ਚੰਡੀਗੜ੍ਹ, 20 ਅਗਸਤ 2019 - 'ਲੇਖਕ ਅਤੇ ਬੁੱਧੀਜੀਵੀ ਸਮਾਜ ਦੇ ਅਨਿੱਖੜੇਂ ਅੰਗ ਹੁੰਦੇ ਹਨ ਜੋ ਆਪਣੀਆਂ ਸਾਹਿਤਕ ਰਚਨਾਵਾਂ ਵਿਚ ਵੱਖ-ਵੱਖ ਮਨੁੱਖੀ ਮਨੋਭਾਵਾਂ ਨੂੰ ਪੇਸ਼ ਕਰਦੇ ਹਨ ਅਤੇ ਉਹਨਾਂ ਨੂੰ ਸਮਾਜ ਦਾ ਅਕਸ ਵੀ ਮੰਨਿਆ ਜਾਂਦਾ ਹੈ।'
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਨ ਰੂਜਮ ਵਲੋਂ ਪ੍ਰਸਿੱਧ ਲੇਖਕ ਅਤੇ ਸਾਹਿਤਕਾਰ ਸ੍ਰੀ ਨਿੰਦਰ ਘੁਗਿਆਣਵੀ ਨੂੰ ਮਾਰਕਫੈਡ ਭਵਨ ਵਿਖੇ 'ਕਮਲਾਵਤੀ ਭਾਸਕਰ ਪੁਰਸਕਾਰ-2019' ਨਾਲ ਸਨਮਾਨਿਤ ਕਰਨ ਮੌਕੇ ਕੀਤਾ। ਸ੍ਰੀ ਨਿੰਦਰ ਘੁਗਿਆਣਵੀ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਨਿੰਦਰ ਘੁਗਿਆਣਵੀ ਨੇ ਸਾਹਿਤ, ਕਲਾ, ਸੰਗੀਤ ਅਤੇ ਸੱਭਿਆਚਾਰ ਨੂੰ ਸਮਰਪਿਤ 50 ਤੋਂ ਵੱਧ ਪੁਸਤਕਾਂ ਲਿਖੀਆਂ ਅਤੇ ਉਹਨਾਂ ਨੂੰ ਸਾਹਿਤਕ ਖੇਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹ ਲੇਖਕ ਨੂੰ ਸਨਮਾਨਿਤ ਕਰਨ ਲਈ ਮਾਰਕਫੈਡ ਅਤੇ ਸੰਵਾਦ ਸਾਹਿਤ ਮੰਚ ਵਲੋਂ ਆਯੋਜਿਤ ਕੀਤੇ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।
ਆਪਣੇ ਸੰਬੋਧਨ ਵਿਚ ਸ੍ਰੀ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਆਮ ਲੋਕਾਂ ਦੀ ਦਸ਼ਾ ਨੂੰ ਦਰਸਾਉਣ ਦਾ ਯਤਨ ਕੀਤਾ ਅਤੇ ਨਾਲ ਹੀ ਪੰਜਾਬ ਦੀਆਂ ਪੁਰਾਣੀਆਂ ਰਿਵਾਇਤਾਂ ਤੇ ਸੱਭਿਆਚਾਰ ਨੂੰ ਵੀ ਉਭਾਰਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕਫੈਡ ਦੇ ਸੀਨੀਅਰ ਅਧਿਕਾਰੀ ਅਤੇ ਸੰਵਾਦ ਸਾਹਿਤ ਮੰਚ ਦੇ ਪ੍ਰਧਾਨ ਸ੍ਰੀ ਪ੍ਰੇਮ ਵਿਜ ਤੇ ਸਕੱਤਰ ਸ੍ਰੀ ਸੁਭਾਸ਼ ਭਾਸਕਰ ਸਮੇਤ ਪ੍ਰਸਿੱਧ ਪੱਤਰਕਾਰ ਸ੍ਰੀ ਤਰਲੋਚਨ ਸਿੰਘ ਵੀ ਮੌਜੂਦ ਸਨ।