ਹਰਭਜਨ ਸਿੰਘ ਹੁੰਦਲ ਸਦੀਵੀ ਅਲਵਿਦਾ ਕਹਿ ਗਏ
ਗੁਰਭਜਨ ਗਿੱਲ
- ਹਰਭਜਨ ਸਿੰਘ ਹੁੰਦਲ ਸਦੀਵੀ ਅਲਵਿਦਾ ਕਹਿ ਗਏ ਅੱਜ ਸ਼ਾਮੀਂ ਸੱਤ ਵਜੇ
- ਆਖ਼ਰੀ ਬੋਲਃ ਚੱਲ ਛੱਡ ਯਾਰ ਹੁਣ ਮੈ ਥੱਕ ਗਿਆਂ!
ਮੈਂ ਜਦੋਂ ਵੀ ਮਿੱਤਰਾਂ ਸਮੇਤ ਬਟਾਲੇ ਜਾਂ ਮਾਝੇ ਚ ਕਿਤੇ ਹੋਰ ਜਾਂਦਾ ਤਾਂ ਬਹੁਤੀ ਵਾਰ ਫੱਤੂਚੱਕ ਰੁਕ ਕੇ ਹਰਭਜਨ ਸਿੰਘ ਹੁੰਦਲ ਨੂੰ ਚਰਨ ਬੰਦਨਾ ਕਰਨਾ ਨਾ ਭੁੱਲਦਾ।
ਉਹ ਮੇਰੇ ਲਈ ਹਮੇਸ਼ਾਂ ਚਾਨਣ ਮੀਨਾਰ ਰਿਹਾ। ਅਸਲ ਕਾਰਨ ਇਹ ਸੀ ਕਿ ਸਭ ਤੋਂ ਪਹਿਲਾਂ ਪੜ੍ਹੀਆਂ ਕਿਤਾਬਾਂ ਵਿੱਚ ਹੁੰਦਲ ਦੀਆਂ ਕਿਤਾਬਾਂ “ਮਾਰਗ”ਅਤੇ “ਮੁਖੌਟੇ”ਸ਼ਾਮਿਲ ਸਨ। ਉਨ੍ਹਾਂ ਦੇ ਸੱਜਣ ਪੰਜਾਬੀ ਕਵੀ ਸੁਰਿੰਦਰ ਗਿੱਲ ਜੀ ਨੇ ਮੈਨੂੰ ਪੜ੍ਹਨ ਨੂੰ ਦਿੱਤੀਆਂ ਸਨ। 1969 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਗੁਰੂ ਨਾਨਕ ਸ਼ਤਾਬਦੀ ਕਵੀ ਦਰਬਾਰ ਤੇ ਕਾਲਾ ਅਫ਼ਗਾਨਾ ਚ ਆਪਣੇ ਕਾਲਿਜ ਚ ਸੁਣਿਆ ਸੀ।
ਉਨ੍ਹਾਂ ਦੀ ਮਾਰਕਸਵਾਦੀ ਕਮਿਉਨਿਸਟ ਪਾਰਟੀ ਨਾਲ ਨੇੜਤਾ ਕਾਰਨ ਲੋਕ ਲਹਿਰ ਅਖ਼ਬਾਰ ਚ ਉਹ ਬਹੁਤ ਛਪਦੇ। ਸੁਹੇਲ ਸਿੰਘ ਇਸ ਅਖ਼ਬਾਰ ਦੇ ਸੰਪਾਦਕ ਸਨ। ਉਹ ਹੁੰਦਲ ਦੇ ਮਿੱਤਰ ਤੇ ਮੇਰੇ ਮਿਹਰਬਾਨ ਸਨ। ਉਨ੍ਹਾਂ ਕੋਲੋਂ ਹੁੰਦਲ ਦੀਆਂ ਕਿਤਾਬਾਂ ਅਕਸਰ ਪੜ੍ਹਨ ਨੂੰ ਮਿਲ ਜਾਂਦੀਆਂ।
ਹੁੰਦਲ ਦੀ ਸ਼ਾਇਰੀ ਚ ਲੋਕ ਭਾਸ਼ਾ ਤੇ ਤਿੱਖੀ ਤੇਜ਼ ਨਜ਼ਰ ਤੇ ਨਜ਼ਰੀਆ ਮੈਨੂੰ ਚੰਗਾ ਲੱਗਦਾ।
ਉਹ ਪਿਛਲੇ ਕੁਝ ਸਾਲਾਂ ਤੋਂ ਢਿੱਲੇ ਮੱਠੇ ਸਨ। ਗੱਲਾਂ ਕਰਦੇ ਵੀ ਥੱਕ ਜਾਂਦੇ। ਪਿਛਲੀ ਵਾਰ ਬਟਾਲੇ ਗਿਆ ਤਾਂ ਮੇਰੇ ਨਾਲ ਡਾਃ ਗੁਰਇਕਬਾਲ ਸਿੰਘ ਸੀ। ਮੈਂ ਗੱਲਾਂ ਰੀਕਾਰਡ ਕਰ ਰਿਹਾ ਸਾਂ। ਜੁਆਬ ਦਿੰਦੇ ਰਹੇ ਪਰ ਅਚਨਚੇਤ ਬੋਲੇ, ਚੱਲ ਛੱਡ ਯਾਰ ਹੁਣ ਮੈਂ ਥੱਕ ਗਿਆ ਹਾਂ।
ਕੁਝ ਦਿਨ ਪਹਿਲਾਂ ਮੈਂ ਉਨ੍ਹਾਂ ਦੇ ਵੱਡੇ ਸਪੁੱਤਰ ਡਾ. ਹਰਪ੍ਰੀਤ ਸਿੰਘ ਹੁੰਦਲ ਨੂੰ ਹੁੰਦਲ ਸਾਹਿਬ ਦਾ ਹਾਲ ਪੁੱਛਿਆ ਤਾਂ ਕਹਿਣ ਲੱਗਾ, ਹੁਣ ਨਿਢਾਲ ਨੇ। ਲੱਗਦਾ ਨਹੀਂ ਹੋਰ ਸਾਥ ਦੇਣ। ਮੋਹ ਤੋੜ ਰਹੇ ਨੇ।
ਮੇਰਾ ਗੱਚ ਭਰ ਆਇਆ। ਸਾਡਾ ਤਾਂ ਕਿਲ੍ਹਾ ਹੈ ਫੱਤੂ ਚੱਕ। ਜੇ ਇਹ ਕਿਲ੍ਹਾ ਢਹਿ ਗਿਆ ਤਾਂ ਕਿੱਥੇ ਰੁਕਿਆ ਕਰਾਂਗੇ?ਅਸੀਂ ਜਦ ਮਿਲਣਾ, ਨੋਕ ਝੋਕ ਚੱਲਣੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨਾਲ ਉਨ੍ਹਾਂ ਨੂੰ ਮੈਂ ਹੀ ਜੋੜਿਆ ਸੀ ਪਰ ਕਦੇ ਵੀ ਉਨ੍ਹਾਂ ਮੈਨੂੰ ਥਾਪੜਾ ਨਾ ਦਿੱਤਾ। ਸਿਰਫ਼ ਇੱਕ ਵਾਰ ਉਹ ਮੇਰੇ ਅੰਗ ਸੰਗ ਰਹੇ ਜਦ ਪ੍ਰਧਾਨਗੀ ਲਈ ਮੇਰਾ ਮੁਕਾਬਲਾ ਡਾਃ ਸ. ਤਰਸੇਮ ਨਾਲ ਸੀ।
ਹੁੰਦਲ ਸਾਹਿਬ ਦੀ ਸ਼ਾਇਰੀ ਦਾ ਲਗਪਗ ਹਰ ਅੱਖਰ ਮੇਰੇ ਕੋਲ ਹੈ। ਕਾਫ਼ੀ ਅਨੁਵਾਦ ਪੁਸਤਕਾਂ ਵੀ। ਸਵੈ ਜੀਵਨੀ ਤੇ ਸਮੁੱਚੀ ਗ਼ਜ਼ਲ “ਮੇਰੇ ਬੋਲ “ ਤਾਂ ਉਨ੍ਹਾਂ ਮੈਨੂੰ ਆਪ ਸੌਂਪੀ ਸੀ।
ਇੱਕ ਵਾਰ ਦਰਸ਼ਨ ਬੁੱਟਰ ਤੇ ਮੈਂ ਸਾਹਿੱਤ ਸਭਾ ਬਾਬਾ ਬਕਾਲਾ ਦੇ ਸਮਾਗਮ ਲਈ ਜਾਂਦਿਆਂ ਫੱਤੂਚੱਕ ਰੁਕੇ। ਇਹ ਤਸਵੀਰ ਉਸੇ ਫੇਰੀ ਦੀ ਹੈ।
ਉਹ ਮੇਰਾ ਬਥੇਰਾ ਚਾਅ ਲੈਂਦੇ ਸਨ। ਇਸ ਬਾਰੇ ਏਧਰੋਂ ਓਧਰੋਂ ਮੈਨੂੰ ਕਨਸੋਅ ਮਿਲਦੀ ਰਹਿੰਦੀ।
ਟੋਰੰਟੋ ਤੋਂ ਮੇਰੇ ਮਿੱਤਰ ਪ੍ਰੋ.ਜਾਗੀਰ ਸਿੰਘ ਕਾਹਲੋਂ ਦਾ ਫ਼ੋਨ ਆਇਆ ਹੁਣੇ, ਕਹਿਣ ਲੱਗਾ, ਸਾਡਾ ਜਰਨੈਲ ਕਵੀ ਤੁਰ ਗਿਆ। ਸੱਚੀਂ ਜਰਨੈਲ ਸੀ ਉਹ। ਕਾਫ਼ਲੇ ਦਾ ਸ਼ਾਹ ਅਸਵਾਰ।
ਬਹੁਤ ਕੁਝ ਗੁਆਚ ਗਿਐ ਪਿਛਲੇ ਸਮੇਂ ਚ। ਕਿੰਨਾ ਵੱਡਾ ਤਾਰਾ ਮੰਡਲ ਸੀ ਸ ਸ ਮੀਸ਼ਾ, ਡਾਃ ਜਗਤਾਰ, ਸੁਰਜੀਤ ਰਾਮਪੁਰੀ,ਰਣਧੀਰ ਸਿੰਘ ਚੰਦ, ਕੰਵਰ ਚੌਹਾਨ, ਗੁਰਦੇਵ ਨਿਰਧਨ, ਅਜਾਇਬ ਚਿਤਰਕਾਰ , ਗੁਰਚਰਨ ਰਾਮਪੁਰੀ ਤੇ ਕਈ ਹੋਰ। ਸਾਰੇ ਕਿਰਨ ਮ ਕਿਰਨੀ ਤੁਰ ਗਏ। ਅੱਜ ਹੁੰਦਲ ਵੀ ਫ਼ਤਹਿ ਬੁਲਾ ਗਿਆ।
ਤੁਹਾਨੂੰ ਪਤੈ ਹਰਭਜਨ ਸਿੰਘ ਹੁੰਦਲ ਦਾ ਜਨਮ 1934 ਚ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ ਸੀ। ਏਧਰੋਂ ਉਹ ਬੰਡਾਲਾ (ਨੇੜੇ ਜੰਡਿਆਲਾ ਗੁਰੂ) ਅੰਮ੍ਰਿਤਸਰ ਤੋਂ ਗਏ ਸਨ ਬਾਰ ਆਬਾਦ ਕਰਨ।
ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਸਨ ਪਰ ਬਹੁ-ਪੱਖੀ ਲੇਖਕ ਵੀ, ਕਈ ਵੱਡੇ ਕਵੀਆਂ ਨੂੰ ਪੰਜਾਬੀ ਚ ਅਨੁਵਾਦ ਕੀਤਾ। ਲਿਪੀਅੰਤਰਣ ਕਰਕੇ ਬਾਬਾ ਨਜਮੀ ਪਹਿਲੀ ਵਾਰ ਏਧਰ ਉਨ੍ਹਾਂ ਹੀ ਛਾਪਿਆ। ਹਬੀਬ ਜਾਲਿਬ ਤੇ ਫ਼ੈਜ਼ ਅਹਿਮਦ ਫ਼ੈਜ ਬਾਰੇ ਦੋ ਕਿਤਾਬਾਂ ਤਾਂ ਪੰਜਾਬੀ ਸਾਹਿੱਤ ਅਕਾਡਮੀ ਨੇ ਛਾਪੀਆਂ।
ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਸਨ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਸਮਝਦੇ। ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ। 1992 ਤੋਂ ਉਹ ਤ੍ਰੈਮਾਸਿਕ ਰਸਾਲੇ 'ਚਿਰਾਗ਼' ਦਾ ਸੰਪਾਦਨ ਕਰਦੇ ਸਨ ਪਰ ਬਦ ਵਿੱਚ ਉਨ੍ਹਾਂ ਇਹ ਸੇਵਾ ਡਾਃ ਕਰਮਜੀਤ ਸਿੰਘ ਨੂੰ ਸੌਂਪ ਦਿੱਤੀ। ਉਨ੍ਹਾਂ ਦੀਆਂ ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ਼ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) ਤੇ ਕਈ ਹੋਰ।
ਕਲਮ ਦੇ ਸੂਰਬੀਰ ਯੋਧੇ ਨੂੰ ਸਲਾਮ।
ਉਨ੍ਹਾਂ ਦਾ ਵੱਡਾ ਪੁੱਤਰ ਹਰਪ੍ਰੀਤ ਸਿੰਘ ਹੁੰਦਲ(ਸਿੱਖ ਨੈਸ਼ਨਲ ਕਾਲਿਜ ਕਾਦੀਆਂ ਦਾ ਪ੍ਰਿੰਸੀਪਲ) ਦੱਸ ਰਿਹਾ ਸੀ ਕਿ ਨਿੱਕੇ ਵੀਰ ਹਰਿੰਦਰਪਾਲ ਸਿੰਘ ਦੇ ਕੈਨੇਡਾ ਤੋਂ ਆਉਣ ਤੇ ਹੀ ਅੰਤਿਮ ਸੰਸਕਾਰ ਹੋਵੇਗਾ।
ਹਰਭਜਨ ਸਿੰਘ ਹੁੰਦਲ ਦੀ ਇੱਕ ਲਿਖਤ ਨਾਲ ਤੁਸੀਂ ਵੀ ਸਾਂਝ ਪਾਉ।
ਉਡੀਕਾਂ ਦੇ ਰਾਹ ਤੁਰਦਿਆਂ
ਨੈਣ ਮੇਰੇ ਸੁੰਨੀਆਂ ਰਾਤਾਂ 'ਚ ਵੀ ਨੇ ਜਾਗਦੇ,
ਟੁਟਦੇ ਆਕਾਸ਼ ਉਤੋਂ ਮੈਂ ਸਿਤਾਰੇ ਵੇਖਦਾਂ ।
ਰਾਖ਼ ਦੀ ਢੇਰੀ ਕਹਾਣੀ ਸੁਪਨਿਆਂ ਦੀ ਦੱਸਦੀ,
ਸਿਸਕਦੇ ਹੋਏ ਨਿਤ ਹੀ ਮੈਂ ਚਾਅ ਕਵਾਰੇ ਵੇਖਦਾਂ ।
ਪੌਣ ਠੰਢੀ ਅੱਜ ਅੰਗਾਂ ਮੇਰਿਆਂ ਨੂੰ ਪੱਛਦੀ,
ਰੁੱਖ ਸੁੱਕੇ ਵਾਂਗ ਕੀਕਰ ਜ਼ਿੰਦਗੀ ਵੀਰਾਨ ਹੈ ।
ਨੂਰ ਦੀ ਕੋਈ ਕਿਰਨ ਨੇੜੇ ਨਾ ਮੇਰੇ ਢੁੱਕਦੀ,
ਚੰਨ ਬਾਝੋਂ ਕੀ ਭਲਾ ਇਹ ਸੱਖਣਾ ਅਸਮਾਨ ਹੈ ।
ਮੇਰੀਆਂ ਨਜ਼ਰਾਂ 'ਚ ਤਰਦੀ, ਅੱਜ ਤੀਕਰ ਉੇਹ ਘੜੀ,
ਬੁੱਤ ਤੇਰਾ ਨ੍ਹੇਰੀਆਂ ਵਾਟਾਂ 'ਚ ਕਿਧਰੇ ਖੋ ਗਿਆ ।
ਹਿੱਕ ਅੰਦਰ ਸ਼ੂਕਦੇ ਅਰਮਾਨ ਸੂਹੇ ਸੌਂ ਗਏ,
ਪੈਰ ਹਾਥੀ ਦਾ ਜਿਵੇਂ ਕਿ ਫੁੱਲ ਸੁੱਚੇ ਕੋਹ ਗਿਆ ।
ਕਦੇ ਇਹਨਾਂ ਅੱਖੀਆਂ 'ਚ ਲਿਸ਼ਕਦੀ ਸੀ ਸਤਰੰਗੀ,
ਅੱਜ ਇਹ ਬਰਸਾਤ ਵਾਂਗੂੰ ਕਿਸ ਤਰ੍ਹਾਂ ਨੇ ਵਹਿੰਦੀਆਂ ।
ਹੁਸਨ ਅਤੇ ਇਸ਼ਕ ਦੇ ਮੱਥੇ ਸਿਆਹੀਆਂ ਜੰਮੀਆਂ,
ਅੱਜ ਰਾਤਾਂ ਵੀ ਖਿਜ਼ਾਂ ਦੀ ਨੇ ਕਹਾਣੀ ਕਹਿੰਦੀਆਂ ।
ਛਣਕਦੇ ਹੋਏ ਹਾਸਿਆਂ ਦੀ ਮੌਤ ਵਰਗੀ ਚੁਪ ਹੈ,
ਚਹਿਕਦੇ ਹੋਏ ਪੰਛੀਆਂ ਦੇ ਖੰਭ ਖੋਹੇ ਗਏ ਨੇ ।
ਸਰਘੀਆਂ ਇਹ ਕਹਿਕਸ਼ਾਂ, ਇਹ ਪਹੁ-ਫੁਟਾਲੇ ਰੰਗਲੇ,
ਸੁਹਜ ਦੇ ਇਹ ਚਿੰਨ੍ਹ ਸਾਰੇ ਕਿੰਜ ਕੋਹੇ ਗਏ ਨੇ ।
ਕਲਪਣਾਂ ਦੇ ਖੰਭ ਟੁੱਟੇ, ਚੱਲੀਆਂ ਜਾਂ ਨ੍ਹੇਰੀਆਂ,
ਹੱਸਦੀ ਹੋਈ ਜ਼ਿੰਦਗੀ ਵੀ ਲਾਸ਼ ਬਣ ਕੇ ਰਹਿ ਗਈ ।
ਪੈਰ ਜਿਹੜੇ ਮੰਜ਼ਲਾਂ ਵਲ ਉਠਦੇ ਸਨ ਹਰ ਸਮੇਂ,
ਅੱਜ ਉਹਨਾਂ ਨੂੰ ਜਿਵੇਂ ਜ਼ੰਜੀਰ ਕੋਈ ਪੈ ਗਈ ।
ਹੁਸਨ ਭੁੱਖਾ, ਕਿਰਤ ਭੁੱਖੀ, ਵਿਲਕਦੀ ਹੈ ਜ਼ਿੰਦਗੀ,
ਸੱਧਰਾਂ ਦਰਵੇਸ਼ ਵਾਂਗੂੰ ਹੱਥ ਅੱਡੀ ਰੋਂਦੀਆਂ ।
ਧਰਤ ਸਾਡੀ ਦੇ ਚਿਰਾਂ ਤੋਂ ਬੁਲ੍ਹ ਸੁੱਕੇ ਹੋਏ ਨੇ,
ਅੰਬਰਾਂ ਤੋਂ ਖ਼ੂਨ ਦੀਆਂ ਨੇ ਘਰਾਲਾਂ ਚੋਂਦੀਆਂ ।
ਪੁਛਦਾ ਹਾਂ ਮੈਂ ਤੁਹਾਨੂੰ ਜ਼ਿੰਦਗੀ ਦੇ ਆਸ਼ਕੋ,
ਸੱਖਣੇ ਕੀ ਆਸ ਮੇਰੀ ਦੇ ਬਨੇਰੇ ਰਹਿਣਗੇ ?
ਇੰਜ ਹੀ ਕੀ ਪਿਆਰ ਦੀ ਕਤਲਾਮ ਹੁੰਦੀ ਰਹੇਗੀ ?
ਇੰਜ ਹੀ ਕੀ ਇਹ ਉਡੀਕਾਂ ਤੇ ਹਨੇਰੇ ਰਹਿਣਗੇ ?