ਤੁਰ ਗਿਆ ਸਮਾਜ ਸੇਵਾ ਦਾ ਪ੍ਰਕਾਸ਼ ਫੈਲਾਉਂਦਾ ਹੋਇਆ ਬਾਬੂ ਓਮ ਪ੍ਰਕਾਸ਼ ਮਹੇਸ਼ਵਰੀ
ਅਸ਼ੋਕ ਵਰਮਾ
ਬਠਿੰਡਾ,20 ਅਪਰੈਲ 2024:ਬਠਿੰਡਾ ਜਿਲ੍ਹੇ ਦੇ ਇਤਿਹਾਸਕ ਕਸਬੇ ਭਗਤਾ ਭਾਈ ਨਿਵਾਸੀ ੳਮ ਪ੍ਰਕਾਸ਼ ਮਹੇਸ਼ਵਰੀ ਅੰਤਲੇ ਸਾਹਾਂ ਤੱਕ ਸਮਾਜ ਸੇਵਾ ਦੇ ਕਾਰਜਾਂ ਨੂੰ ਅੰਜਾਮ ਦਿੰਦਾ ਹੋਇਆ ਹਮੇਸ਼ਾ ਲਈ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਹੈ। ਵੱਡੀ ਗੱਲ ਹੈ ਕਿ ਸੇਵਾਮੁਕਤੀ ਤੋਂ ਬਾਅਦ ਜਿੱਥੇ ਕਈ ਮੁਲਾਜਮ ਤੇ ਸਰਕਾਰ ਤਰਫੋਂ ਮਿਲਦੀ ਪੈਨਸ਼ਨ ਦੇ ਅਧਾਰ ਤੇ ਬਾਕੀ ਦੀ ਜਿੰਦਗੀ ਮੌਜ ਮਸਤੀ ਦੇ ਲੇਖੇ ਲਾਉਣ ਨੂੰ ਤਰਜੀਹ ਦਿੰਦੇ ਹਨ ਉੱਥੇ ਹੀ ੳਮ ਪ੍ਰਕਾਸ਼ ਨੇ 82 ਸਾਲ ਦੀ ਉਮਰ ਵਿੱਚ ਹੀ ਸਮਾਜਿਕ ਕੰਮਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਸੇਵਾ ਕਲਰਕ ਤੋਂ ਸ਼ੁਰੂ ਕਰਨ ਕਾਰਨ ੳਮ ਪ੍ਰਕਾਸ਼ ਨੂੰ ਬਾਬੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਬਾਬੂ ੳਮ ਪ੍ਰਕਾਸ਼ ਦਾ ਜਨਮ 5 ਮਾਰਚ ਮਾਰਚ 1944 ਨੂੰ ਹੋਇਆ ਸੀ। ਉਨ੍ਹਾਂ ਵੇਲਿਆਂ ’ਚ ਮੁਢਲੀ ਪੜ੍ਹਾਈ ਤੋਂ ਬਾਅਦ ਉਮ ਪ੍ਰਕਾਸ਼ ਨੂੰ ਇਲਾਕੇ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ (ਜਿਲ੍ਹਾ ਫਿਰੋਜ਼ਪੁਰ ਜੋ ਹੁਣ ਮੋਗਾ ਜਿਲ੍ਹੇ ਵਿੱਚ ਹੈ) ਵਿਖੇ ਕਲਰਕ ਦੇ ਤੌਰ ਤੇ ਸਰਕਾਰੀ ਨੌਕਰੀ ’ਚ ਜੁਆਇਨ ਕੀਤਾ ਸੀ। ਦੋ ਸਾਲ ਬਾਅਦ ਸਰਕਾਰੀ ਹਾਈ ਸਕੂਲ ਭਗਤਾ ਭਾਈ ਦੀ ਬਦਲੀ ਹੋ ਗਈ ਤਾਂ ਇਸ ਸਕੂਲ ਵਿੱਚ ਸੇਵਾ ਸ਼ੁਰੂ ਕਰ ਦਿੱਤੀ। ਬਾਬੂ ੳਮ ਪ੍ਰਕਾਸ਼ ਬੇਸ਼ੱਕ ਕਲਰਕ ਸੀ ਪਰ ਵਿਦਿਆਰਥੀਆਂ ਵਿੱਚ ਉਨ੍ਹਾਂ ਨੂੰ ਅਨੁਸ਼ਾਸ਼ਨ ਪਸੰਦ ਸਿੱਖਿਆ ਸ਼ਾਸ਼ਤਰੀ ਅਤੇ ਚੰਗੇ ਪ੍ਰਬੰਧਕ ਦੇ ਰੂਪ ’ਚ ਜਾਣਿਆ ਜਾਂਦਾ ਸੀ।
ਉਨ੍ਹਾਂ ਨੇ ਤਰੱਕੀ ਹਾਸਲ ਕਰਨ ਉਪਰੰਤ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਵਿਖੇ ਵੀ ਸੇਵਾ ਨਿਭਾਈ ਅਤੇ ਮੁੜ ਭਗਤਾ ਭਾਈ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਜਿਲ੍ਹਾ ਸਿੱਖਿਆ ਅਫਸਰ ਫਰੀਦਕੋਟ ’ਚ ਤਾਇਨਾਤ ਕਰ ਦਿੱਤਾ ਗਿਆ। ਇਸੇ ਦੌਰਾਨ 31 ਮਾਰਚ 2002 ਨੂੰ ਬਾਬੂ ਓਮ ਪ੍ਰਕਾਸ਼ 35 ਸਾਲ 6 ਮਹੀਨੇ ਅਤੇ 12 ਦਿਨਾਂ ਦੀ ਸ਼ਾਨਦਾਰ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ ਅਤੇ ਵਿਹਲਾ ਬੈਠਣ ਦੀ ਥਾਂ ਖੁਦ ਨੂੰ ਸਮਾਜ ਸੇਵੀ ਕਾਰਜਾਂ ’ਚ ਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪੈਨਸ਼ਨਰਜ਼ ਐਸੋਸੀਏਸ਼ਨ ’ਚ ਵੀ ਕੰਮ ਕਰਦਿਆਂ ਹਿਸਾਬ ਕਿਤਾਬ ਦੇ ਮਾਮਲੇ ’ਚ ਸੇਵਾ ਮੁਕਤ ਸਾਥੀਆਂ ਦਾ ਮਾਰਗਦਰਸ਼ਨ ਕੀਤਾ।ਇਸ ਦੌਰਾਨ ਬਾਬੂ ਓਮ ਪ੍ਰਕਾਸ਼ ਡੇਰਾ ਸੱਚਾ ਸੌਦਾ ਨਾਲ ਜੁੜ ਗਏ ਅਤੇ ਲੋਕ ਸੇਵਾ ਤਹਿਤ ਵੱਖ ਵੱਖ ਕਾਰਜ ਕੀਤੇ ਜਿੰਨ੍ਹਾਂ ’ਚ ਖੂਨਦਾਨ ਕਰਵਾਉਣਾ, ਲੋੜਵੰਦ ਮਰੀਜਾਂ ਦੀ ਸਹਾਇਤਾ ਅਤੇ ਵਾਤਾਰਵਨ ਖਾਤਰ ਰੁੱਖ ਲਾਉਣਾ ਸ਼ਾਮਲ ਹੈ।
ਲੋਕ ਅੱਜ ਵੀ ਆਖਦੇ ਹਨ ਕਿ ਬਾਬੂ ਓਮ ਪ੍ਰਕਾਸ਼ ਨੂੰ ਕਦੇ ਮੱਥੇ ਵੱਟ ਪਾਉਂਦਿਆਂ ਨਹੀਂ ਦੇਖਿਆ ਸੀ। ਅੰਤ ਨੂੰ ਪ੍ਰਮਾਤਮਾ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਬਾਬੂ ਓਮ ਪ੍ਰਕਾਸ਼ ਪਿਛਲੇ ਦਿਨੀ ਪ੍ਰੀਵਾਰ ਅਤੇ ਸਾਕ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਓਮ ਪ੍ਰਕਾਸ਼ ਨਮਿਤ ਸ਼ਰਧਾਂਜਲੀ ਸਮਾਗਮ 21 ਅਪਰੈਲ ਦਿਨ ਐਤਵਾਰ ਨੂੰ ਚੇਅਰਮੈਨ ਕਲੋਨੀ ਭਗਤਾ ਭਾਈ ਵਿਖੇ ਸਥਿਤ ਅਗਰਵਾਲ ਧਰਮਸ਼ਾਲਾ ’ਚ 11.30 ਵਜ ਤੋਂ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੇ ਸੰਗੀ ਸਾਥੀ ਅਤੇ ਪੰਤਵੰਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ।