ਖੱਬੇ ਪੱਖੀ ਲਹਿਰ ਦੇ ਮੋਢੀ ਆਗੂ ਰਹੇ ਹਰਬੰਸ ਸਿੰਘ ਮਿੱਠੂ ਸਵਰਗਵਾਸ
ਅਸ਼ੋਕ ਵਰਮਾ
ਬਠਿੰਡਾ 28 ਜਨਵਰੀ2024: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ)ਅਤੇ ਸੀਪੀਐਮ ਪੰਜਾਬ ਦੀ ਬਠਿੰਡਾ ਜਿਲ੍ਹੇ ਅੰਦਰ ਸਥਾਪਨਾ ਕਰਨ ਵਾਲੇ ਮੋਢੀ ਆਗੂਆਂ ਚੋਂ ਇਕ ਸਾਥੀ ਹਰਬੰਸ ਸਿੰਘ ਮਿੱਠੂ ਵਾਸੀ ਜਿਉਂਦ ਸੰਖੇਪ ਬੀਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਹਨ। ਆਪ ਮਰਹੂਮ ਕਾਮਰੇਡ ਸੁਰਜੀਤ ਗਿੱਲ ਦੀ ਪ੍ਰੇਰਣਾ ਸਦਕਾ ਕਮਿਊਨਿਸਟ ਲਹਿਰ ਸੰਗ ਜੁੜੇ ਸਨ ਅਤੇ ਉਨ੍ਹਾਂ ਆਪਣੇ ਜੀਵਨ ਦੇ ਲਗਭਗ ਸਾਢੇ ਚਾਰ ਦਹਾਕੇ ਲੋਕ ਘੋਲਾਂ ਦੇ ਲੇਖੇ ਲਾਏ। ਸੀਪੀਆਈ(ਐਮ) ਦੇ ਮੁੱਖ ਪਰਚੇ ’ਲੋਕ ਲਹਿਰ’ ਦੇ ਸ਼ੁਰੂਆਤੀ ਦਿਨਾਂ ’ਚ ਆਪ ਨੇ ਜਲੰਧਰ ਸੂਬਾਈ ਦਫਤਰ ਵਿਖੇ ਰਹਿ ਕੇ ਪਰਚਾ ਨੂੰ ਪੱਕੇ ਪੈਰੀਂ ਕਰਨ ਵਾਲੀ ਮੁੱਢਲੀ ਟੀਮ ਨਾਲ ਜੁੜ ਕੇ ਮਿਸਾਲੀ ਸੇਵਾਵਾਂ ਦਿੱਤੀਆਂ ਸਨ।
ਹਰਬੰਸ ਸਿੰਘ ਨੇ ਨੌਜਵਾਨ ਸਭਾ ਪੰਜਾਬ ਅਤੇ ਡੀ ਵਾਈ ਐਫ ਆਈ ਦੀ ਕਾਇਮੀ ਅਤੇ ਮਜ਼ਬੂਤੀ ’ਚ ਵੀ ਵਡੇਰਾ ਯੋਗਦਾਨ ਪਾਇਆ ਸੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਸਾਥੀ ਹਰਬੰਸ ਸਿੰਘ ਮਿੱਠੂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਸਪੁੱਤਰ ਸੁਖਪਾਲ ਸ਼ਰਮਾ ਅਤੇ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਹਨ। ਸਾਥੀ ਹਰਬੰਸ ਸਿੰਘ ਮਿੱਠੂ ਦੀ ਅੰਤਮ ਅਰਦਾਸ 30 ਜਨਵਰੀ ਮੰਗਲਵਾਰ ਨੂੰ ਬਾਅਦ ਦੁਪਹਿਰ 12-30 ਵਜੇ ਪਿੰਡ ਜਿਉਂਦ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਵੇਗੀ।