ਚੰਡੀਗੜ੍ਹ, 8 ਫਰਵਰੀ 2021 - ਪੰਜਾਬੀ ਦੇ ਬਹੁਪੱਖੀ ਤੇ ਸਿਰਮੌਰ ਸਾਹਿਤਕਾਰ ਸ੍ਰ ਸੰਤੋਖ ਸਿੰਘ ਧੀਰ ਨੂੰ ਉਨਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਧੀਰ ਜੀ ਨੇ ਹਮੇਸ਼ਾ ਲੋਕ ਹਿਤੂ ਰਚਨਾਵਾਂ ਰਾਹੀਂ ਕਿਰਤੀ ਵਰਗ ਦੀ ਗੱਲ ਕੀਤੀ ਤੇ ਦੱਬੇ ਕੁਚਲੇ, ਮਿਹਨਤੀ ਲੋਕਾਂ ਨੂੰ ਆਪਣੀਆਂ ਲਿਖਤਾਂ ਦੇ ਪਾਤਰ ਬਣਾਇਆ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਧੀਰ ਜੀ ਦੀਆਂ ਅਮਰ ਕਹਾਣੀਆਂ 'ਕੋਈ ਇਕ ਸਵਾਰ' ਤੇ 'ਸਵੇਰ ਹੋਣ ਤੱਕ' ਉਤੇ ਦੂਰਦਰਸ਼ਨ ਜਲੰਧਰ ਨੇ ਲਘੂ ਫਿਲਮਾਂ ਬਣਾਕੇ ਆਮ ਲੋਕਾਂ ਤੀਕ ਪਹੁੰਚਾਈਆਂ। ਉਘੇ ਸ਼ਾਇਰ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੇ ਧੀਰ ਜੀ ਨੂੰ ਬਰਸੀ ਮੌਕੇ ਚੇਤੇ ਕਰਦਿਆਂ ਕਿਹਾ ਹੈ ਕਿ ਧੀਰ ਜੀ ਕਲਮ ਦੇ ਯੋਧੇ ਤੇ ਅਣਖੀਲੇ ਮਨੁੱਖ ਸਨ।
ਉਹ ਹਮੇਸ਼ਾ ਸਾਨੂੰ ਚੇਤੇ ਰਹਿਣਗੇ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਧੀਰ ਜੀ ਦੇ ਕਹਾਣੀ ਸੰਗ੍ਰਿਹ 'ਪੱਖੀ' ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਉਨਾ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਭੇਟ ਕੀਤਾ ਸੀ ਪਰ ਉਹ ਆਪਣਾ ਸਭ ਤੋਂ ਵੱਡਾ ਸਨਮਾਨ ਪਾਠਕ ਜਗਤ ਵਲੋਂ ਹੀ ਮੰਨਦੇ ਸਨ। ਨਿੰਦਰ ਘੁਗਿਆਣਵੀ ਨੇ ਆਖਿਆ ਕਿ ਧੀਰ ਜੀ ਨਾਲ ਉਨਾ ਆਪਣੀ ਨੇੜਤਾ ਕਾਰਨ ਅਭੁੱਲ ਯਾਦਾਂ ਬਾਰੇ ਕਿਤਾਬ 'ਮੇਰੇ ਹਿੱਸੇ ਦਾ ਧੀਰ' ਲਿਖੀ। ਧੀਰ ਜੀ ਨੇ ਇਕੋ ਸਮੇਂ ਕਹਾਣੀ, ਨਾਵਲ, ਕਵਿਤਾ, ਸਵੈ ਜੀਵਨੀ, ਯਾਦਾਂ, ਸਫਰਨਾਮਾ ਵਰਗੀਆਂ ਸਾਹਿਤਕ ਵਿਧਾਵਾਂ ਉਤੇ ਕਲਮ ਚਲਾਈ। ਅਜ ਪੰਜਾਬ ਕਲਾ ਪਰਿਸ਼ਦ ਸ੍ਰ ਸੰਤੋਖ ਸਿੰਘ ਧੀਰ ਨੂੰ ਉਨਾ ਦੀ ਬਰਸੀ ਮੌਕੇ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।