ਲੰਮੇ ਅਰਸੇ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜੇ ਬਿਨਾਂ ਕਰ ਰਿਹਾ ਹੈ ਫਸਲਾਂ ਦੀ ਕਾਸ਼ਤ
ਹਰੀਸ਼ ਕਾਲੜਾ
ਰੂਪਨਗਰ 05 ਅਕਤੂਬਰ 2020: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਹ ਵਿਸ਼ੇਸ਼ ਮੁਹਿੰਮ ਦੇ ਅੰਤਰਗਤ ਸਬੰਧਤ ਵਿਭਾਗ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ।ਜ਼ਿਲ੍ਹਾ ਰੂਪਨਗਰ ਦੇ ਪਿੰਡ ਬਹਾਦਰਪੁਰ ਦੇ ਕਿਸਾਨ ਦਿਲਬਾਗ ਸਿੰਘ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜੇ ਬਿਨਾਂ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ ।
ਆਪਣੀ ਖੇਤੀ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਬੜੇ ਲੰਮੇ ਅਰਸੇ ਤੋਂ ਨਿੱਜੀ ਤੌਰ ਤੇ ਖੇਤੀ ਕਿੱਤੇ ਨਾਲ ਜੁੜੇ ਹੋਏ ਹਨ। ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਣਾਉਂਦੇ ਹੋਏ ਕੇਵਲ 2 ਏਕੜ ਜਮੀਨ ਦੀ ਖੇਤੀ ਕਰਦੇ ਹੋਏ ਇਨ੍ਹਾਂ ਨੇ ਡੇਅਰੀ ਫਾਰਮਿੰਗ ਦਾ ਕਿੱਤਾ ਵੀ ਅਪਣਾਇਆ ਅਤੇ ਛੋਟੇ ਪੱਧਰ ਤੋਂ ਸੁਰੂ ਕਰਕੇ 25 ਤੋਂ 30 ਸਾਲ ਦੇ ਤਜਰਬੇ ਨਾਲ ਡੇਅਰੀ ਦੇ ਧੰਦੇ ਨੂੰ ਅੱਗੇ ਵਧਾ ਕੇ ਆਰ.ਐਸ. ਫਾਰਮ ਵੀ ਸਥਾਪਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਫਾਰਮ ਤੇ ਲਗਭਗ 100 ਦੇ ਕਰੀਬ ਐਚ.ਐਫ ਗਾਵਾਂ ਅਤੇ 20 ਜਰਸੀ ਗਾਵਾਂ ਰੱਖੀਆਂ ਹੋਈਆਂ ਹਨ। ਉਨ੍ਹਾ ਦੱਸਿਆ ਕਿ ਇਸ ਕੰਮ ਵਿੱਚ ਆਸ ਪਾਸ ਦੇ ਪਿੰਡਾਂ ਡਕਾਲਾ, ਬਹਾਦਰਪੁਰ, ਲੋਦੀਮਾਜਰਾ ਤੇ ਰਣਜੀਤਪੁਰਾ ਤੋਂ ਕਿਸਾਨਾਂ ਵੱਲੋਂ ਸਪਲਾਈ ਕੀਤੀ ਜਾਂਦੀ ਲਗਭਗ 1700 ਕੁਇੰਟਲ ਕਣਕ ਦੀ ਤੂੜੀ ਅਤੇ ਤਕਰੀਬਨ 500 ਕੁਇੰਟਲ ਝੋਨੇ ਦੀ ਪਰਾਲੀ ਵਰਤੋਂ ਵਿੱਚ ਆਉਂਦੀ ਹੈ ਅਤੇ ਗਰਮੀਆਂ ਵਿੱਚ 9 ਅਤੇ ਸਰਦੀਆਂ ਵਿੱਚ 13 ਕੁਇੰਟਲ ਦੁੱਧ ਦੀ ਪੈਦਾਵਾਰ ਹੁੰਦੀ ਹੈ।ਇਹ ਦੁੱਧ ਵੇਰਕਾ ਬਰਾਂਡ ਦੇ ਲਈ ਸਪਲਾਈ ਕੀਤਾ ਜਾਂਦਾ ਹੈ।ਜਿਥੇ ਫਸਲਾਂ ਦੀ ਰਹਿੰਦ ਖੂੰਹਦ ਦੀ ਯੋਗ ਵਰਤੋਂ ਹੋ ਜਾਂਦੀ ਹੈ। ਉਥੇ ਇਸ ਫਾਰਮ ਤੋਂ 01 ਕਰੋੜ ਤੱਕ ਦਾ ਟਰਨ ੳਵਰ ਹੁੰਦਾ ਹੈ। ਫਾਰਮ ਤੇ ਬਾਇਓ ਗੈਸ ਪਲਾਂਟ ਵੀ ਬਣਾਇਆ ਹੋਇਆ ਅਤੇ ਜਿਸ ਤੋਂ ਪੈਦਾ ਹੋਈ ਗੈਸ ਪਿੰਡ ਵਿੱਚ ਮੁਫਤ ਸਪਲਾਈ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿਥੇ ਪਿੰਡ ਦੇ ਕਿਸਾਨਾਂ ਲਈ ਇਹ ਫਾਰਮ ਲਾਹੇਵੰਦ ਹੈ ਉਥੇ ਵਾਤਾਵਰਣ ਦੀ ਸੰਭਾਲ ਵੀ ਹੋ ਰਹੀ ਹੈ।ਇਸ ਕਿਸਾਨ ਦਾ ਪੁੱਤਰ ਗਗਨਦੀਪ ਸਿੰਘ ਹੁਣ ਫਾਰਮ ਨੂੰ ਸੰਭਾਲ ਰਿਹਾ ਹੈ।ਉਥੇ ਹੀ ਇਲਾਕੇ ਦੇ ਕਿਸਾਨਾਂ ਪ੍ਰੇਰਨਾ ਦਾ ਸਰੋਤ ਹੈ।