ਚੰਡੀਗੜ੍ਹ : ਜਸਵੰਤ ਸਿੰਘ ਕੰਵਲ ਇੱਕ ਸੌ ਇੱਕ ਸਾਲ ਦੇ ਹੋ ਗਏ ਨੇ। ਪੰਜਾਬੀ ਦਾ ਉਹ ਪਹਿਲਾ ਲੇਖਕ ਹੈ, ਜੋ ਸੌ ਨੂੰ ਟੱਪਿਆ ਹੈ। ਪਿਛਲੇ ਸਾਲ (28 ਜੂਨ,2018) ਪੰਜਾਬ ਆਰਟਸ ਕੌਂਸਲ ਵੱਲੋਂ ਚੇਅਰਮੈਨ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕੰਵਲ ਜੀ ਦਾ ਸੌ ਸਾਲਾ ਜਨਮ ਦਿਨ ਉਹਦੇ ਘਰ ਢੁੱਡੀਕੇ ਮਨਾ ਆਏ ਸਾਂ ਤੇ ਇੱਕ ਲੱਖ ਰੁਪਏ ਦਾ 'ਪੰਜਾਬ ਗੌਰਵ ਪੁਰਸਕਾਰ' ਵੀ ਪ੍ਰਦਾਨ ਕਰ ਆਏ ਸਾਂ। ਮੇਰੇ ਲਈ ਸੁਭਾਗਾ ਸਮਾਂ ਸੀ ਕਿ ਪੰਜਾਬ ਆਰਟਸ ਕੌਂਸਲ ਵੱਲੋਂ ਕੰਵਲ ਜੀ ਦਾ ਸਨਮਾਨ ਪੱਤਰ ਮੈਂ ਪੜ੍ਹਿਆ ਸੀ ਦ ਸ੍ਰੋਤਿਆਂ ਸਾਹਵੇਂ। ਫਿਰ ਦੂਜਾ ਗੇੜਾ ਜਥੇਦਾਰ ਤੋਤਾ ਸਿੰਘ ਹੁਰਾਂ ਨਾਲ ਮਾਰ ਆਏ ਸਾਂ। ਜਦ ਅਸੀਂ ਦੁਪਹਿਰੇ ਕੰਵਲ ਦੇ ਵਿਹੜੇ ਵੜੇ, ਤਾਂ ਉਹ ਵਰਾਂਡੇ ਵਿਚ ਬੈਠੇ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹ ਰਹੇ ਸਨ। ਸਭ ਨੂੰ ਉਤਸ਼ਾਹ ਨਾਲ ਮਿਲੇ। ਸਿਹਤ ਕਮਜ਼ੋਰ ਪੈ ਜਾਂਦੀ ਦੀਂਹਦੀ ਸੀ ਤੇ ਆਵਾਜ਼ ਦਾ ਗੜ੍ਹਕਾ ਵੀ ਪੋਲਾ ਪੈ ਰਿਹਾ ਸੀ। ਸੁਣਦਾ ਵੀ ਉੱਚੀ ਸੀ। ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦੇਣ ਜੋਕਰੇ ਸਨ ਤੇ ਜਥੇਦਾਰ ਤੋਤਾ ਸਿੰਘ ਨੂੰ ਵਾਰ-ਵਾਰ ਪੁੱਛ ਰਹੇ ਸਨ, "ਕਿਵੇਂ ਆਏ ਓ? ਸੇਵਾ ਦੱਸੋ, ਮੈਂ ਥੁਆਡੇ ਨਾਲ ਆਂ, ਪੰਜਾਬ ਨੂੰ ਬਚਾ ਲਓ ਜੇ ਬਚਾਈਦਾ ਤਾਂ, ਪੰਜਾਬ ਤਬਾਹ ਹੋ ਚੱਲਿਐ, ਮੈਂ ਥੋਨੂੰ ਸੱਚ ਦਸਦੈਂ...ਚਾਹ ਲਿਆਓ ਵਈ ਮੁੰਡਿਓਂ?" ਲਾਗੇ ਫਿਰਦਿਆਂ ਨੂੰ ਆਖਦੇ ਨੇ ਤੇ ਚਾਹ ਆ ਜਾਂਦੀ ਹੈ। ਸਾਡੇ ਨਾਲ ਚਾਹ ਦੀਆਂ ਘੁੱਟਾਂ ਭਰਦੇ ਹਨ।
****** ******** ******
ਇਸ ਵਾਰੀ ਢੁੱਡੀਕੇ ਨਹੀਂ ਜਾ ਸਕਿਆ ਹਾਂ, ਖਬਰਾਂ ਤੇ ਫੋਟੂਆਂ ਰਾਹੀ ਸਾਰਾ ਕੁਛ ਦੇਖ-ਪੜ੍ਹ ਲਿਆ ਹੈ। ਪਿਛਲੇ ਸਾਲ ਵਾਂਗ ਕੰਵਲ ਜੀ ਇਸ ਵਾਰੀ ਆਪਣੇ ਇੱਕ ਸੌ ਸਾਲਾ ਜਨਮ ਦਿਨ ਦੇ ਸਮਾਗਮਾਂ ਵਿਚ ਆਪ ਸ਼ਮੂਲੀਅਤ ਨਹੀਂ ਕਰ ਸਕੇ ਹਨ। ਉਹਨਾਂ ਦੇ ਪੁੱਤ ਸਰਬਜੀਤ ਦਾ ਕਹਿਣਾ ਸੀ ਕਿ ਘਰ ਵਿਚ ਡਿੱਗ ਪਏ ਤੇ ਮੱਥੇ 'ਤੇ ਥੋੜੀ੍ਹ ਕੁ ਸੱਟ ਲੱਗੀ ਹੈ। ਕਦੇ ਸੁਰਤ ਵਿਚ ਹੋ ਜਾਂਦੇ ਨੇ ਤੇ ਕਦੇ ਕਮਜ਼ੋਰੀ ਮਧੋਲ ਸੁਟ੍ਹਦੀ ਹੈ। ਜਿਹੜੀ ਗੁਰਭਜਨ ਗਿੱਲ ਹੁਰਾਂ ਦੂਜੇ ਜਾਂ ਤੀਜੇ ਦਿਨ ਦੇ ਸਮਾਗਮਾਂ ਦੀ ਫੋਟੋ ਪਾਈ ਹੈ,ਫਰੀਦਕੋਟ ਦਾ ਐਮ.ਪੀ.ਮੁਹੰਮਦ ਸਦੀਕ ਤੇ ਹਲਕਾ ਵਿਧਾਇਕ ਡਾ.ਹਰਜੋਤ ਕੰਵਲ ਵੀ ਨਾਲ ਖੜ੍ਹੇ ਫੁੱਲਾਂ ਦਾ ਗੁਲਦਸਤਾ ਦੇ ਰਹੇ ਨੇ, ਉਹ ਫੋਟੋ ਸੱਚਮੁੱਚ ਉਦਾਸ ਕਰਨ ਵਾਲੀ ਹੈ ਤੇ ਕੰਵਲ ਪੂਰੀ ਤਰਾਂ ਮੁਰਝਾਇਆ ਹੋਇਆ ਹੈ। ਇਹ ਫੋਟੋ ਸੁਭ ਸੰਕੇਤ ਦੇਣ ਵਾਲੀ ਨਹੀਂ। ਖੈਰ! ਪਿੰਡ ਢੁੱਡੀ ਕੇ ਵਿਚ ਹੋਏ ਪੰਜ ਦਿਨਾਂ ਸਮਾਗਮ ਮੁੱਕ ਗਏ। ਇਹ ਖਬਰ ਵੀ ਪੜ੍ਹੀ ਕਿ ਇਸ ਵਾਰੀ ਪਿੰਡ ਵਾਸੀਆਂ ਨੇ ਕਿਸੇ ਕਾਰਨ ਇਹਨਾਂ ਸਮਾਗਮਾਂ ਵਿਚ ਹਿੱਸਾ ਨਹੀਂ ਲਿਆ, ਜਦ ਕਿ ਪਿਛਲੇ ਸਾਲ ਪੂਰੀ ਪੰਚਾਇਤ ਤੇ ਆਮ ਲੋਕ ਵੀ ਸਮਾਗਮਾਂ ਵਿਚ ਭੱਜ ਭੱਜ ਕੇ ਆਏ ਸਨ। ਇਸ ਵਾਰ ਦੇ ਕਾਰਨ ਕਦੀ ਫਿਰ ਜਾਣਾਗੇ! ਹੁਣ ਗੱਲਾਂ ਹੋਰ ਕਰਨ ਦਾ ਮੌਕਾ ਹੈ। ਟੋਰਾਂਟੋ ਬੈਠੇ ਪਿੰ: ਸਰਵਣ ਸਿੰਘ ਨੇ ਕੰਵਲ ਜੀ ਬਾਰੇ ਬੜੀ ਸੁਨੱਖੀ ਕਿਤਾਬ 'ਪੰਜਾਬੀਆਂ ਦਾ ਬਾਈ ਕੰਵਲ' ਲਿਖ ਦਿੱਤੀ, ਜੋ ਇਸ ਮੌਕੇ ਰਿਲੀਜ਼ ਵੀ ਹੋਈ। ਇਹੀ ਅਸਲੀ ਤੇ ਸੱਚਾ ਸੁੱਚਾ ਪਿਆਰ ਹੈ ਪਿਆਰਿਓ!
1 ਜੁਲਾਈ ਦੇ ਦਿਨ ਗੁਰਭਜਨ ਗਿੱਲ ਹੁਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੰਵਲ ਜੀ ਦੀ ਉਹੀ ਲੇਟਿਆਂ ਵਾਲੀ ਉਦਾਸ ਫੋਟੋ ਸੋਸ਼ਲ ਸਾਈਟਾਂ ਉਤੇ ਭੇਜ ਕੇ ਅਪੀਲ ਕੀਤੀ ਕਿ ਹਾਲਾਤ ਬਹੁਤੇ ਚੰਗੇ ਨਹੀਂ ਹਨ ਤੇ ਸਰਕਾਰ ਉਹਨਾਂ ਦੀ ਬੀਮਾਰੀ ਦੇ ਖਰਚ ਦਾ ਜ਼ਿੰਮਾਂ ਓਟੇ! ਉਹੀ ਪੋਸਟ ਮੈਂ ਮੁੱਖ ਮੰਤਰੀ ਦਫਤਰ ਦੇ ਉੱਚ ਅਧਿਕਾਰੀ ਸ੍ਰ ਗੁਰਿੰਦਰ ਸਿੰਘ ਸੋਢੀ (ਪੀ.ਸੀ. ਐਸ) ਹੁਰਾਂ ਨੂੰ ਭੇਜ ਕੇ ਨਾਲ ਫੋਨ ਵੀ ਕਰ ਦਿੱਤਾ। ਡਾ.ਸੁਰਜੀਤ ਪਾਤਰ ਤੇ ਕੌਂਸਲ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਵੀ ਆਪਣੇ ਪੱਧਰ 'ਤੇ ਕੰਵਲ ਜੀ ਦੇ ਦੋਹਤੇ ਸੁਮੇਲ ਸਿੱਧੂ ਨਾਲ ਰਾਬਤਾ ਕਰ ਕੇ ਸਾਰੇ ਹਾਲਾਤ ਜਾਣੇ ਤੇ ਗੱਲ ਅੱਗੇ ਤੋਰੀ। (ਪ੍ਰੋ ਗਿੱਲ ਹੁਰਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸਦੀਕ ਜੀ ਨੂੰ ਪੱਤਰ ਵੀ ਲਿਖੇ ਤੇ ਢੁੱਡੀ ਕੇ ਆਉਣ ਲਈ ਪ੍ਰੇਰਿਆ।) 2 ਜੁਲਾਈ ਦੀ ਸਵੇਰ ਸ੍ਰ ਸੋਢੀ ਹੁਰਾਂ ਦਾ ਮੈਨੂੰ ਫੋਨ ਆਇਆ ਕਿ ਅਸੀਂ ਮੋਗੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਕੰਵਲ ਹੁਰਾਂ ਦੇ ਪਿੰਡ ਹਾਲਾਤ ਦਾ ਜਾਇਜ਼ਾ ਲੈਣ ਘੱਲ ਰਹੇ ਹਾਂ। ਦਿਨੇ ਡੀ.ਸੀ ਸਾਹਬ ਗਏ ਤੇ ਦੁਪਿਹਰੇ ਸਰਕਾਰ ਨੂੰ ਉਨ੍ਹਾਂ ਰਿਪੋਰਟ ਕੀਤੀ। ਆਥਣੇ ਕੈਪਟਨ ਸਰਕਾਰ ਵੱਲੋਂ 5 ਲੱਖ ਦੀ ਆਰਥਿਕ ਸਹਾਇਤਾ ਦਾ ਐਲਾਨ ਹੋ ਗਿਆ ਤੇ ਬੀਮਾਰੀ ਦੇ ਇਲਾਜ ਦਾ ਮੁਫ਼ਤ ਐਲਾਨ ਵੀ। (ਵੱਡੀਆਂ ਹਸਤੀਆਂ ਵਾਸਤੇ ਇਹ ਗੱਲਾਂ ਬਹੁਤ ਛੋਟੀਆਂ ਨੇ ਪਰ ਸਮੇਂ ਦੀਆਂ ਸਰਕਾਰਾਂ ਨੂੰ ਕਰਨੀਆਂ ਬਣਦੀਆਂ ਨੇ, ਜੇ ਸਰਕਾਰ ਬਾਂਹ ਨਾ ਫੜ੍ਹੇ ਤਾਂ ਸਮਾਜ ਦਾ ਫਰਜ਼ ਬਣਦਾ ਹੈ।)
********** *********** ***********
ਅਕਾਲੀਆਂ ਨੇ ਆਪਣੇ ਪਿਆਰੇ ਕੰਵਲ ਨੂੰ ਇੱਕ ਸੌ ਇੱਕ ਸਾਲਾ 'ਤੇ ਵਧਾਈ ਦੇਣੀ ਚੰਗੀ ਨਹੀਂ ਸਮਝੀ ਸ਼ਾਇਦ। ਕਿਸੇ ਵੇਲੇ ਬਾਦਲਾਂ ਦੇ ਖਾਸਮ-ਖਾਸ ਰਹੇ ਨੇ ਕੰਵਲ ਸਾਹਿਬ! ਅਕਾਲੀ ਹੋਣ ਦਾ ਠੱਪਾ ਵੀ ਲਵਾਈ ਰੱਖਿਆ ਉਹਨਾਂ। ਼ਲਗਦਾ ਸੀ ਕਿ ਲੰਬੀ ਹਲਕੇ ਦੇ ਭੋਗਾਂ ਤੇ ਸੋਗਾਂ 'ਚੋਂ ਵਿਹਲ ਕੱਢ ਕੇ 'ਵੱਡੇ ਬਾਦਲ' ਆਪਣੇ ਯਾਰ ਪਿਆਰੇ ਕੰਵਲ ਨੂੰ ਫੁੱਲਾਂ ਦਾ ਗੁਲਦਸਤਾ ਦੇਣ ਢੁੱਡੀ ਕੇ ਜਾਣਗੇ, ਪਰ ਇੱਕ ਨਿੱਕੀ ਖਬਰ ਰਾਹੀਂ ਵੀ ਵਧਾਈ ਨਹੀਂ ਦੇ ਸਕੇ ਹਨ। ਹੋਰ ਤਾਂ ਹੋਰ, ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਦੇ ਵੀ ਸਰਪ੍ਰਸਤ ਰਹੇ ਨੇ ਕੰਵਲ ਜੀ ਤੇ ਮਨਪ੍ਰੀਤ ਨੇ ਜਾਣਾ ਤਾਂ ਕੀ ਸੀ, ਟਵਿੱਟਰ 'ਤੇ ਵੀ ਦੋ ਸ਼ਬਦ ਵਧਾਈ ਦੇ ਨਹੀਂ ਲਿਖ ਸਕਿਆ! ਇਹ ਨੇ ਸਮੇਂ ਦੀਆਂ ਸਰਕਾਰਾਂ ਤੇ ਸਾਬਕਾ ਸਰਕਾਰਾਂ, ਮੈਂ ਘੋਲ ਘੋਲ ਜਿੰਦੜੀ ਵਾਰਾਂ...! ਮੈਂ ਆਪਣੇ ਇਸ ਕਾਲਮ ਦਾ ਨਾਂ ' ਕੰਵਲ ਦੇ ਕੋਲ ਕੋਲ ਦੀ' ਇਸ ਵਾਸਤੇ ਰੱਖਿਆ ਹੈ ਕਿਉਂਕਿ ਇਹਨਾਂ ਦੇ ਕੋਲ ਕੋਲ ਦੀ ਲੰਘਣ-ਟੱਪਣ, ਬਹਿਣ-ਖਲੋਣ ਦਾ ਮੌਕਾ ਮਿਲਦਾ ਰਿਹਾ ਹੈ। ਉਹ ਮੌਕਾ ਵੱਡੇ ਵੇਲੇ ਤੇ ਵਧੇਰੇ ਸ਼ਬਦਾਂ ਦੀ ਮੰਗ ਕਰਦਾ ਹੈ। ਕਦੇ ਫਿਰ ਸਹੀ। ਫਿਲਹਾਲ, ਇੱਕ ਸੌ ਇੱਕ ਸਾਲਾ ਸਾਹਿਤਕ ਬਾਬੇ ਦੀ ਤੰਦਰੁਸਤੀ ਲਈ ਦੁਆ ਕਰੀਏ! 94174-21700