ਨਵਾਂ ਸ਼ਹਿਰ, 2 ਸਤੰਬਰ 2020 - ਓਮ ਪ੍ਰਕਾਸ਼, ਸਾਲ 1984 ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੁਲਤਾਨਪੁਰ ਦੇ ਪਿੰਡ ਨਸੀਰਾਬਾਦ ਤੋਂ ਰੁਜ਼ਗਾਰ ਅਤੇ ਉੱਜਲੇ ਭਵਿੱਖ ਦੀ ਤਲਾਸ਼ ਵਿਚ ਪੰਜਾਬ ਆਇਆ ਸੀ। ਚੰਗੇ ਭਾਗਾਂ ਨਾਲ ਬਹੁਤ ਥੋੜ੍ਹੇ ਸਮੇਂ ਵਿਚ ਹੀ ਉਹ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ-ਕਲੇਰਾਂ ਵਿਖੇ ਮਾਲੀ ਦੇ ਤੌਰ `ਤੇ ਕੰਮ-ਕਾਰ ਕਰਨ ਲੱਗਾ। ਉਹ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਬਦਲਦੀਆਂ ਰੁੱਤਾਂ ਦੇ ਮੁਤਾਬਿਕ ਵੱਖ ਵੱਖ ਰੰਗਾਂ ਅਤੇ ਕਿਸਮਾਂ ਦੇ ਫੁੱਲ ਬੂਟੇ ਲਾ ਕੇ ਬੜੀਆਂ ਹੀ ਖ਼ੂਬਸੂਰਤ ਬਗੀਚੀਆਂ ਤਿਆਰ ਕਰਨ ਵਿਚ ਰੁੱਝਿਆ ਰਹਿੰਦਾ।
ਮਰੀਜ਼ਾਂ ਦੀ ਰੂਹ ਨੂੰ ਹਸਪਤਾਲ ਦੇ ਮੁੱਖ ਦਰਵਾਜ਼ੇ ਦੇ ਅੰਦਰ ਦਾਖਲ ਹੁੰਦਿਆਂ ਹੀ ਰੰਗ-ਬਰੰਗੇ ਫੁੱਲ ਦੇਖ ਕੇ ਬਹੁਤ ਸ਼ਾਂਤੀ, ਖੁਸ਼ੀ ਅਤੇ ਉਤਸ਼ਾਹ ਮਿਲਦਾ ਹੈ। ਓਮ ਪ੍ਰਕਾਸ਼ ਵੱਲੋਂ ਲਾਏ ਹੋਏ ਦਰੱਖ਼ਤ ਵੀ ਛਾਂ ਦੇਣ ਜੋਗੇ ਹੋਈ ਜਾ ਰਹੇ ਸਨ। ਗਰਮੀ ਤੋਂ ਬਚਣ ਲਈ ਦਰੱਖਤਾਂ ਦੀ ਸੰਘਣੀ ਛਾਂ ਮਰੀਜ਼ਾਂ ਨੂੰ ਠੰਡਕ ਪਹੁੰਚਾਉਣ ਲੱਗੀ। ਮਾਲੀ ਦੀ ਇਸ ਲਗਨ ਭਰੀ ਮਿਹਨਤ ਉੱਤੇ ਤਾਂ ਨਾਲੇ ‘ਫੁੱਲ ਤੇ ਨਾਲੇ ਫਲੀਆਂ’ ਵਾਲੀ ਕਹਾਵਤ ਢੁੱਕਦੀ ਹੈ।
ਦੋ ਸਾਲ ਬਾਅਦ ਸ੍ਰੀ ਓਮ ਪ੍ਰਕਾਸ਼ ਆਪਣੇ ਪਿੰਡ ਜਾ ਕੇ ਆਪਣੀ ਪਤਨੀ ਸ੍ਰੀਮਤੀ ਕਮਲਾ ਦਾ ਮੁਕਲਾਵਾ ਲੈ ਕੇ ਫਿਰ ਢਾਹਾਂ-ਕਲੇਰਾਂ ਵਿਖੇ ਆਪਣੀ ਨੌਕਰੀ ਤੇ ਵਾਪਸ ਆ ਗਿਆ। ਸ੍ਰੀਮਤੀ ਕਮਲਾ ਨੇ ਵੀ 1998 ਤੋਂ ਹਸਪਤਾਲ ਦੇ ਲੰਗਰ ਵਿਚ ਪੂਰਾ ਮਨ-ਚਿਤ ਲਾ ਕੇ ਬੜੀ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਸ੍ਰੀਮਤੀ ਕਮਲਾ ਨੂੰ ਜਦੋਂ ਉਸ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਬੜੀ ਭਾਵੁਕ ਹੋ ਕੇ ਇਹ ਕਿਹਾ, "ਬਾਬਾ ਜੀ (ਬਾਬਾ ਬੁੱਧ ਸਿੰਘ ਢਾਹਾਂ, ਬਾਨੀ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ) ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਸਨ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ, ਪੜ੍ਹਾਈ ਤੋਂ ਬਿਨਾਂ ਜ਼ਿੰਦਗੀ ਵਿਚ ਹੋਰ ਕੋਈ ਅਹਿਮ ਪੂੰਜੀ ਨਹੀਂ ਹੈ। ਇਸ ਅਦਾਰੇ ਵਿਚ ਕੰਮ ਕਰਨ ਵਾਲੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਕੂਲ ਫੀਸ 50% ਮੁਆਫ਼ ਕੀਤੀ ਜਾਂਦੀ ਹੈ," ਅਸੀਂ ਬਾਬਾ ਜੀ ਦੀ ਆਗਿਆ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ"।
ਇਸਦੇ ਫਲਸਰੂਪ, ਓਮ ਪ੍ਰਕਾਸ਼ ਅਤੇ ਕਮਲਾ ਦੀ ਵੱਡੀ ਧੀ ਅਨੀਤਾ ਰਾਣੀ ਨੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ 10+2 ਮੈਡੀਕਲ ਵਿੱਦਿਆ ਪ੍ਰਾਪਤ ਕਰਨ ਉਪਰੰਤ ਗੁਰੂ ਨਾਨਕ ਕਾਲਜ ਆਫ ਨਰਸਿੰਗ ਤੋਂ ਬੀ ਐਸ ਸੀ ਨਰਸਿੰਗ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇੱਥੇ ਹੀ ਇਸ ਸਾਲ ਤੱਕ ਅਧਿਆਪਕਾ ਦੀ ਨੌਕਰੀ ਕੀਤੀ। ਇਸੇ ਤਰ੍ਹਾਂ ਦੂਜੀ ਧੀ ਲਲਿਤਾ ਯਾਦਵ ਨੇ ਇੱਥੇ ਦੇ ਸਕੂਲ ਤੋਂ 10+2 ਨਾਨ-ਮੈਡੀਕਲ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਇਲੈੱਕਟਰੋਨਿਕਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਹੁਣ ਬਤੌਰ ਪਟਵਾਰੀ ਦੇ ਬੰਗਾ ਵਿਚ ਕੰਮ ਕਰ ਰਹੀ ਹੈ। ਇਨ੍ਹਾਂ ਦੇ ਪੁੱਤ ਸੁਦੇਸ਼ ਕੁਮਾਰ ਨੇ ਵੀ ਢਾਹਾਂ-ਕਲੇਰਾਂ ਦੇ ਸਕੂਲ ਤੋਂ 10+2 ਨਾਨ-ਮੈਡੀਕਲ ਕਰਨ ਤੋਂ ਬਾਅਦ ਇਲੈੱਕਟਰੋਨਿਕਸ ਦੀ ਡਿਗਰੀ ਪ੍ਰਾਪਤ ਕੀਤੀ। ਅੱਜ-ਕੱਲ੍ਹ ਉਹ ਇੰਜੀਨੀਅਰ ਦੀ ਪੋਸਟ ਤੇ ਬੰਗਲੌਰ ਵਿਖੇ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਇਸ ਅਦਾਰੇ ਵਿੱਚ ਨੌਕਰੀ ਕਰਦੇ ਹਨ ਜਿਨ੍ਹਾਂ ਦੇ ਬੱਚੇ ਅਦਾਰੇ ਦੇ ਸਕੂਲ ਅਤੇ ਕਾਲਜ ਵਿੱਚ ਹੀ ਪੜ੍ਹ ਰਹੇ ਹਨ।
ਬਰਜਿੰਦਰ ਸਿੰਘ ਢਾਹਾਂ, ਟਰੱਸਟੀ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਦਾ ਕਹਿਣਾ ਹੈ, "ਮੇਰੇ ਪਿਤਾ ਜੀ ਬਾਬਾ ਬੁੱਧ ਸਿੰਘ ਹਮੇਸ਼ਾ ਸਾਡੇ ਨਾਲ ਵਿਚਾਰ ਕਰਦੇ ਹੁੰਦੇ ਸਨ ਕਿ ਪੇਂਡੂ ਇਲਾਕਿਆਂ ਦੇ ਲੋੜਵੰਦ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕਿਸਮਤ ਕਿਸ ਤਰ੍ਹਾਂ ਬਦਲੀ ਜਾਵੇ। ਖਾਸ ਕਰ ਕੇ ਲੜਕੀਆਂ ਨੂੰ ਉੱਚੀ ਵਿੱਦਿਆ ਕਿਸ ਤਰ੍ਹਾਂ ਪ੍ਰਦਾਨ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੈਰਾਂ `ਤੇ ਖੜ੍ਹੀਆਂ ਹੋ ਸਕਣ"। ਸ੍ਰੀ ਓਮ ਪ੍ਰਕਾਸ਼ ਆਪਣੇ ਦਿਲ ਦੀ ਗਹਿਰਾਈਆਂ ਤੋਂ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਪਰਗਟ ਕਰਦੇ ਹਨ ਕਿ "ਸਾਡੇ ਸਾਰੇ ਬੱਚਿਆਂ ਨੂੰ ਉੱਚ ਸਿੱਖਿਆ ਦੀ ਪ੍ਰਾਪਤੀ ਲਈ ਸਹਿਯੋਗ ਅਤੇ ਪ੍ਰੇਰਨਾ ਭਰੇ ਸੁਨਹਿਰੀ ਮੌਕੇ ਪ੍ਰਦਾਨ ਹੋਏ ਹਨ, ਇਹ ਸਭ ਕੁਝ ਬਾਬਾ ਬੁੱਧ ਸਿੰਘ ਜੀ ਦੀ ਕਿਰਪਾ ਨਾਲ ਹੀ ਸੰਭਵ ਹੋਇਆ ਹੈ। ਜਿਨ੍ਹਾਂ ਦੀ ਬਦੌਲਤ ਉਹ ਸਮਾਜ ਵਿਚ ਵਧੀਆ ਨਾਮਣਾ ਖੱਟ ਰਹੇ ਹਨ। ਅੱਜ ਮੇਰੀ ਧਰਮ ਪਤਨੀ ਕਮਲਾ ਅਤੇ ਮੈਂ ਪੜ੍ਹੇ ਲਿਖੇ ਬੱਚਿਆਂ ਦੇ ਮਾਪੇ ਅਖਵਾਉਣ ਵਿੱਚ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜਿਸ ਦਾ ਸਾਨੂੰ ਕਦੇ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਆਇਆ"।