ਡਾ. ਦਰਸ਼ਨ ਸਿੰਘ 'ਆਸ਼ਟ' ਬਾਲ ਸਾਹਿਤ ਕਮੇਟੀ ਦੇ ਕੋ-ਕਨਵੀਨਰ ਨਿਯੁਕਤ
ਪਟਿਆਲਾ, 2 ਮਈ 2022 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਵੱਲੋਂ ਸਾਲ 2022-24 ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਬਾਲ ਸਾਹਿਤ ਵਰਕਸ਼ਾਪ/ਉਤਸਵ ਕਮੇਟੀ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਨੁਸਾਰ ਇਸ ਬਾਲ ਸਾਹਿਤ ਕਮੇਟੀ ਦਾ ਗਠਨ ਪੰਜਾਬੀ ਬਾਲ ਸਾਹਿਤ ਦੀਆਂ ਭਵਿੱਖਮੁਖੀ ਗਤੀਵਿਧੀਆਂ ਦੇ ਸਨਮੁੱਖ ਕੀਤਾ ਗਿਆ ਹੈ ਜਿਸ ਵਿਚ ਡਾ. 'ਆਸ਼ਟ' ਅਕਾਡਮੀ ਦੇ ਕੋ-ਕੋਆਰਡੀਨੇਟਰ ਵਜੋਂ ਪੰਜਾਬੀ ਬਾਲ ਸਾਹਿਤ ਦੇ ਵਿਕਾਸ ਹਿਤ ਜ਼ਿੰਮੇਵਾਰੀ ਨਿਭਾਉਣਗੇ।ਇਸ ਦੌਰਾਨ ਡਾ. ਆਸ਼ਟ ਨੇ ਅਕਾਡਮੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਅਜੋਕੀ ਪੀੜ੍ਹੀ ਨੂੰ ਆਪਣੀ ਮਾਤ ਭਾਸ਼ਾ ਅਤੇ ਸਾਹਿਤ ਨਾਲ ਜ਼ੋੜਨ ਲਈ ਅਕਾਡਮੀ ਵੱਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।ਜ਼ਿਕਰਯੋਗ ਹੈ ਕਿ ਡਾ. ਆਸ਼ਟ ਦੀਆਂ ਬੱਚਿਆਂ ਲਈ ਪੰਜਾਬੀ ਤੋਂ ਇਲਾਵਾ ਹੋਰਨਾਂ ਭਾਰਤੀ ਅਤੇ ਵਿਦੇਸੀ ਭਾਸ਼ਾਵਾਂ ਵਿਚ 110 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਵੱਖ ਵੱਖ ਸ਼੍ਰੇਣੀਆਂ ਦੀਆਂ ਪੰਜਾਬੀ ਪਾਠ ਪੁਸਤਕਾਂ ਵਿਚ ਉਹਨਾਂ ਦੀਆਂ ਅਨੇਕ ਲਿਖਤਾਂ ਵਿਦਿਆਰਥੀ ਸਿਲੇਬਸ ਦੇ ਤੌਰ ਤੇ ਪੜ੍ਹ ਰਹੇ ਹਨ।