ਚੰਡੀਗੜ੍ਹ, 1 ਅਪ੍ਰੈਲ 2021: ਉਘੇ ਸ਼ਾਇਰ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੇ ਦਿਹਾਂਤ ਉਤੇ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਦੁਖ ਪ੍ਰਗਟ ਕਰਦਿਆਂ ਆਖਿਆ ਹੈ ਕਿ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਹਮੇਸ਼ਾ ਸਾਡੇ ਚੇਤਿਆਂ ਵਿਚ ਵਸੇ ਰਹਿਣਗੇ। ਉਨਾ ਕਿਹਾ ਕਿ ਪ੍ਰੋਫੈਸਰ ਗਰੇਵਾਲ ਨੇ ਨਿਵੇਕਲੀ ਸ਼ੈਲੀ ਤੇ ਬਿੰਬ ਭਰਪੂਰ ਕਵਿਤਾ ਤੇ ਗੀਤ ਰਚੇ। ਉਨਾ ਦੀ ਸ਼ਖਸੀਅਤ ਵੀ ਇਕ ਕਵਿਤਾ ਵਰਗੀ ਸੀ। ਉਨਾ ਦੇ ਦਿਹਾਂਤ ਨਾਲ ਕਵਿਤਾ ਨਿਰਾਸ ਹੋਈ ਹੈ। ਸ੍ਰ ਚਰਨਜੀਤ ਸਿੰਘ ਚੰਨੀ ਪ੍ਰੋਫੈਸਰ ਗਰੇਵਾਲ ਦੇ ਪਰਿਵਾਰ ਨਾਲ ਦੁਖ ਪ੍ਰਗਟਾਇਆ ਹੈ। ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਕੁਲਵੰਤ ਸਿੰਘ ਗਰੇਵਾਲ ਦੀ ਕਵਿਤਾ ਪਾਠਕ ਦੇ ਮਨ ਅੰਦਰ ਆਲਣਾ ਪਾ ਲੈਂਦੀ ਸੀ। ਉਹ ਖੁਦ ਵੀ ਮੋਹਵੰਤਾ ਤਾ ਦਿਲਚਸਪ ਮਨੁੱਖ ਸੀ। ਉਸਦੇ ਚਲੇ ਜਾਣ ਨਾਲ ਅਣਗਿਣਤ ਪਾਠਕ ਉਦਾਸ ਹੋਏ ਹਨ। ਆਪ ਨੇ ਯਾਦਗਾਰੀ ਕਵਿਤਾਵਾਂ ਲਿਖੀਆਂ ਤੇ ਪਿਆਰੇ ਪਿਆਰੇ ਗੀਤ ਵੀ ਲਿਖੇ: ਰੁਖ਼ ਬਦਲੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ
ਪੰਛੀ ਉਡ ਗਏ ਸ਼ਾਮਾਂ ਦੇ
ਮੁੜ ਏਥੇ ਨਹੀਓਂ ਲੱਗਣੇ
ਮੇਲੇ ਦਰਿਆਵਾਂ ਦੇ..
ਨੀਵੀਂ ਝੋਕ ਗ਼ਰੀਬਾਂ ਦੀ
ਪੱਤਣਾਂ ਨੂੰ ਖੋਰ ਪਿਆ
ਏਨੀ ਬਾਤ ਨਸੀਬਾਂ ਦੀ..
ਸਾਨੂੰ ਈਦਾਂ ਬਰ ਆਈਆਂ ਰਾਵੀ ਤੇਰੇ ਪੱਤਣਾਂ ਉਤੇ ਐਵੇਂ ਅੱਖੀਆਂ ਭਰ ਆਈਆਂ।
ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੀ ਕਾਵਿ ਪੁਸਤਕ 'ਤੇਰਾ ਅੰਬਰਾਂ ਚ ਨਾਂ ਲਿਖਿਆ' 2005 ਵਿਚ ਛਪੀ। ਆਪ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਵੀ ਦਾ ਪੁਰਸਕਾਰ ਵੀ ਦਿਤਾ। ਆਪ ਨੇ ਲੰਬਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜਾਇਆ। ਅਜ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਆਪ ਦੇ ਚਲਾਣੇ ਉਤੇ ਆਪ ਦੀ ਕਾਵਿ ਪ੍ਰਤਿਭਾ ਨੂੰ ਸਲਾਮ ਕਰਦਿਆਂ ਨਿਘੀ ਸ਼ਰਧਾਂਜਲੀ ਭੇਟ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।