ਅੰਤਰਰਾਸ਼ਟਰੀ ਢਾਡੀ ਭਾਈ ਸਾਧੂ ਸਿੰਘ ਧੰਮੂ ਨਹੀਂ ਰਹੇ
ਸੁਖਜਿੰਦਰ ਸਿੰਘ ਪੰਜਗਰਾਈਂ
- ਅੱਜ 12 ਵਜੇ ਸਮਾਲਸਰ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ
ਪੰਜਗਰਾਈਂ ਕਲਾਂ, 30 ਜਨਵਰੀ 2022 - ਉੱਘੇ ਅੰਤਰਰਾਸ਼ਟਰੀ ਢਾਡੀ ਭਾਈ ਸਾਧੂ ਸਿੰਘ ਧੰਮੂ ਅੱਜ ਕਰੀਬ 2 ਵਜੇ ਅਕਾਲ ਚਲਾਣਾ ਕਰ ਗਏ । ਉਹ ਪਿਛਲੇ ਕਈ ਮਹੀਨਿਆਂ ਤੋਂ ਹੀ ਬਿਮਾਰ ਚੱਲੇ ਰਹੇ ਸਨ। ਅੰਤਰਰਾਸ਼ਟਰੀ ਢਾਡੀ ਭਾਈ ਸਾਧੂ ਸਿੰਘ ਧੰਮੂ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਵਿਖੇ ਸ.ਬਿਸ਼ਨ ਸਿੰਘ ਦੇ ਘਰ ,ਮਾਤਾ ਚੰਦ ਕੌਰ ਦੀ ਕੁੱਖੋਂ 28 ਅਪ੍ਰੈਲ 1978 ਨੂੰ ਹੋਇਆ ਸੀ ।
ਢਾਡੀ ਸਾਧੂ ਸਿੰਘ ਧੰਮੂ ਪਿਛਲੇ ਲੰਬੇ ਅਰਸੇ ਤੋਂ ਸਮਾਲਸਰ ਵਿਖੇ ਰਹਿ ਰਹੇ ਸਨ। ਉਹ ਢਾਡੀ ਕਵੀਸ਼ਰ ਕਲਾ ਬਚਾਓ ਸੰਸਥਾ ਦੇ ਸਰਗਰਮ ਆਗੂ ਸਨ। ਉਨਾਂ ਨੇ ਕਾਫ਼ੀ ਸਾਲ ਪਹਿਲਾਂ ਇਕ ਕੈਸੇਟ ਕਬੱਡੀ ਦੇ ਖਿਡਾਰੀਆਂ ਉਪਰ ਕੱਢੀ ਸੀ ਜਿਸ ਦਾ ਨਾਂ 'ਭਾਰਤ ਦੀ ਸ਼ਾਨ' ਸੀ ,ਇਸ ਕੈਸੇਟ ਨੂੰ ਸਿੱਖ ਸੰਗਤਾਂ ਖਾਸ ਕਰਕੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੇ ਬਹੁਤ ਹੀ ਪਿਆਰ ਦਿੱਤਾ ਤੇ ਉਸ ਤੋਂ ਬਾਅਦ ਉਨਾਂ ਨੇ ਹੋਰ ਵੀ ਬਹੁਤ ਸਾਰੇ ਪ੍ਰਸੰਗ ਸੰਗਤਾਂ ਦੀ ਝੋਲੀ ਪਾਏ । ਸਾਧੂ ਸਿੰਘ ਧੰਮੂ ਸੰਗਤਾਂ ਦੇ ਸੱਦੇ ਤੇ ਬੁਲਾਉਣ ਤੇ ਕਈ ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕੇ ਸਨ। ਸਾਲ 2014 ਵਿਚ ਉਹਨਾਂ ਨੂੰ 'ਮਹਿਕ ਵਤਨ' ਦੇ ਅਵਾਰਡ ਨਾਲ ਨਿਵਾਜਿਆ ਗਿਆ ਸੀ।
ਉਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਅਤੇ ਗੁਰਸਿੱਖ ਲੜਕੀਆਂ ਨੂੰ ਢਾਡੀ ਕਲਾ ਸਿਖਾ ਕੇ ਸਟੇਜਾਂ ਦਾ ਸ਼ਿੰਗਾਰ ਬਣਾਇਆ । ਢਾਡੀ ਸਾਧੂ ਸਿੰਘ ਧੰਮੂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਅੱਜ 31 ਜਨਵਰੀ ਦਿਨ ਸੋਮਵਾਰ ਨੂੰ ਸ਼ਮਸ਼ਾਨਘਾਟ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਰੋਜ਼ਾਨਾ ਪਹਿਰੇਦਾਰ ਨੂੰ ਇਹ ਸਾਰੀ ਜਾਣਕਾਰੀ ਪੰਥਕ ਆਗੂ ਭਾਈ ਗੁਰਜੰਟ ਸਿੰਘ ਸਮਾਲਸਰ ਨੇ ਦਿੱਤੀ।