ਕਾਮਾਗਾਟਾ ਮਾਰੂ ਘਟਨਾ ਬਦਲੇ ਦੋ ਕੈਨੇਡੀਅਨ ਪ੍ਰਧਾਨ ਮੰਤਰੀਆਂ ਤੋਂ ਮੁਆਫ਼ੀ ਮੰਗਵਾਉਣ ਵਾਲੇ ਸਾਹਿਬ ਸਿੰਘ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਸਨਮਾਨ
ਲੁਧਿਆਣਾਃ 30 ਮਈ 2022 - ਸਦੀ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਦੀ ਬੰਦਰਗਾਹ ਤੋਂ ਮੋੜਨ ਬਦਲੇ ਦੋ ਕੈਨੇਡੀਅਨ ਪ੍ਰਧਾਨ ਮੰਤਰੀਆਂ ਤੋਂ ਮੁਆਫ਼ੀ ਮੰਗਵਾਉਣ ਵਾਲੀ ਸੰਸਥਾ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੀ ਸਰੀ (ਕੈਨੇਡਾ) ਇਕਾਈ ਦੇ ਪ੍ਰਧਾਨ ਸਃ ਸਾਹਿਬ ਸਿੰਘ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਨਮਾਨ ਕੀਤਾ ਗਿਆ।
ਸਾਹਿਬ ਥਿੰਦ ਇਸ ਵਕਤ ਪਾਕਿਸਤਾਨ ਤੇ ਭਾਰਤੀ ਪੰਜਾਬ ਦੀ ਫੇਰੀ ਤੇ ਆਏ ਹੋਏ ਹਨ। ਦੇਸ਼ ਭਗਤ ਵਿਰਾਸਤ ਤੇ ਜੰਗੇ ਆਜ਼ਾਦੀ ਨਾਲ ਸਬੰਧਿਤ ਮਸਲਿਆਂ ਦੇ ਸੁਚੇਤ ਪਹਿਰੇਦਾਰ ਸਃ.ਸਾਹਿਬ ਸਿੰਘ ਥਿੰਦ ਪਾਕਿਸਤਾਨ ਸਰਕਾਰ ਨੂੰ ਵੀ ਜੰਗੇ ਆਜ਼ਾਦੀ ਲਈ ਅਨੇਕਾਂ ਮੀਟਿੰਗਜ਼ ਦੇ ਚਸ਼ਮਦੀਦ ਗਵਾਹ ਲਾਹੌਰ ਸਥਿਤ ਬਰੈਡਲਾ ਹਾਲ ਨੂੰ ਕੌਮੀ ਵਿਰਾਸਤ ਵਜੋਂ ਸੰਭਾਲਣ ਲਈ ਲੰਮੇ ਸਮੇਂ ਤੋਂ ਪ੍ਰੇਰਨਾ ਦੇ ਰਹੇ ਸਨ ਪਰ ਹੁਣ ਉਨ੍ਹਾਂ ਦੱਸਿਆ ਕਿ ਪਾਕਿ ਸਰਕਾਰ ਨੇ ਇਸ ਦੇਸ਼ ਭਗਤ ਸਰਗਰਮੀ ਕੇਂਦਰ ਦੀ ਸੰਭਾਲ ਲਈ ਨੌਂ ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
ਸਃ ਸਾਹਿਬ ਸਿੰਘ ਥਿੰਦ ਲਈ ਸੁਆਗਤੀ ਸ਼ਬਦ ਬੋਲਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1983 ਤੋਂ ਕੈਨੇਡਾ ਵੱਸਦੇ ਥਿੰਦ ਨੇ 1998 ਚ ਫਾਉਂਡੇਸ਼ਨ ਦਾ ਕਾਰਜ ਭਾਰ ਸਃ ਜਗਦੇਵ ਸਿੰਘ ਜੱਸੋਵਾਲ ਦੀ ਹਲਾ ਸ਼ੇਰੀ ਨਾਲ ਸੰਭਾਲਿਆ ਅਤੇ ਇਸ ਸੰਸਥਾ ਵੱਲੋਂ ਮੇਲਾ ਗਦਰੀ ਬਾਬਿਆਂ ਦਾ ਉੱਘੇ ਪੰਜਾਬੀ ਨਾਵਲਕਾਰ ਗਿਆਨੀ ਕੇਸਰ ਸਿੰਘ
ਤੇ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਦੀ ਪ੍ਰੇਰਨਾ ਨਾਲ ਆਰੰਭਿਆ ਜੋ ਹੁਣ ਠੀਕ ਨਿਰੰਤਰ ਚੱਲ ਰਿਹਾ ਹੈ।
ਕਾਮਾਗਾਟਾ ਮਾਰੂ ਘਟਨਾ ਬਦਲੇ ਕੈਨੇਡੀਅਨ ਸਰਕਾਰ ਪਾਸੋਂ ਮੁਆਫ਼ੀ ਮੰਗਵਾਉਣ ਵਾਲੀ ਲਹਿਰ ਦੇ ਇਸ ਆਗੂ ਨੇ ਦੋ ਪ੍ਰਧਾਨ ਮੰਤਰੀਆਂ ਸਟੀਫਨ ਹਾਰਪਰ ਤੇ ਜਸਟਿਨ ਟਰੂਡੋ ਪਾਸੇ ਦੋ ਵਾਰ ਲੋਕ ਕਚਹਿਰੀ ਵਿੱਚ ਮੁਆਫ਼ੀ ਮੰਗਵਾਈ ਅਤੇ ਜਸਟਿਨ ਟਰੂਡੋ ਤੋਂ ਇਸ ਘਟਨਾ ਲਈ ਦੇਸ਼ ਦੀ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਵਾਈ।
2008 ਵਿੱਚ ਤਾਂ ਪ੍ਰੋਃ ਮੋਹਨ ਸਿੰਘ ਫਾਉਂਡੇਸ਼ਨ ਦੇ ਭਾਰਤੀ ਪ੍ਰਧਾਨ ਸਃ ਪਰਗਟ ਸਿੰਘ ਗਰੇਵਾਲ ਤੇ ਮੈਂ ਬਤੌਰ ਸਕੱਤਰ ਜਨਰਲ ਉਸ ਮੇਲੇ ਵਿੱਚ ਹਾਜ਼ਰ ਸਾਂ ਜਦ ਸਟੀਫਨ ਹਾਰਪਰ ਨੇ ਮੰਚ ਤੋਂ ਬੋਲਦਿਆਂ ਮੁਆਫ਼ੀ ਮੰਗੀ ਪਰ ਧੰਨਵਾਦੀ ਸ਼ਬਦ ਬੋਲਦਿਆਂ ਸਾਹਿਬ ਥਿੰਦ ਨੇ ਕਿਹਾ ਕਿ ਇਸ ਢੰਗ ਦੀ ਮੁਆਫ਼ੀ ਪਰਵਾਨ ਨਹੀਂ, ਜੇ ਮੰਗਣੀ ਹੈ ਤਾਂ ਪਾਰਲੀਮੈਂਟ ਵਿੱਚ ਉਥੇ ਹੀ ਮੰਗੋ ਜਿਥੇ ਕਾਲੇ ਕਾਨੂੰਨ ਘੜੇ ਸਨ।
ਉਨ੍ਹਾਂ ਕਿਹਾ ਕਿ ਸਾਹਿਬ ਸਿੰਘ ਥਿੰਦ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬਾਰ ਬਾਰ ਚਿੱਠੀ ਪੱਤਰ ਲਿਖਣ ਉਪਰੰਤ ਮੁਲਾਕਾਤਾਂ ਕਰਕੇ 2020 ਵਿੱਚ ਉਹ ਹੁਕਮਨਾਮਾ ਵੀ ਵਾਪਸ ਲੈਣ ਲਈ ਰਜ਼ਾਮੰਦ ਕਰ ਲਿਆ, ਜਿਸ ਮੁਤਾਬਕ ਗਦਰ ਪਾਰਟੀ ਦੇ ਦੇਸ਼ ਭਗਤ ਸੂਰਮਿਆਂ ਖ਼ਿਲਾਫ਼ 1920 ਚ ਅਰੂੜ ਸਿੰਘ ਸਰਬਰਾਹ ਨੇ ਫਰੰਗੀ ਹਕੂਮਤ ਦੇ ਹਿਤ ਪੂਰਨ ਲਈ ਹੁਕਮਨਾਮਾ ਜਾਰੀ ਕਰਕੇ ਕਾਮਾ ਗਾਟਾ ਮਾਰੂ ਤੇ ਗਦਰ ਪਾਰਟੀ ਦੇ ਦੇਸ਼ ਭਗਤਾਂ ਨੂੰ ਅਸਿੱਖ ਕਰਾਰ ਦੇ ਦਿੱਤਾ ਸੀ।
ਵਰਤਮਾਨ ਸਮੇਂ ਵੀ ਸਾਹਿਬ ਸਿੰਘ ਥਿੰਦ ਵਲਾਇਤ ਦੀ ਅੰਗ੍ਰੇਜ਼ ਹਕੂਮਤ ਨੂੰ ਜੱਲ੍ਹਿਆਂ ਵਾਲਾ ਬਾਗ ਘਟਨਾ ਦੀ ਪਾਰਲੀਮੈਂਟ ਚ ਮੁਆਫ਼ੀ ਮੰਗਣ ਦੀ ਚਾਰਾਜੋਈ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਡਲਹੌਜ਼ੀ ਤੇ ਮੈਕਲੋਡਗੰਜ ਦਾ ਨਾਮ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਃ ਅਜੀਤ ਸਿੰਘ ਤੇ ਸੁਭਾਸ਼ ਚੰਦਰ ਬੋਸ ਦੇ ਨਾਮ ਤੇ ਰੱਖਣ ਲਈ ਉਥੋਂ ਦੀ ਸਿਆਸੀ ਲੀਡਰਸ਼ਿਪ ਨਾਲ ਸੰਪਰਕ ਕਰਕੇ ਪ੍ਰੇਰਤ ਕਰ ਰਹੇ ਹਨ।
ਸਃ ਸਾਹਿਬ ਸਿੰਘ ਥਿੰਦ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਃ ਮੁਖਤਿਆਰ ਸਿੰਘ
ਧੰਜੂ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।
ਸਃ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਬੈਨਰ ਹੇਠ ਅਸੀਂ ਜੰਗੇ ਆਜ਼ਾਦੀ ਦੇ ਸੂਰਮਿਆਂ ਦੇ ਸੁਨੇਹੇ ਘਰ ਘਰ ਦੇਸ਼ ਬਦੇਸ਼ ਚ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ 2012 ਚ ਪੰਜਾਬ ਅਸੈਂਬਲੀ ਨੇ ਵੀ ਕਾਮਾਗਾਟਾ ਮਾਰੂ ਜਹਾਜ਼ ਮੋੜਨ ਵਾਲੀ ਹਕੂਕਮਤ ਖ਼ਿਲਾਫ਼ ਮਤਾ ਪਾਸ ਕਰਕੇ ਸਾਡੀ ਲਹਿਰ ਨੂੰ ਬਲ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਸ ਵਕਤ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ, ਵਰਤਮਾਨ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਤੇ ਡਾਃ ਜਸਬੀਰ ਕੌਰ ਗਿੱਲ ਪੋਤਰੀ ਸ਼ਹੀਦ ਬੰਤਾ ਸਿੰਘ ਸੰਘਵਾਲ(ਜਲੰਧਰ) ਨੇ ਸਾਡਾ ਸਾਥ ਦੇ ਕੇ ਸਃ ਪਰਕਾਸ਼ ਸਿੰਘ ਬਾਦਲ ,ਬੀਬੀ ਰਾਜਿੰਦਰ ਕੌਰ ਭੱਠਲ ਤੇ ਸਪੀਕਰ ਸਃ ਚਰਨਜੀਤ ਸਿੰਘ ਅਟਵਾਲਰਾਹੀਂ ਸਰਬਸੰਮਤੀ ਨਾਲ ਇਹ ਮਤਾ ਪਾਸ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਹਰ ਵਾਰ ਇਥੋਂ ਨਵੀਂ ਊਰਜਾ ਮਿਲਦੀ ਹੈ ਜਿਸ ਨਾਲ ਅਸੀਂ ਹੋਰ ਸ਼ਕਤੀ ਨਾਲ ਨਵੇਂ ਮਸਲੇ ਉਭਾਰਨ ਤੇ ਹੱਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਾਂ।