ਅਸ਼ੋਕ ਵਰਮਾ
- ਸੋਮਵਾਰ ਨੂੰ ਕੀਤਾ ਜਾਏਗਾ ਅੰਤਮ ਸਸਕਾਰ
ਬਠਿੰਡਾ, 20 ਦਸੰਬਰ 2020 - ਦਿੱਲੀ ’ਚ ਸਾਲ 1984 ਦੌਰਾਨ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਕੇਸ ਲੜਨ ਵਾਲੇ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਉਹਨਾਂ ਦੇ ਵੱਡੇ ਭਰਾ ਵਾਹਿਗੁਰੂਪਾਲ ਸਿੰਘ ਜੋ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦੇ ਲੋਕ ਸੰਪਰਕ ਅਧਿਕਾਰੀ ਅਤੇ ਸਾਬਕਾ ਲੋਕ ਸੰਪਰਕ ਅਫਸਰ ਬਠਿੰਡਾ ਸਨ ਦਾ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਮ ਸਸਕਾਰ ਡੀਏਵੀ ਕਾਲਜ ਬਠਿੰਡਾ ਲਾਗਲੇ ਸ਼ਮਸ਼ਾਨ ਘਾਟ ’ਚ ਸੋਮਵਾਰ ਨੂੰ 12 ਵਜੇ ਕੀਤਾ ਜਾਏਗਾ।
ਉਹਨਾਂ ਦਾ ਲੜਕਾ ਕੈਨੇਡਾ ਨਿਵਾਸੀ ਸੰਦੀਪ ਕਮਲ ਸਿੰਘ ਫੂਲਕਾ ਸੋਮਵਾਰ ਸਵੇਰੇ ਬਠਿੰਡਾ ਪੁੱਜ ਰਹੇ ਹਨ। ਬਠਿੰਡਾ ਵਿਖੇ ਐਡਵੋਕੇਟ ਐਚ ਐਸ ਫੂਲਕਾ ਨਾਲ ਅਫਸੋਸ਼ ਪ੍ਰਗਟ ਕਰਨ ਲਈ ਵੱਡੀ ਗਿਣਤੀ ਲੋਕ ਪੁੱਜ ਰਹੇ ਹਨ। ਅੱਜ ਜਿਲਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਤੇ ਵਾਹਿਗੁਰੂਪਾਲ ਸਿੰਘ ਦੀ ਮੌਤ ਨੂੰ ਪ੍ਰੀਵਾਰ ਅਤੇ ਸਮਾਜ ਲਈ ਵੱਡਾ ਘਾਟਾ ਦੱਸਿਆ ਹੈ।
ਅੱਜ ਹੀ ਡੇਰਾ ਸ਼੍ਰੀ ਰਾਮ ਟਿੱਲਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਵਿਧਾਇਕ ਬਲਜਿੰਦਰ ਕੌਰ, ਸਾਬਕਾ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਕਿੰਦਰ ਸਿੰਘ ਭਾਈਕਾ, ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸਾ, ਮਾਸਟਰ ਹਰਮੰਦਰ ਸਿੰਘ, ਗੁਰਪ੍ਰੀਤ ਸੰਧੂ ਤੋਂ ਇਲਾਵਾ ਰਿਫਾਇਨਰੀ ਦੇ ਉੱਚ ਅਧਿਕਾਰੀ, ਸਟਾਫ ਮੈਂਬਰ ਤੇ ਨਜਦੀਕੀ ਪਿੰਡਾਂ ਤੋਂ ਆਏ ਲੋਕਾਂ ਨੇ ਵਾਹਿਗੁਰੂ ਪਾਲ ਦੇ ਭਰਾ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਰਵਿੰਦਰ ਸਿਘ ਫੂਲਕਾ, ਬੇਟਾ ਪ੍ਰੀਤਕਮਲ ਸਿੰਘ ਫੂਲਕਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਸ੍ਰੀ ਵਾਹਿਗੁਰੂਪਾਲ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਇੱਕ ਲੜਕਾ ਕਮਲਪਰੀਤ ਸਿੰਘ ਫੂਲਕਾ ਚੰਡੀਗੜ ’ਚ ਵਕੀਲ ਹੈ ਜਦੋਂਕਿ ਲੜਕੀ ਵਰਨੀਤ ਕੌਰ ਅਮਰੀਕਾ ਰਹਿੰਦੇ ਹਨ। ਉਹ ਆਪਣੇ ਪਿੱਛੇ ਸੇਵਾਮੁਕਤ ਅਧਿਆਪਕਾ ਰਮੇਸ਼ ਕੁਮਾਰੀ ਛੱਡ ਗਏ ਹਨ।