ਆਲਮੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
- ਸ਼ੌਕਤ ਅਲੀ ਪੰਜਾਬੀ ਲੋਕ ਸੰਗੀਤ ਦਾ ਉੱਚ ਦੋਮਾਲੜਾ ਬੁਰਜ ਸੀ- ਗੁਰਭਜਨ ਗਿੱਲ
ਲੁਧਿਆਣਾਃ 3 ਅਪ੍ਰੈਲ 2022 - ਆਲਮੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਜਨਾਬ ਸ਼ੌਕਤ ਅਲੀ ਦੀ ਪਹਿਲੀ ਬਰਸੀ ਮੌਕੇ ਚੇਤਨਾ ਪ੍ਰਕਾਸ਼ਨ,ਗੁਲਾਟੀ ਪਬਲਿਸ਼ਰਜ਼ ਸਰੀ(ਕੈਨੇਡਾ), ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਵਿਜ਼ਨ ਆਫ਼ ਪੰਜਾਬ ਵੱਲੋਂ ਸਾਂਝੇ ਤੌਰ ਸਮਾਗਮ ਕਰਵਾਇਆ ਗਿਆ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸ਼ੌਕਤ ਅਲੀ ਜੀ ਦੇ ਗੀਤ ਸੁਣ ਸੁਣ ਕੇ ਹੀ ਅਸੀਂ ਸਾਰੇ ਜਵਾਨ ਹੋਏ ਹਾਂ। ਉਨ੍ਹਾਂ ਨੇ ਲਗਪਗ ਪਚਵੰਜਾ ਸਾਲ ਰੱਜ ਕੇ ਗਾਇਆ। 1960 ਤੋਂ ਸ਼ੁਰੂ ਹੋਇਆ ਸੰਗੀਤ ਸਫ਼ਰ ਪਿਛਲੇ ਸਾਲ ਮੁੱਕਿਆ। ਉਹ ਗਾਇਕ ਵੀ ਸਨ ਤੇ ਗੀਤ ਸਿਰਜਕ ਵੀ। ਦੋ ਗੀਤ ਪੁਸਤਕਾਂ ਦੇ ਲੇਖਕ ਸ਼ੌਕਤ ਅਲੀ ਬੜੇ ਅਦਬ ਨਿਵਾਜ਼ ਇਨਸਾਨ ਸਨ। ਸ਼ੌਕਤ ਅਲੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਲੇਖਕਾਂ , ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਸਵਾਗਤ ਕਰਦਿਆਂ ਸਤੀਸ਼ ਗੁਲਾਟੀ ਨੇ ਕਿਹਾ ਕਿ ਦਸ ਸਾਲ ਪਹਿਲਾਂ ਮੈਂ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਸ਼ੌਕਤ ਅਲੀ ਸਾਹਿਬ ਦੇ ਗੀਤਾਂ ਦਾ ਪਹਿਲਾ ਸੰਗ੍ਰਹਿ ਹੰਝੂਆਂ ਦੇ ਆਲ੍ਹਣੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਸੀ। ਉਨ੍ਹਾਂ ਦਾ ਸਨੇਹੀ ਵਿਹਾਰ ਅੱਜ ਵੀ ਮੈਨੂੰ ਪ੍ਰਸੰਨਤਾ ਦਿੰਦਾ ਹੈ ਜਦ ਉਨ੍ਹਾਂ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਮੈਨੂੰ ਗਲਵੱਕੜੀ ਪਾ ਕੇ ਮੈਨੂੰ ਤੇ ਮੇਰੇ ਪ੍ਰਕਾਸ਼ਨ ਨੂੰ ਪ੍ਰਵਾਨ ਕੀਤਾ। ਉਨ੍ਹਾਂ ਦਾ ਜਾਣਾ ਸੁਰੀਲੇ ਯੁਗ ਦਾ ਖ਼ਾਤਮਾ ਹੈ।
ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਆਪਣੀ ਭਾਵਨਾ ਪੇਸ਼ ਕਰਦਿਆਂ ਕਿਹਾ ਕਿ ਉਹ ਮੇਰੇ ਗਾਇਬਾਨਾ ਉਸਤਾਦ ਵੀ ਸਨ ਤੇ ਵੱਡੇ ਵੀਰ ਵੀ। ਉਨ੍ਹਾਂ ਨਾਲ ਅਮਰੀਕਾ, ਕੈਨੇਡਾ ਤੇ ਯੂ ਕੇ ਵਿੱਚ ਸਟੇਜ ਸਾਂਝੀ ਕਰਨ ਦਾ ਸੁਭਾਗ ਅੱਜ ਵੀ ਰੂਹ ਨੂੰ ਤਾਜ਼ਗੀ ਦਿੰਦਾ ਹੈ।
ਵਿਯਨਜ਼ ਆਫ਼ ਪੰਜਾਬ ਟੋਰੰਟੋ ਦੇ ਸੰਚਾਲਕ ਤੇ ਜਨਾਬ ਸ਼ੌਕਤ ਅਲੀ ਸਾਹਿਬ ਨਾਲ ਲਗਪਗ ਚਾਲੀ ਸਾਲ ਭਰਾਵਾਂ ਵਾਲਾ ਰਿਸ਼ਤਾ ਰੱਖਣ ਵਾਲੇ ਇਕਬਾਲ ਮਾਹਲ ਸਾਹਿਬ ਨੇ ਕਿਹਾ ਕਿ ਸ਼ੌਕਤ ਅਲੀ ਮੁਕੰਮਲ ਕਲਾਕਾਰ ਸੀ ਜਿਸ ਨੇ ਦੋਹਾਂ ਮੁਲਕਾਂ ਦੇ ਗਾਇਕਾਂ ਨੂੰ ਗਾਉਣਾ ਸਿਖਾਇਆ। ਉਸ ਦੀ ਬੁਲੰਦ ਆਵਾਜ਼ ਰੂਹਾਂ ਨੂੰ ਸਰਬ ਸਮਿਆਂ ਤੀਕ ਕੀਲਦੀ ਰਹੇਗੀ। ਟੋਰੰਟੋ ਵਿੱਚ ਹਮੇਸ਼ਾਂ ਉਹ ਮੇਰੇ ਘਰ ਦੇ ਜੀਆਂ ਵਾਗ ਵਿਚਰੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ੌਕਤ ਅਲੀ ਸਾਹਿਬ ਪੰਜਾਬੀ ਲੋਕ ਸੰਗੀਤ ਦੇ ਉੱਚ ਦੋਮਾਲੜੇ ਬੁਰਜ ਸਨ। ਨਾਲ ਪਹਿਲੀ ਮੁਲਾਕਾਤ 1996 ਚ ਅਟਾਰੀ ਰੇਲਵੇ ਸਟੇਸ਼ਨ ਤੇ ਹੋਈ, ਜਿਸ ਥਾਣੀਂ ਉਹ ਇਨਾਇਤ ਹੁਸੈਨ ਭੱਟੀ, ਰੇਸ਼ਮਾਂ ਤੇ ਅਕਰਮ ਰਾਹੀ ਨਾਲ ਪਹਿਲੀ ਵਾਰ ਮੁੱਦਤ ਬਾਅਦ ਪੰਜਾਬ ਦੌਰੇ ਤੇ ਆਏ ਸਨ। ਮੈਨੂੰ ਮਾਣ ਹੈ ਕਿ ਸਃ ਜਗਦੇਵ ਸਿੰਘ ਜੱਸੋਵਾਲ ਦੇ ਅੰਗ ਸੰਗ ਮੈਂ ਇਨ੍ਹਾਂ ਮਹਾਨ ਕਲਾਕਾਰਾਂ ਦਾ ਤੇਲ ਚੋ ਕੇ ਗੁੜ ਨਾਲ ਮੂੰਹ ਮਿੱਠਾ ਕਰਵਾਉਣ ਬਾਦ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ। ਇਨ੍ਹਾਂ ਸਾਰੇ ਕਲਾਕਾਰਾਂ ਨੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਸ਼ਬਦ ਗਾ ਕੇ ਸਭ ਨੂੰ ਨਿਹਾਲ ਕੀਤਾ।
1997 ਚ ਉਨ੍ਹਾਂ ਦੇ ਲਾਹੌਰ ਸਥਿਤ ਕ੍ਰਿਸ਼ਨ ਨਗਰ ਵਾਲੇ ਘਰ ਵਿੱਚ ਮੈਂ ਆਪਣੀ ਜੀਵਨ ਸਾਥਣ ਜਸਵਿੰਦਰ ਤੇ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਉਨ੍ਹਾਂ ਦੇ ਪਰਿਵਾਰ ਨਾਲ ਮਿਲਣੀ ਕੀਤੀ। ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੀ ਸ਼ਾਦੀ ਤੇ ਉਹ ਪੁੱਤਰ ਸਮੇਤ ਉਚੇਚੇ ਲੁਧਿਆਣਾ ਆਏ। ਇਸ ਵਿਆਹ ਚ ਸ਼ੌਕਤ ਭਾ ਜੀ ਦੇ ਬੇਟਾ ਮੋਹਸਿਨ ਅਲੀ ਭਗਵੰਤ ਦਾ ਸਰਬਾਲਾ ਸੀ। ਬਾਦ ਵਿੱਚ ਵੀ ਇੱਕ ਵਾਰ ਉਹ ਹਰਭਜਨ ਮਾਨ ਤੇ ਭਗਵੰਤ ਮਾਨ ਦੇ ਬੁਲਾਵੇ ਤੇ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਇੱਕ ਸੰਗੀਤ ਸ਼ਾਮ ਲਈ ਮੋਹਸਿਨ ਸਮੇਤ ਆਏ। ਜਿੱਥੇ ਪ੍ਰੋਃ ਪਿਰਥੀਪਾਲ ਸਿੰਘ ਕਪੂਰ ਅਤੇ ਡਾਃ ਸ ਪ ਸਿੰਘ ਤੇ ਪ੍ਰੋਃ ਗੁਣਵੰਤ ਸਿੰਘ ਦੂਆ ਜੀ ਨੇ ਉਨ੍ਹਾਂ ਦੀ ਸ਼ਾਨ ਵਿੱਚ ਕਮਾਲ ਦਾ ਸਮਾਗਮ ਕਰਵਾਇਆ। ਪਿਰਥੀਪਾਲ ਸਿੰਘ ਬਟਾਲਾ ਕੇ ਵਿਜੈ ਵਰਮਾ ਐਡਵੋਕੇਟ ਨੇ ਮੇਰੀਅਟ ਹੋਟਲ ਵਿੱਚ ਸ਼ੌਕਤ ਅਲੀ ਤੇ ਉਨ੍ਹਾਂ ਦੇ ਬੇਟੇ ਮੋਹਸਿਨ ਦੇ ਸਵਾਗਤ ਵਿੱਚ ਵਿਸ਼ੇਸ਼ ਦਾਅਵਤ ਤੇ ਸ਼ਹਿਰ ਦੇ ਨਾਮੀ ਗਰਾਮੀ ਲੋਕ ਬੁਲਾਏ।
ਜਲੰਧਰ ਵੱਸਦੇ ਗਾਇਕ ਤੇ ਡਾਕਟਰ ਸੁਖਨੈਨ ਨੇ ਕਿਹਾ ਕਿ ਸ਼ੌਕਤ ਅਲੀ ਸਾਹਿਬ ਨਾਲ ਟੋਰੰਟੋ, ਵਿਨੀਪੈਗ ਤੇ ਕੈਨੇਡਾ ਦੇ ਕੁਝ ਹੋਰ ਸ਼ਹਿਰਾਂ ਵਿੱਚ ਇਕਬਾਲ ਮਾਹਲ ਜੀ ਕਾਰਨ ਸਟੇਜ ਸਾਂਝੀ ਕਰਨ ਦਾ ਮਾਣ ਮਿਲਿਆ। ਉਹ ਸੰਗੀਤ ਨੂੰ ਜਿਉਣ ਵਾਲੇ ਵੱਡੇ ਗਵੱਈਏ ਸਨ, ਜਿੰਨ੍ਹਾਂ ਦੇ ਗੀਤਾਂ ਚੋਂ ਵਿਰਸਾ ਬੋਲਦਾ ਹੈ।
ਟੋਰੰਟੋ ਤੋਂ ਆਏ ਪੱਤਰਕਾਰ ਸਤਿਬੀਰ ਸਿੰਘ ਸਿੱਧੂ ਨੇ ਸ਼ੌਕਤ ਅਲੀ ਦੀ ਸਦੀਵੀ ਯਾਦ ਸਾਂਭਣ ਲਈ ਲੁਧਿਆਣਾ ਵੱਸਦੇ ਲੇਖਕਾਂ ਕਲਾਕਾਰਾਂ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਕਿਹਾ ਕਿ ਉਹ ਯਾਦਾਂ ਨੂੰ ਲਿਖ ਕੇ ਸੰਭਾਲਣ,ਸਬੰਧਿਤ ਤਸਵੀਰਾਂ ਵੀ ਇਕੱਠੀਆਂ ਕਰਨ ਅਤੇ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕਰਨ। ਇਸ ਤੇ ਹੋਣ ਵਾਲਾ ਖ਼ਰਚਾ ਉਹ ਦੇਣਗੇ।
ਇਸ ਮੌਕੇ ਸ਼ੌਕਤ ਅਲੀ ਦੇ ਚਹੇਤੇ ਲੋਕ ਗਾਇਕ ਹਰਭਜਨ ਮਾਨ ਵੱਲੋਂ ਇਕਬਾਲ ਰਾਹੀਂ ਭੇਜਿਆ ਸ਼ੋਕ ਸੁਨੇਹਾ ਵੀ ਉਨ੍ਹਾਂ ਦੀ ਆਵਾਜ਼ ਵਿੱਚ ਸੁਣਾਇਆ ਗਿਆ।
ਉਨ੍ਹਾਂ ਮੇਗਾ ਜ਼ਿਲ੍ਹੇ ਦੇ ਕਲਾਕਾਰ ਮਨਜੀਤ ਸਿੰਘ ਗਿੱਲ ਘੱਲ ਕਲਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ੌਕਤ ਅਲੀ ਜੀ ਦਾ ਬੁੱਤ ਤਿਆਰ ਕਰਕੇ ਦੇਸ਼ ਭਗਤ ਪਾਰਕ ਵਿੱਚ ਲਾਇਆ ਹੈ, ਇਹ ਵੱਡੀ ਅਕੀਦਤ ਦਾ ਪ੍ਰਗਟਾਵਾ ਹੈ।
ਇਸ ਮੌਕੇ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਡਾਃ ਸੁਖਨੈਨ ਤੇ ਰਣਧੀਰ ਕੰਵਲ ਨੇ ਸ਼ੌਕਤ ਅਲੀ ਜੀ ਦੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ਉੱਘੇ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ,ਉੱਘੇ ਪੰਜਾਬੀ ਫ਼ਿਲਮਸਾਜ਼ ਡੀ ਪੀ ਅਰਸ਼ੀ ਸਰੀ(ਕੈਨੇਡਾ),ਤਰਲੋਚਨ ਸਿੰਘ ਨਾਟਕਕਾਰ,ਲੋਕ ਗਾਇਕ ਰਾਜਿੰਦਰ ਮਲਹਾਰ,ਬਲਕੌਰ ਸਿੰਘ ਗਿੱਲ, ਸਤਿਬੀਰ ਸਿੰਘ ਸਿੱਧੂ ਟੋਰੰਟੋ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਗੁਰਦਾਸ ਕੈੜੇ, ਬੁੱਧ ਸਿੰਘ ਨੀਲੋਂ, ਗੁਰਪ੍ਰੀਤ ਸਿੰਘ ਮਾਦਪੁਰੀ,ਗਾਇਕ ਮ ਸ ਸੇਠੀ, ਜਗਸ਼ਰਨ ਸਿੰਘ ਛੀਨਾ,ਸੁਮਿਤ ਗੁਲਾਟੀ ਤੇ ਅਨੇਕਾਂ ਹੋਰ ਸੰਗੀਤ ਕਲਾ ਪ੍ਰੇਮੀ ਹਾਜ਼ਰ ਸਨ।