਆਨੀ ਦੇ ਤੌਰ ਤੇ ਪੀ.ਏ.ਯੂ. ਵਿਚ ਆਪਣਾ ਕਾਰਜ ਆਰੰਭ ਕਰਨ ਵਾਲੇ ਡਾ. ਮੱਖਣ ਸਿੰਘ ਭੁੱਲਰ ਨੇ ਕਰੋਨਾ ਦੇ ਦੌਰ ਵਿਚ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਣ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰਕੇ ਤਰ-ਵਤਰ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਪ੍ਰਚਲਿਤ ਕੀਤੀ| ਇਸ ਤੋਂ ਇਲਾਵਾ ਉਹਨਾਂ ਨੇ ਨਦੀਨਾਂ ਦੀ ਰੋਕਥਾਮ, ਵੱਖ-ਵੱਖ ਉਤਪਾਦਨ ਤਕਨੀਕਾਂ ਸਮੇਤ 55 ਤਕਨਾਲੋਜੀਆਂ ਦੀ ਸਿਫ਼ਾਰਸ਼ ਕੀਤੀ| 116 ਖੋਜ ਪੱਤਰ ਡਾ. ਭੁੱਲਰ ਦੇ ਨਾਂ ਹੇਠ ਪ੍ਰਕਾਸ਼ਿਤ ਹੋਏ| ਇਸ ਤੋਂ ਇਲਾਵਾ ਚਾਰ ਖੋਜ ਬੁਲਿਟਨ, ਅੱਠ ਰਿਵਿਊ ਲੇਖ, ਕਿਤਾਬਾਂ ਦੇ ਤਿੰਨ ਅਧਿਆਇ ਅਤੇ 91 ਪਸਾਰ ਲੇਖ ਵੀ ਉਹਨਾਂ ਨੇ ਲਿਖੇ| ਮੁੱਖ ਅਤੇ ਸਹਾਇਕ ਨਿਗਰਾਨ ਵਜੋਂ 16 ਖੋਜ ਅਤੇ ਪਸਾਰ ਪੋ੍ਰਜੈਕਟਾਂ ਦਾ ਹਿੱਸਾ ਰਹੇ| ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਉਹਨਾਂ ਸਿਖਲਾਈ ਹਾਸਲ ਕੀਤੀ ਜਿਨ੍ਹਾਂ ਵਿਚ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆਂ, ਬਰਤਾਨੀਆਂ ਦੇ ਜੀਲਟ’ਜ਼ ਹਿਲ ਇੰਟਰਨੈਸ਼ਨਲ ਖੋਜ ਕੇਂਦਰ ਬਰੈਕਨਿਲ ਪ੍ਰਮੁੱਖ ਹਨ| ਇਸ ਤੋਂ ਇਲਾਵਾ ਉਹ ਨਦੀਨ ਵਿਗਿਆਨ ਬਾਰੇ ਅਮਰੀਕਾ, ਜਪਾਨ, ਚੈਕ ਰਿਪਬਲਿਕ, ਕੈਨੇਡਾ ਅਤੇ ਥਾਈਲੈਂਡ ਵਿਚ ਹੋਈਆਂ ਕੌਮਾਂਤਰੀ ਕਾਨਫਰੰਸਾਂ ਵਿਚ ਸ਼ਾਮਿਲ ਹੋਏ|
ਡਾ. ਭੁੱਲਰ ਨੇ ਮੁੱਖ ਨਿਗਰਾਨ ਵਜੋਂ 20 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਖੋਜ ਅਗਵਾਈ ਕੀਤੀ| ਉਹਨਾਂ ਨੇ 5 ਅੰਡਰ ਗ੍ਰੈਜੂਏਟ ਅਤੇ 4 ਪੋਸਟ ਗ੍ਰੈਜੂਏਟ ਕੋਰਸ ਪੜ੍ਹਾਏ| ਪੀ.ਏ.ਯੂ. ਨੂੰ 1916 ਵਿਚ ਨਦੀਨਾਂ ਦੀ ਰੋਕਥਾਮ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਵੱਲੋਂ ਸਰਵੋਤਮ ਕੇਂਦਰ ਦਾ ਇਨਾਮ ਮਿਲਣ ਵਿਚ ਡਾ. ਭੁੱਲਰ ਦਾ ਉੱਘਾ ਯੋਗਦਾਨ ਸੀ| ਉਹ ਬਹੁਤ ਸਾਰੀਆਂ ਕੌਮੀ ਅਤੇ ਕੌਮਾਂਤਰੀ ਸੁਸਾਇਟੀਆਂ ਦੇ ਮੈਂਬਰ ਹਨ ਜਿਨ੍ਹਾਂ ਵਿਚ ਨਦੀਨ ਵਿਗਿਆਨ ਬਾਰੇ ਭਾਰਤੀ ਸੁਸਾਇਟੀ, ਫਸਲ ਵਿਗਿਆਨ ਦੀ ਭਾਰਤੀ ਸੁਸਾਇਟੀ, ਨਦੀਨ ਵਿਗਿਆਨ ਦੀ ਕੌਮਾਂਤਰੀ ਸੁਸਾਇਟੀ, ਨਦੀਨ ਵਿਗਿਆਨ ਦੀ ਏਸ਼ੀਅਨ ਪੈਸੇਫਿਕ ਸੁਸਾਇਟੀ ਅਤੇ ਅਮਰੀਕਾ ਦੀ ਨਦੀਨ ਵਿਗਿਆਨ ਸੁਸਾਇਟੀ ਪ੍ਰਮੁੱਖ ਹਨ| ਉਹਨਾਂ ਨੇ 1000 ਦੇ ਕਰੀਬ ਫਰੰਟ ਲਾਈਨ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ| 80 ਖੇਤ ਟ੍ਰਾਇਲ, 60 ਖੇਤ ਦਿਵਸ ਅਤੇ 70 ਸਿਖਲਾਈਆਂ ਰਾਹੀਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਨਿਯੁਕਤੀ ਲਈ ਡਾ. ਭੁੱਲਰ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਅਗਵਾਈ ਵਿਚ ਪੀ.ਏ.ਯੂ. ਦੀਆਂ ਤਕਨਾਲੋਜੀਆਂ ਦਾ ਪਸਾਰ ਪੰਜਾਬ ਦੇ ਕੋਨੇ-ਕੋਨੇ ਤੱਕ ਹੋਵੇਗਾ|