ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਸੁਖਦੇਵ ਮਾਦਪੁਰੀ ਨਹੀਂ ਰਹੇ
ਗੁਰਭਜਨ ਸਿੰਘ ਗਿੱਲ
ਲੁਧਿਆਣਾ, 28 ਅਪ੍ਰੈਲ, 2020 : ਪੰਜਾਬੀ ਸਾਹਿਤ ਜਗਤ ਦੀ ਉਘੀ ਹਸਤੀ ਸੁਖਦੇਵ ਸਿੰਘ ਮਾਦਪੁਰ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ 1935 ਨੂੰ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਦਿਆ ਸਿੰਘ ਅਤੇ ਮਾਤਾ ਬੇਬੇ ਸੁਰਜੀਤ ਕੌਰ ਦੇ ਘਰ ਹੋਇਆ।
ਨੇੜਲੇ ਪਿੰਡ ਦੇ ਸਰਕਾਰੀ ਹਾਈ ਸਕੂਲ ਜਸਪਾਲੋਂ ਤੋਂ ਉਹਨਾਂ ਮੈਟ੍ਰਿਕ ਕੀਤੀ ਅਤੇ ਫਿਰ ਜੇ ਬੀ ਟੀ ਕਰਕੇ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਏ।
ਉਹਨਾਂ ਨੇ ਪ੍ਰਾਈਵੇਟ ਤੌਰ 'ਤੇ ਆਪਣੀ ਪੜਾਈ ਜਾਰੀ ਰੱਖੀ ਅਤੇ ਪੰਜਾਬੀ ਦੀ ਐਮ ਏ ਕਰ ਲਈ। 1978 ਤੱਕ ਅਧਿਆਪਕੀ ਦੇ ਲੰਮੇ ਅਨੁਭਵ ਅਤੇ ਜਮੀਨੀ ਪੱਧਰ ਤੇ ਲੋਕ-ਤੱਥਾਂ ਦਾ ਸੰਗ੍ਰਹਿ ਕਰਨ ਦੇ ਬਾਅਦ ਉਹਨਾਂ ਪੰਜਾਬ ਸਿਖਿਆ ਬੋਰਡ ਦੇ ਵਿਸ਼ਾ ਮਾਹਿਰ (ਪੰਜਾਬੀ) ਵਜੋਂ ਅਤੇ ਬਾਲ ਰਸਾਲਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦੇ ਸੰਪਾਦਕ ਵਜੋਂ ਕੰਮ ਕਰਨ ਲੱਗੇ ਅਤੇ 1993 ਤੱਕ ਇਹ ਕੰਮ ਕਰਦੇ ਰਹੇ। 1993 ਵਿੱਚ ਸੇਵਾ ਮੁਕਤ ਹੋਣ ਦੇ ਬਾਅਦ ਉਹ ਆਪਣੇ ਮੁੱਢਲੇ ਸ਼ੌਕ, ਲੋਕ ਸੱਭਿਆਚਾਰ ਦੀ ਸਾਂਭ ਸੰਭਾਲ ਵਿੱਚ ਇੱਕਮਨ ਹੋ ਜੁਟੇ ਰਹੇ।
ਉਹਨਾਂ ਪੰਜਾਬ ਦੀਆਂ ਲੋਕ ਕਹਾਣੀਆਂ, ਲੋਕ ਬੁਝਾਰਤਾਂ, ਅਖੌਤਾਂਂ ਅਤੇ ਲੋਕ ਬੋਲੀਆਂ ਨੂੰ ਪਿੰਡ-ਪਿੰਡ ਜਾ ਕੇ ਇਕੱਤਰ ਕੀਤਾ।