ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 25 ਜਨਵਰੀ 2021 - ਅਮਰੀਕਾ ਦੀ ਇੱਕ ਮਸ਼ਹੂਰ ਅਤੇ ਮਹਾਨ ਸਖਸ਼ੀਅਤ ਲੈਰੀ ਕਿੰਗ ਜੋ ਇੱਕ ਟੀਵੀ ਟਾਕ ਸ਼ੋਅ ਦੇ ਮੇਜ਼ਬਾਨ ਵੀ ਸਨ ,ਦੀ 87 ਸਾਲ ਦੀ ਉਮਰ ਵਿੱਚ ਸ਼ਨੀਵਾਰ ਸਵੇਰੇ ਲਾਸ ਏਂਜਲਸ ਦੇ ਸੀਡਰਸ ਸਿਨਾਈ ਮੈਡੀਕਲ ਸੈਂਟਰ ਵਿਖੇ ਮੌਤ ਹੋ ਗਈ ਹੈ।ਟੀਵੀ ਜਗਤ ਦੇ ਇਸ ਚਮਕਦੇ ਸਿਤਾਰੇ ਲੈਰੀ ਕਿੰਗ ਨੇ ਕਈ ਸਿਹਤ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਬਾਈਪਾਸ ਸਰਜਰੀ ਵੀ ਸ਼ਾਮਿਲ ਹੈ। ਇਸਦੇ ਇਲਾਵਾ 2017 ਵਿੱਚ ਫੇਫੜਿਆਂ ਦੇ ਕੈਂਸਰ ਕਾਰਨ ਕਿੰਗ ਦੀ ਸੀਡਰਸ ਸਿਨਾਈ ਹਸਪਤਾਲ ਵਿੱਚ ਸਰਜਰੀ ਵੀ ਹੋਈ। 2019 ਵਿੱਚ, ਉਸ ਨੂੰ ਇੱਕ ਦੌਰਾ ਪਿਆ ਜਿਸ ਕਾਰਨ ਲੈਰੀ ਆਪਣੇ ਖੱਬੇ ਪੈਰ ਦੁਆਰਾ ਤੁਰਨ ਤੋਂ ਅਸਮਰੱਥ ਹੋ ਗਿਆ ਸੀ।
ਅਖੀਰ ਵਿੱਚ ਲੈਰੀ ਕਿੰਗ 2 ਜਨਵਰੀ ਨੂੰ ਲਾਸ ਏਂਜਲਸ ਦੇ ਸੀਡਰਸ ਸਿਨਾਈ ਮੈਡੀਕਲ ਸੈਂਟਰ ਵਿਖੇ ਕੋਵਿਡ -19 ਤੋਂ ਪੀੜਤ ਹੋ ਕੇ ਦਾਖਲ ਹੋਇਆ ਸੀ।ਬਰੂਕਲੇਨ ਦੇ ਲਾਰੈਂਸ ਹਾਰਵੇ ਜ਼ੀਗਰ ਵਿੱਚ 1933 ਨੂੰ ਜਨਮੇ ਲੈਰੀ ਇੱਕ ਛੋਟੀ ਉਮਰ ਤੋਂ ਹੀ ਰੇਡੀਓ 'ਤੇ ਜਾਣਾ ਚਾਹੁੰਦੇ ਸਨ।ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ, ਉਸਨੇ 1950 ਦੇ ਦਹਾਕੇ ਵਿਚ ਫਲੋਰਿਡਾ ਵਿੱਚ ਆਪਣੀ ਪਹਿਲੀ ਰੇਡੀਓ ਦੀ ਨੌਕਰੀ ਪ੍ਰਾਪਤ ਕੀਤੀ। ਲੈਰੀ ਨੂੰ ਮਿਆਮੀ ਵਿੱਚ ਆਪਣਾ ਪਹਿਲਾ ਆਨ-ਏਅਰ ਦਾ ਮੌਕਾ ਮਿਲਿਆ ਅਤੇ ਉਹ ਲੈਰੀ ਕਿੰਗ ਦੁਆਰਾ ਜਾਣਿਆ ਜਾਣ ਲੱਗਾ, ਜੋ ਕਿ ਹੁਣ ਉਸਦਾ ਕਾਨੂੰਨੀ ਨਾਮ ਹੈ।1978 ਵਿੱਚ, ਉਸਨੇ ਮਿਉਚੁਅਲ ਬ੍ਰੌਡਕਾਸਟਿੰਗ ਸਿਸਟਮ ਉੱਤੇ ਇੱਕ ਰਾਸ਼ਟਰੀ ਰੇਡੀਓ ਪ੍ਰੋਗਰਾਮ "ਦਿ ਲੈਰੀ ਕਿੰਗ ਸ਼ੋਅ" ਦੀ ਮੇਜ਼ਬਾਨੀ ਕਰਨੀ ਸ਼ੁਰੂ ਕੀਤੀ ਜੋ ਉਸਨੇ 1994 ਵਿੱਚ ਆਪਣਾ ਅਹੁਦਾ ਛੱਡਣ ਤੱਕ ਕੀਤੀ। ਇਸੇ ਸਮੇਂ ਦੌਰਾਨ ਲੈਰੀ ਨੇ ਟੀ ਵੀ ਜਗਤ 'ਚ ਕਦਮ ਰਖਦਿਆਂ 1985 ਤੋਂ 2010 ਤੱਕ ਸੀ.ਐਨ.ਐਨ ਪ੍ਰੋਗਰਾਮ "ਲੈਰੀ ਕਿੰਗ ਲਾਈਵ" ਦੀ ਮੇਜ਼ਬਾਨੀ ਕੀਤੀ।ਲੈਰੀ ਕਿੰਗ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਸਨਮਾਨ ਵੀ ਪ੍ਰਾਪਤ ਕੀਤੇ.
ਜਿਹਨਾਂ ਵਿੱਚ ਦੋ ਪੀਬੋਡੀ ਅਤੇ ਇੱਕ ਐਮੀ ਅਵਾਰਡ ਵੀ ਸ਼ਾਮਿਲ ਹੈ ਅਤੇ ਲੈਰੀ 1989 ਵਿੱਚ ਨੈਸ਼ਨਲ ਰੇਡੀਓ ਹਾਲ ਆਫ ਫੇਮ ਅਤੇ 1992 ਵਿਚ ਬ੍ਰੌਡਕਾਸਟਿੰਗ ਹਾਲ ਆਫ਼ ਫੇਮ ਵਿੱਚ ਵੀ ਸ਼ਾਮਿਲ ਹੋਇਆ ਸੀ। ਇਸਦੇ ਇਲਾਵਾ ਲੈਰੀ ਕਿੰਗ ਦੇ ਪੰਜ ਬੱਚੇ ਸਨ, ਜਿਹਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਹੁਣ ਲੈਰੀ ਕਿੰਗ ਆਪਣੇ ਪਿੱਛੇ ਉਸਦੇ ਤਿੰਨ ਪੁੱਤਰਾਂ, ਲੈਰੀ, ਚਾਂਸ ਅਤੇ ਕੈਨਨ ਦੇ ਨਾਲ ਨੌ ਪੋਤੇ-ਪੋਤੀਆਂ ਅਤੇ ਚਾਰ ਪੜਪੋਤੇ-ਪੋਤੀਆਂ ਛੱਡ ਗਏ ਹਨ।